ਨੂਰਪੁਰ ਬੇਦੀ (ਸੁਰਜੀਤ ਸਿੰਘ ਕਾਹਲੋਂ)
ਪਿੰਡ ਕਰਤਾਰਪੁਰ ਤੋਂ ਕਾਂਗਰਸ ਦੀ ਬਲਾਕ ਸੰਮਤੀ ਮੈਂਬਰ ਭੋਲੀ ਦੇਵੀ ਦੇ ਪਤੀ ਕਰਮ ਚੰਦ ਪੁੱਤਰ ਸਾਧੂ ਰਾਮ ਅਤੇ ਦਰਾਣੀ ਗੀਤਾ, ਜੋ ਕਿ ਰਿਸ਼ਤੇ ਵਿਚ ਉਸ ਦੀ ਭੈਣ ਵੀ ਸੀ, ਨੂੰ ਸੋਮਵਾਰ ਰਾਤ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਹਮਲਾਵਰਾਂ ਨੇ ਰਾਤ ਕਰੀਬ 10 ਵਜੇ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਗੋਲੀਆਂ ਚਲਾਈਆਂ। ਹਮਲੇ ਵਿਚ ਭੋਲੀ ਦੇਵੀ ਦਾ ਬੇਟਾ ਸੰਦੀਪ ਕੁਮਾਰ ਜ਼ਖਮੀ ਹੋ ਗਿਆ, ਜਿਸ ਨੂੰ ਪੀ ਜੀ ਆਈ ਚੰਡੀਗੜ੍ਹ ਦਾਖਲ ਕਰਾਇਆ ਗਿਆ ਹੈ।
ਰਾਜ ਕੁਮਾਰ ਨੇ ਦੱਸਿਆ ਕਿ ਅਸੀਂ ਇਕ ਹੀ ਘਰ ’ਚ ਚਾਰੇ ਭਰਾ ਰਹਿੰਦੇ ਹਾਂ। ਰਾਤ ਕਰੀਬ 10 ਵਜੇ ਮੇਰੇ ਭਰਾ ਕਰਮ ਚੰਦ ਨੇ ਦੱਸਿਆ ਕਿ ਉਸ ਦੇ ਪੁੱਤਰ ਸੰਦੀਪ ਕੁਮਾਰ ਨੂੰ ਰਵੀ ਪੁੱਤਰ ਹਰੀ ਰਾਮ ਫੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਅਸੀਂ ਉਸ ਨੂੰ ਦਿਲਾਸਾ ਦਿੱਤਾ ਕਿ ਸਵੇਰੇ ਬੈਠ ਕੇ ਗੱਲ ਕਰਦੇ ਹਾਂ। ਏਨੇ ਨੂੰ ਰਾਤ ਦੇ ਕਰੀਬ 10 ਵਜੇ ਧਮਕੀਆਂ ਦੇਣ ਵਾਲਾ ਨੌਜਵਾਨ ਤੇ ਉਸ ਦੇ ਹੋਰ ਸਾਥੀ ਇਕਦਮ ਆ ਕੇ ਲਲਕਾਰੇ ਮਾਰਨ ਲੱਗੇ। ਰਵੀ ਕੁਮਾਰ ਦੇ ਹੱਥ ’ਚ ਰਿਵਾਲਵਰ ਤੇ ਬਾਕੀਆਂ ਦੇ ਹੱਥਾਂ ’ਚ ਕਿਰਪਾਨਾਂ ਤੇ ਡੰਡੇ ਸਨ। ਰਵੀ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਇਕ ਗੋਲੀ ਮੇਰੀ ਭਰਜਾਈ ਗੀਤਾ ਦੇਵੀ ਪਤਨੀ ਸਵਰਗੀ ਧਰਮਪਾਲ ਦੇ ਪੇਟ ’ਚ ਲੱਗੀ ਤੇ ਇਕ ਮੇਰੇ ਭਰਾ ਕਰਮ ਚੰਦ ਦੇ ਲੱਕ ’ਚ ਲੱਗੀ। ਇਕ ਗੋਲੀ ਮੇਰੇ ਭਤੀਜੇ ਸੰਦੀਪ ਕੁਮਾਰ ਦੇ ਮੂੰਹ ’ਤੇ ਲੱਗੀ। ਇਕ ਮੇਰੀ ਖੱਬੀ ਗੱਲ੍ਹ ਨਾਲ ਖਹਿ ਕੇ ਨਿਕਲ ਗਈ। ਇਕਦਮ ਗੋਲੀਆਂ ਤੇ ਚੀਕ-ਚਿਹਾੜੇ ਦੀਆਂ ਆਵਾਜ਼ਾਂ ਸੁਣ ਕੇ ਲੋਕ ਇਕੱਠੇ ਹੋ ਗਏ ਤੇ ਹਮਲਾਵਰ ਉੱਥੋਂ ਭੱਜ ਗਏ। ਮੈਂ ਤਿੰਨੋਂ ਜ਼ਖਮੀਆਂ ਨੂੰ ਪਰਵਾਰਕ ਮੈਂਬਰਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਸਿੰਘਪੁਰ ਲੈ ਗਿਆ, ਜਿੱਥੇ ਡਾਕਟਰਾਂ ਨੇ ਕਰਮ ਚੰਦ ਤੇ ਗੀਤਾ ਦੇਵੀ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ। ਜ਼ਖਮੀ ਭਤੀਜੇ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ। ਪੁਲਸ ਨੇ ਰਵੀ ਕੁਮਾਰ ਪੁੱਤਰ ਹਰੀ ਰਾਮ, ਕਾਲਾ ਪੁੱਤਰ ਹਰੀ ਰਾਮ, ਜਸਵੰਤ ਪੁੱਤਰ ਰੈਤ ਰਾਮ, ਰੋਹਿਤ ਪੁੱਤਰ ਜੈ ਚੰਦ, ਨੀਰਜ ਪੁੱਤਰ ਜੈ ਚੰਦ, ਪੰਪਾ ਪੁੱਤਰ ਰੋਸ਼ਨ ਲਾਲ, ਲਵਲੀ ਪੁੱਤਰ ਚਮਨ ਲਾਲ, ਧਰਮਪਾਲ ਪੁੱਤਰ ਸਰੂਪ ਰਾਮ, ਜੈ ਚੰਦ ਪੁੱਤਰ ਸੰਤੂ ਸਾਰੇ ਵਾਸੀ ਕਰਤਾਰਪੁਰ ਅਤੇ 10 ਤੋਂ 15 ਨਾਮਾਲੂਮ ਵਿਅਕਤੀਆਂ ਖਿਲਾਫ ਆਈ ਪੀ ਸੀ ਦੀ ਧਾਰਾ 302, 307, 450, 506, 148, 149, 120-ਬੀ ਤੇ ਆਰਮਜ਼ ਐਕਟ 1959-25 ਤਹਿਤ ਮਾਮਲਾ ਦਰਜ ਕਰ ਲਿਆ ਹੈ।