20.2 C
Jalandhar
Saturday, December 21, 2024
spot_img

ਜਾਸੂਸੀ ਧਮਾਕਾ

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਆਈਫੋਨਾਂ ਨਾਲ ‘ਸਰਕਾਰੀ ਹੈਕਰਾਂ’ ਨੇ ਛੇੜਛਾੜ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਸਭ ਅਡਾਨੀ ਮਾਮਲੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾ ਇਹ ਵੀ ਦਾਅਵਾ ਕੀਤਾ ਕਿ ਗੌਤਮ ਅਡਾਨੀ ਦੇਸ਼ ’ਚ ਪਹਿਲੇ ਨੰਬਰ ’ਤੇ ਹੈ ਅਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨੰਬਰ ਆਉਂਦਾ ਹੈ। ਰਾਹੁਲ ਨੇ ਇਹ ਵੀ ਕਿਹਾ ਕਿ ਜਦੋਂ ਵੀ ਅਡਾਨੀ ਨਾਲ ਜੁੜਿਆ ਮਾਮਲਾ ਚੁੱਕਿਆ ਜਾਂਦਾ ਹੈ ਤਾਂ ਏਜੰਸੀਆਂ ਜਾਸੂਸੀ ਕਰਨ ਲੱਗਦੀਆਂ ਹਨ। ਉਨ੍ਹਾ ਪੁਰਾਣੀ ਕਹਾਣੀ ਦਾ ਜ਼ਿਕਰ ਕਰਦਿਆਂ ਕਿਹਾ-ਨਰਿੰਦਰ ਮੋਦੀ ਜੀ ਦੀ ਆਤਮਾ ਅਡਾਨੀ ’ਚ ਹੈ, ਤੋਤਾ ਕਿਤੇ ਬੈਠਾ ਹੈ, ਰਾਜਾ ਕਿਤੇ ਹੋਰ ਬੈਠਾ ਹੈ। ਅਸਲੀਅਤ ਇਹ ਹੈ ਕਿ ਸੱਤਾ ਅਡਾਨੀ ਜੀ ਦੇ ਹੱਥ ’ਚ ਹੈ। ਉਨ੍ਹਾ ਦਾਅਵਾ ਕੀਤਾ ਕਿ ਉਨ੍ਹਾ ਦੇ ਦਫਤਰ ਦੇ ਕਈ ਵਿਅਕਤੀਆਂ, ਕੇ ਸੀ ਵੇਣੂਗੋਪਾਲ, ਪਵਨ ਖੇੜਾ ਸਣੇ ਕਾਂਗਰਸ ਦੇ ਕੁੱਝ ਨੇਤਾਵਾਂ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ, ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਅਤੇ ਕੁਝ ਹੋਰ ਵਿਰੋਧੀ ਨੇਤਾਵਾਂ ਦੇ ਆਈਫੋਨ ‘ਸਰਕਾਰੀ ਹੈਕਰਾਂ’ ਵੱਲੋਂ ਨਿਸ਼ਾਨਾ ਬਣਾਏ ਗਏ ਹਨ। ਕੇਂਦਰੀ ਸੰਚਾਰ, ਇਲੈਕਟ੍ਰਾਨਿਕ ਤੇ ਸੂਚਨਾ ਟੈਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਹੈ ਕਿ ਸਰਕਾਰ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਕਾਰ ਮਾਮਲੇ ਦੀ ਤਹਿ ਤੱਕ ਜਾਵੇਗੀ। ਐਪਲ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਮੰਤਰੀ ਨੇ ਇਹ ਖਾਸ ਗੱਲ ਕਹੀ ਹੈ ਕਿ ਐਪਲ ਨੇ ਚਿਤਾਵਨੀ ਸਿਰਫ ਭਾਰਤ ਦੇ ਮਾਮਲੇ ਵਿਚ ਨਹੀਂ ਦਿੱਤੀ, ਉਸ ਨੇ ਡੇਢ ਸੌ ਦੇਸ਼ਾਂ ਲਈ ਇਹ ਚਿਤਾਵਨੀ ਜਾਰੀ ਕੀਤੀ ਹੈ। ਉਸ ਨੇ ਅੰਦਾਜ਼ੇ ਨਾਲ ਅਲਰਟ ਕੀਤਾ ਹੈ। ਕਿਸੇ ਖਾਸ ਮਾਮਲੇ ਦਾ ਜ਼ਿਕਰ ਨਹੀਂ ਕੀਤਾ।
ਭਾਜਪਾ ਨੇ ਕਿਹਾ ਹੈ ਕਿ ਐਪਲ ਨੂੰ ਵਿਰੋਧੀ ਧਿਰ ਦੇ ਕੁਝ ਨੇਤਾਵਾਂ ਸਮੇਤ ਕਈ ਵਿਅਕਤੀਆਂ ਦੇ ਆਈਫੋਨ ’ਤੇ ਭੇਜੇ ‘ਸਟੇਟ ਸਪਾਂਸਰਡ ਹਮਲਾਵਰਾਂ’ ਸੰਬੰਧੀ ਅਲਰਟ ’ਤੇ ਸਪੱਸ਼ਟੀਕਰਨ ਦੇਣਾ ਹੋਵੇਗਾ। ਪਾਰਟੀ ਨੇ ਇਸ ਸੰਬੰਧੀ ਸਰਕਾਰ ’ਤੇ ਲਾਏ ਜਾ ਰਹੇ ਦੋਸ਼ਾਂ ਨੂੰ ‘ਬੇਬੁਨਿਆਦ ਤੇ ਗਲਤ’ ਕਰਾਰ ਦਿੱਤਾ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਸੂਚਨਾ ਤੇ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਪਾਰਟੀ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਸਰਕਾਰ ’ਤੇ ਦੋਸ਼ ਲਗਾਉਣ ਦੀ ਬਜਾਏ ਐਪਲ ਕੋਲ ਮਾਮਲਾ ਉਠਾਉਣਾ ਚਾਹੀਦਾ ਹੈ ਅਤੇ ਐੱਫ ਆਈ ਆਰ ਦਰਜ ਕਰਾਉਣੀ ਚਾਹੀਦੀ ਹੈ।
ਐਪਲ ਨੇ ਇਨ੍ਹਾਂ ਨੂੰ ਅਲਰਟ ਕੀਤਾ ਹੈ : ਸੀਤਾ ਰਾਮ ਯੇਚੁਰੀ ਜਨਰਲ ਸਕੱਤਰ ਸੀ ਪੀ ਆਈ (ਐੱਮ), ਟੀ ਐੱਮ ਸੀ ਆਗੂ ਮਹੂਆ ਮੋਇਤਰਾ, ਸ਼ਿਵ ਸੈਨਾ ਸਾਂਸਦ ਪਿ੍ਰਅੰਕਾ ਚਤੁਰਵੇਦੀ, ਆਪ ਸਾਂਸਦ ਰਾਘਵ ਚੱਢਾ, ਕਾਂਗਰਸ ਸਾਂਸਦ ਸ਼ਸ਼ੀ ਥਰੂਰ, ਏ ਆਈ ਐੱਮ ਆਈ ਐੱਮ ਸਾਂਸਦ ਅਸਦੂਦੀਨ ਓਵੈਸੀ, ਕਾਂਗਰਸ ਤਰਜਮਾਨ ਪਵਨ ਖੇੜਾ, ਸਪਾ ਪ੍ਰਧਾਨ ਅਖਿਲੇਸ਼ ਯਾਦਵ, ‘ਦੀ ਵਾਇਰ’ ਦੇ ਬਾਨੀ ਸੰਪਾਦਕ ਸਿਧਾਰਥ ਵਰਧਰਾਜਨ, ਡੈੱਕਨ ਕ੍ਰਾਨੀਕਲ ਦੇ ਰੈਜ਼ੀਡੈਂਟ ਐਡੀਟਰ ਸ੍ਰੀਰਾਮ ਕੱਰੀ, ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਮੁਖੀ ਸਮੀਰ ਸਰਨ, ਆਜ਼ਾਦ ਪੱਤਰਕਾਰ ਰੇਵਤੀ, ਐੱਨ ਸੀ ਪੀ ਸਾਂਸਦ ਸੁਪਿ੍ਰਆ ਸੂਲੇ, ਰਾਹੁਲ ਗਾਂਧੀ ਦੇ ਦਫਤਰ ਵਿਚ ਕੰਮ ਕਰਨ ਵਾਲੇ ਕਈ ਲੋਕ, ਸਾਂਸਦ ਤੇ ਤਿਲੰਗਾਨਾ ਕਾਂਗਰਸ ਦੇ ਪ੍ਰਧਾਨ ਰੇਵੰਤ ਰੈਡੀ, ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਤੇ ਕਾਂਗਰਸ ਆਗੂ ਟੀ ਐੱਸ ਸਿੰਘਦੇਵ, ਓ ਸੀ ਸੀ ਆਰ ਪੀ ਦੇ ਪੱਤਰਕਾਰ ਰਵੀ ਨਾਇਰ, ਤਿਲੰਗਾਨਾ ਦੇ ਮੰਤਰੀ ਤੇ ਬੀ ਆਰ ਐੱਸ ਆਗੂ ਕੇ ਟੀ ਰਾਮਾਰਾਓ ਤੇ ਓ ਸੀ ਸੀ ਆਰ ਪੀ ਦੇ ਦੱਖਣੀ ਏਸ਼ੀਆ ਦੇ ਖੇਤਰੀ ਸੰਪਾਦਕ ਆਨੰਦ ਮੰਗਨਾਲੇ। ਦਿਲਚਸਪ ਗੱਲ ਹੈ ਕਿ ਭਾਜਪਾ ਦੇ ਕਿਸੇ ਆਗੂ ਨੂੰ ਐਪਲ ਦਾ ਅਲਰਟ ਨਹੀਂ ਮਿਲਿਆ।
ਕਾਂਗਰਸ ਵੱਲੋਂ ਆਈਫੋਨ ਹੈਕਿੰਗ ਦੇ ਲਗਾਏ ਦੋਸ਼ਾਂ ਤੋਂ ਬਾਅਦ ਐਪਲ ਨੇ ਕਿਹਾ ਹੈ ਕਿ ਉਹ ਇਸ ਬਾਰੇ ਜਾਣਕਾਰੀ ਨਹੀਂ ਦੇ ਸਕਦਾ ਕਿ ਕਿਹੜੇ ਖਤਰੇ ਕਾਰਨ ਚਿਤਾਵਨੀ ਜਾਰੀ ਕੀਤੀ ਗਈ ਹੈ, ਕਿਉਂਕਿ ਇਸ ਨਾਲ ‘ਸਰਕਾਰੀ ਹੈਕਰਾਂ’ ਨੂੰ ਬਚਣ ’ਚ ਮਦਦ ਮਿਲ ਸਕਦੀ ਹੈ। ਕੰਪਨੀ ਨੇ ਕਿਹਾ ਕਿ ਚਿਤਾਵਨੀ ਲਈ ਕਿਸੇ ਖਾਸ ਸਰਕਾਰੀ ਹੈਕਰ ਨੂੰ ਜ਼ਿੰਮੇਵਾਰ ਕਰਾਰ ਨਹੀਂ ਦੇ ਸਕਦੇ। ਹੈਕਰ ਆਰਥਿਕ ਅਤੇ ਤਕਨੀਕੀ ਤੌਰ ’ਤੇ ਪ੍ਰਭਾਵਸ਼ਾਲੀ ਹੈ ਤੇ ਅਕਸਰ ਹਮਲੇ ਦਾ ਪੂਰੀ ਤੌਰ ’ਤੇ ਪਤਾ ਨਹੀਂ ਲੱਗ ਸਕਦਾ।

Related Articles

LEAVE A REPLY

Please enter your comment!
Please enter your name here

Latest Articles