27.5 C
Jalandhar
Friday, October 18, 2024
spot_img

ਦੂਜੇ ਦਿਨ ਬੁਲੰਦੀਆਂ ਛੋਹ ਗਿਆ ‘ਮੇਲਾ ਗ਼ਦਰੀ ਬਾਬਿਆਂ ਦਾ’

ਜਲੰਧਰ (ਕੇਸਰ)
ਗ਼ਦਰੀ ਬਾਬਿਆਂ ਦੇ ਮੇਲੇ ਦੇ ਦੂਜੇ ਦਿਨ ਮੰਗਲਵਾਰ ਕੁਇਜ਼, ਪੇਂਟਿੰਗ ਮੁਕਾਬਲਾ, ਵਿਚਾਰ-ਚਰਚਾ ਦਾ ਕੌਮੀ ਸੰਮੇਲਨ, ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾ. ਸੁਰਜੀਤ ਪਾਤਰ, ਸਤਨਾਮ ਮਾਣਕ, ਗੁਰਪ੍ਰੀਤ ਬਠਿੰਡਾ, ਗੁਰਦੀਸ਼, ਰਵਿੰਦਰ ਰਵੀ, ਇੰਦਰਜੀਤ ਅਤੇ ਰਣਜੋਧ ਸਿੰਘ ਹਾਜ਼ਰ ਸਨ। ਪੁਸਤਕ ਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ ਦੇ ਰੰਗਾਂ ਨੇ ਮੇਲੇ ਨੂੰ ਬਹੁਰੰਗਾਂ ’ਚ ਰੰਗ ਦਿੱਤਾ। ਸ਼ਾਮ ਦੇ ਸਮਾਗਮਾਂ ਦਾ ਆਗਾਜ਼ ਸ਼ਮ੍ਹਾ ਰੌਸ਼ਨ ਕਰਨ ਨਾਲ ਹੋਇਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸੱਭਿਆਚਾਰ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਡਾ. ਪਰਮਿੰਦਰ, ਕੁਲਬੀਰ ਸਿੰਘ ਸੰਘੇੜਾ, ਮੰਗਤ ਰਾਮ ਪਾਸਲਾ, ਹਰਵਿੰਦਰ ਭੰਡਾਲ, ਪ੍ਰਗਟ ਸਿੰਘ ਜਾਮਾਰਾਏ, �ਿਸ਼ਨਾ, ਹਰਮੇਸ਼ ਮਾਲੜੀ, ਹਰਦੇਵ ਅਰਸ਼ੀ, ਜਗਰੂਪ, ਰਮਿੰਦਰ ਪਟਿਆਲਾ, ਬਲਵੀਰ ਕੌਰ ਬੰਡਾਲਾ, ਦਰਸ਼ਨ ਖਟਕੜ, ਦੇਵਰਾਜ ਨਈਅਰ, ਵਿਜੈ ਬੰਬੇਲੀ, ਡਾ. ਸੈਲੇਸ਼, ਸੁਖਦੇਵ ਸਿਰਸਾ, ਐਡਵੋਕੇਟ ਰਾਜਿੰਦਰ ਮੰਡ ਅਤੇ ਪ੍ਰੋ. ਤੇਜਿੰਦਰ ਵਿਰਲੀ ਵੀ ਹਾਜ਼ਰ ਸਨ।
ਕੁਇਜ਼ ਮੁਕਾਬਲੇ ਵਿੱਚ 30 ਟੀਮਾਂ ਦੇ 100 ਪ੍ਰਤੀਯੋਗੀਆਂ ਨੇ ਭਾਗ ਲਿਆ। ਮੁੱਢਲੀ ਪ੍ਰੀਖਿਆ ਵਿਚੋਂ ਜੇਤੂ ਉਪਰਲੀਆਂ ਪੰਜ ਟੀਮਾਂ ਵਿੱਚ ਫਸਵਾਂ ਮੁਕਾਬਲਾ ਹੋਇਆ। ‘ਗ਼ਦਰੀ ਵੀਰਾਂਗਣਾਂ ਬੀਬੀ ਗੁਲਾਬ ਕੌਰ’ ਲੇਖਕ ਚਰੰਜੀ ਲਾਲ ਕੰਗਣੀਵਾਲ ਦੀ ਪੁਸਤਕ ’ਤੇ ਸੁਆਲ-ਜਵਾਬ ਹੋਏ। ਇਸ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਗੁਰੂ ਹਰਗੋਬਿੰਦ ਪਬਲਿਕ ਸੀ. ਸੈਕ. ਸਕੂਲ ਜੌੜਕੀਆਂ (ਮਾਨਸਾ), ਐੱਸ ਟੀ ਆਰ ਟੀ ਡੀ ਏ ਵੀ ਸਕੂਲ ਬਿਲਗਾ ਅਤੇ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਸ਼ੇਖੂਪੁਰ (ਡਾਈਟ) ਨੇ ਪ੍ਰਾਪਤ ਕੀਤਾ। ਜੌੜਕੀਆਂ ਦੀ ਹੀ ਇੱਕ ਹੋਰ ਟੀਮ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਗਿਆ। ਕੁਇਜ਼ ਮੁਕਾਬਲੇ ਦਾ ਮੰਚ ਸੰਚਾਲਨ ਹਰਵਿੰਦਰ ਭੰਡਾਲ ਨੇ ਕੀਤਾ।
ਪੇਂਟਿੰਗ ਮੁਕਾਬਲੇ ਦੇ ਸੀਨੀਅਰ ਗਰੁੱਪ ਵਿੱਚ ਪਹਿਲਾ ਸਥਾਨ ਸੁਖਰਾਜਬੀਰ ਸਿੰਘ (ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ), ਦੂਜਾ ਸਥਾਨ ਅਭੀਗਿਆਨ (ਲਾਲਾ ਜਗਤ ਨਰਾਇਣ ਡੀ ਏ ਵੀ ਮਾਡਲ ਸਕੂਲ) ਅਤੇ ਤੀਜਾ ਸਥਾਨ ਪ੍ਰਭਜੋਤ (ਲਾਇਲਪੁਰ ਖਾਲਸਾ ਕਾਲਜ, ਜਲੰਧਰ) ਨੇ ਪ੍ਰਾਪਤ ਕੀਤਾ।
ਚਿਤਰਕਲਾ ਦੇ ਜੂਨੀਅਰ ਗਰੁੱਪ ਵਿੱਚ ਪਹਿਲਾ ਸਥਾਨ ਅਭੀਸ਼ੇਕ ਕੁਮਾਰ (ਲਾਇਲਪੁਰ ਖਾਲਸਾ ਕਾਲਜ, ਜਲੰਧਰ), ਦੂਜਾ ਸਥਾਨ ਅੰਕਿਤ (ਲਾਲਾ ਜਗਤ ਨਰਾਇਣ ਡੀ ਏ ਵੀ ਮਾਡਲ ਸਕੂਲ) ਅਤੇ ਤੀਸਰਾ ਸਥਾਨ ਹਰਮਨ ਕੁਮਾਰ (ਐੱਸ ਆਰ ਟੀ ਡੀ ਏ ਵੀ ਪਬਲਿਕ ਸਕੂਲ, ਬਿਲਗਾ) ਨੇ ਪ੍ਰਾਪਤ ਕੀਤਾ।
ਚਿਤਰਕਲਾ ਦੇ ਸਬ-ਜੂਨੀਅਰ ਗਰੁੱਪ ਵਿੱਚ ਪਹਿਲਾ ਸਥਾਨ ਵੰਸ਼ਿਕਾ (ਲਾਲਾ ਜਗਤ ਨਰਾਇਣ ਡੀ ਏ ਵੀ ਮਾਡਲ ਸਕੂਲ), ਦੂਜਾ ਸਥਾਨ ਪਲਕ (ਗੀਤਾ ਮੰਦਰ ਮੈਮੋਰੀਅਲ ਸਕੂਲ) ਅਤੇ ਤੀਜਾ ਸਥਾਨ ਆਂਚਲ (ਗੀਤਾ ਮੰਦਰ ਮੈਮੋਰੀਅਲ ਸਕੂਲ) ਨੇ ਪ੍ਰਾਪਤ ਕੀਤਾ।
ਜੇਤੂਆਂ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਇਨਾਮ-ਸਨਮਾਨ ਨਾਲ ਨਿਵਾਜਿਆ ਗਿਆ। ਇਸ ਮੌਕੇ ਪੇਂਟਿੰਗ ਮੁਕਾਬਲੇ ਦੇ ਗੁਰਦੀਸ਼ ਜਲੰਧਰ, ਇੰਦਰਜੀਤ, ਮੰਜ਼ਿਲ ਸਮੇਤ ਗੁਰਪ੍ਰੀਤ ਬਠਿੰਡਾ, ਪੇਂਟਿੰਗ ਮੁਕਾਬਲਾ ਦੇ ਕਨਵੀਨਰ ਡਾ. ਸੈਲੇਸ਼, ਸਹਿਯੋਗੀ ਵਿਜੈ ਬੰਬੇਲੀ ਸ਼ਾਮਲ ਸਨ। ਡਾ. ਸੈਲੇਸ਼ ਦੀ ਮੰਚ ਸੰਚਾਲਨ ’ਚ ਇਨਾਮ-ਸਨਮਾਨ ਸਮਾਰੋਹ ਤੋਂ ਪਹਿਲਾਂ ਹੋਈ ਵਿਗਿਆਨਕ ਵਿਚਾਰ-ਚਰਚਾ ਮੌਕੇ ਮੁੱਖ ਵਕਤਾ ਵਜੋਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਨਰਲ ਸਕੱਤਰ ਰਾਜਿੰਦਰ ਭਦੌੜ ਨੇ ਵਿਗਿਆਨਕ ਸੋਚ ਨੂੰ ਚੁਣੌਤੀਆਂ ਅਤੇ ਸਮੇਂ ਦੇ ਫ਼ਰਜ਼ ਪਹਿਚਾਨਣ ਸੰਬੰਧੀ ਚਰਚਾ ਕੀਤੀ। ਜੱਜਾਂ ਵੱਲੋਂ ਗੁਰਦੀਸ਼ ਨੇ ਵਿਚਾਰ ਸਾਂਝੇ ਕੀਤੇ।
ਵਿਚਾਰ-ਚਰਚਾ ’ਚ ਮੁੱਖ ਵਕਤਾ ਤੀਸਤਾ ਸੀਤਲਵਾੜ ਅਤੇ ਵਿਨੀਤ ਤਿਵਾੜੀ ਨੇ ਸਮੇਂ ਦੀਆਂ ਚੁਣੌਤੀਆ ਉਘਾੜੀਆਂ। ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਦੁਆਰਾ ਸੁਆਗਤ ਉਪਰੰਤ ਡਾ. ਸੁਖਦੇਵ ਸਿੰਘ ਸਿਰਸਾ ਨੇ ਦੋਵਾਂ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ। ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਡਾ. ਪਰਮਿੰਦਰ ਨੇ ਵਿਚਾਰ-ਚਰਚਾ ਦਾ ਉਦੇਸ਼ ਉਘਾੜਿਆ।
ਵਿਚਾਰ-ਚਰਚਾ ’ਚ ਤੀਸਤਾ ਸੀਤਲਵਾੜ ਨੇ ਹੱਕ, ਸੱਚ ਦੀ ਆਵਾਜ਼ ਬੁਲੰਦ ਕਰਨਾ ਸਮੇਂ ਦੀ ਲੋੜ ਨੂੰ ਜ਼ਰੂਰੀ ਦੱਸਿਆ। ਤੀਸਤਾ ਸੀਤਲਵਾੜ ਨੇ ਵਿਮਲਾ ਡਾਂਗ ਜਿਹੀਆਂ ਪੰਜਾਬ ਦੀਆਂ ਜੁਝਾਰੂ ਔਰਤਾਂ, ਗ਼ਦਰੀ ਬਾਬਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੇ ਇਤਿਹਾਸ ਦੀ ਨਵ-ਸਿਰਜਣਾ ਕੀਤੀ ਹੈ।
ਉਨ੍ਹਾ ਕਿਹਾ ਕਿ ਦੇਸ਼ ਅਤੇ ਦੁਨੀਆਂ ਅੱਜ ਜਿੰਨੇ ਮੁਸ਼ਕਲ ਦੌਰ ਵਿੱਚ ਹੈ। ਇਸ ਦੌਰ ਵਿੱਚ ਕਾਨੂੰਨ ਅਤੇ ਪੱਤਰਕਾਰੀ ਸਭ ਤੋਂ ਖ਼ਤਰਨਾਕ ਦੌਰ ਵਿੱਚ ਹਨ ਅਤੇ ਇਹ ਆਪਸ ਵਿੱਚ ਜੁੜ ਹੋਏ ਸੁਆਲ ਹਨ। ਇਹ ਹੁਣ ਯੂ ਏ ਪੀ ਏ ਦਾ ਰੂਪ ਅਖ਼ਤਿਆਰ ਕਰ ਚੁੱਕੇ ਹਨ। ਇਹ ਕਾਨੂੰਨ ਅੱਤਵਾਦ ਦੇ ਖਿਲਾਫ਼ ਨਾ ਹੋ ਕੇ ਜਨਤਾ ਦੇ ਹਰ ਤਰ੍ਹਾਂ ਦੇ ਵਿਰੋਧ, ਪ੍ਰਦਰਸ਼ਨ ਅਤੇ ਪ੍ਰਤੀਰੋਧ ਦੇ ਖਿਲਾਫ਼ ਵਰਤਿਆ ਜਾ ਰਿਹਾ ਹੈ।
ਉਨ੍ਹਾ ਕਿਹਾ ਕਿ ਘੱਟ ਗਿਣਤੀਆਂ, ਆਦਿਵਾਸੀਆਂ ਦੇ ਹਿੱਤਾਂ ਨੂੰ ਦਰੜ ਕੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਕੀਤੀ ਜਾ ਰਹੀ ਹੈ। ਲੋਕਾਂ ਦੀ ਲੜਾਈ ਵਿੱਚ ਪੰਜਾਬ ਹਮੇਸ਼ਾ ਮੋਹਰੀ ਰਿਹਾ ਹੈ। ਤੀਸਤਾ ਸੀਤਲਵਾੜ ਨੇ ਸਮਾਜ ਦੇ ਸਭਨਾਂ ਤਬਕਿਆਂ ਖਾਸਕਰ ਵਕੀਲਾਂ ਨੂੰ ਸੱਦਾ ਦਿੱਤਾ ਕਿ ਉਹ ਤਾਨਾਸ਼ਾਹ, ਲੋਕ ਵਿਰੋਧੀ ਤਾਕਤਾਂ ਦੇ ਖਿਲਾਫ਼ ਖੁੱਲ੍ਹ ਕੇ ਅੱਗੇ ਆਉਣ। ਉਹਨਾ ਕਿਹਾ ਕਿ ਹੁਣ ਖਾਮੋਸ਼ੀ ਨੂੰ ਹਰ ਹਾਲਤ ਵਿੱਚ ਤੋੜਿਆ ਜਾਵੇ, ਕਿਉਂਕਿ ਖਾਮੋਸ਼ੀ ਖ਼ਤਰਨਾਕ ਹੁੰਦੀ ਹੈ। ਮੁਸ਼ਕਲ ਦੌਰ ਨੂੰ ਲੜਾਈ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਇਹ ਉਮੀਦ ਬਣੀ ਰਹੇਗੀ।
ਦੂਜੇ ਵਕਤਾ ਵਿਨੀਤ ਤਿਵਾੜੀ ਨੇ ਭਗਤ ਸਿੰਘ, ਊਧਮ ਸਿੰਘ, ਸੈਫੂਦੀਨ ਕਿਚਲੂ, ਡਾ. ਸਤਪਾਲ ਤੇ ਪਾਸ਼ ਦੇ ਹਵਾਲੇ ਨਾਲ ਕਿਹਾ ਕਿ ਇਹਨਾਂ ਤੋਂ ਪ੍ਰੇਰਣਾ ਲੈਂਦਿਆਂ ਅੱਜ ਹੋਰ ਸੁਚੇਤ ਹੋਣ ਦੀ ਲੋੜ ਹੈ। ਉਹਨਾ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਅਤੇ ਕਿਸਾਨ ਅੰਦੋਲਨ ਸਾਡਾ ਪ੍ਰੇਰਣਾ ਸਰੋਤ ਹੈ। ਉਹਨਾ ਕਿਹਾ ਕਿ ਨਾਕਾਮੀਆਂ ਤੋਂ ਬਾਅਦ ਹੀ ਜਿੱਤ ਹਾਸਲ ਹੁੰਦੀ ਹੈ। ਕਿਸਾਨੀ ਜਿੱਤ ਨੂੰ ਚੋਰਮੋਰੀਆਂ ਰਾਹੀਂ ਖ਼ਤਮ ਕਰਨ ਦੇ ਮਨਸੂਬੇ ਜਾਰੀ ਹਨ।
ਵਿਨੀਤ ਤਿਵਾੜੀ ਨੇ ਬਦਲਦੀ ਦੁਨੀਆ ਨੂੰ ਸਪਸ਼ਟ ਕਰਦਿਆਂ ਰੂਸ, ਯੂਕਰੇਨ, ਇਜ਼ਰਾਈਲ ਦੇ ਫਲਸਤੀਨ ਉਪਰ ਹਮਲੇ, ਮਨੀਪੁਰ ਆਦਿ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਢੇ ਪੰਜ ਹਜ਼ਾਰ ਬੱਚਿਆਂ ਦਾ ਘਾਣ ਅਤੇ 16-17 ਸਾਲਾਂ ਦੀਆਂ ਕੁੜੀਆਂ ਨੂੰ ਟੈਂਕਾਂ ਨਾਲ ਦਰੜਿਆ ਜਾਣਾ ਦਿਲ ਕੰਬਾਊ ਹੈ। ਉਹਨਾ ਸੱਦਾ ਦਿੱਤਾ ਕਿ ਦੁਨੀਆਂ ਅਤੇ ਮੁਲਕ ਦੀ ਬਦਲ ਰਹੀ ਤਸਵੀਰ ਦੌਰਾਨ ਲੋਕ-ਏਕਤਾ ਨਾਲ ਹੀ ਇਸ ਨੂੰ ਆਮ ਲੋਕਾਈ ਦੀਆਂ ਇੱਛਾਵਾਂ ਦੀ ਪੂਰਤੀ ਹਿੱਤ ਬਦਲਿਆ ਜਾ ਸਕਦਾ ਹੈ।
ਪ੍ਰਧਾਨਗੀ ਮੰਡਲ ਦੀ ਤਰਫ਼ੋਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਵੱਲੋਂ ਪੇਸ਼ ਮਤੇ ਹੱਥ ਖੜ੍ਹੇ ਕਰਕੇ ਪਾਸ ਕੀਤੇ ਗਏ। ਇਹਨਾਂ ਮਤਿਆਂ ’ਚ ਮੰਗ ਕੀਤੀ ਗਈ ਕਿ ਫ਼ਲਸਤੀਨ ਉਪਰ ਮੜ੍ਹੀ ਨਿਹੱਕੀ ਜੰਗ ਤੁਰੰਤ ਬੰਦ ਕੀਤੀ ਜਾਏ। ਅਮਰੀਕੀ ਸਾਮਰਾਜ ਦੀ ਸ਼ਹਿ ’ਤੇ ਇਜ਼ਰਾਈਲ ਵੱਲੋਂ ਫਲਸਤੀਨ ਉਪਰ ਵਿਸ਼ੇਸ਼ ਕਰਕੇ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਫ਼ਲਸਤੀਨ ਦੇ ਲੋਕਾਂ ਦਾ ਨਸਲਘਾਤ ਬੰਦ ਕੀਤਾ ਜਾਵੇ।
ਦੂਜੇ ਮਤੇ ਵਿੱਚ ਮੁਲਕ ਭਰ ਦੇ ਬੁੱਧੀਜੀਵੀਆਂ ਲੇਖਕਾਂ ਨੂੰ ਬਿਨ੍ਹਾਂ ਸ਼ਰਤ ਰਿਹਾ ਕੀਤਾ ਜਾਏ ਅਤੇ ਤੀਸਰੇ ਮਤੇ ਵਿੱਚ ਅੱਜ ਦੀ ਇਕੱਤਰਤਾ ਮੁਲਕ ਦੀਆਂ ਸਮੂਹ ਜਮਹੂਰੀ ਸ਼ਕਤੀਆਂ ਨੂੰ ਜ਼ੋਰਦਾਰ ਅਪੀਲ ਕਰਦੀ ਹੈ ਕਿ 32ਵੇਂ ਮੇਲੇ ਦੇ ਮੁੱਖ ਸੁਨੇਹੇ ਮੁਤਾਬਕ ਗ਼ਦਰੀ ਬਾਬਿਆਂ ਦੀ ਵਿਰਾਸਤ ਤੇ ਪਹਿਰਾ ਦਿੰਦੇ ਹੋਏ ਅਜੋਕੀਆਂ ਚੁਣੌਤੀਆਂ ਸਰ ਕਰਨ ਲਈ ਆਵਾਜ਼ ਬੁਲੰਦ ਕਰਨ ਲਈ ਮੰਗ ਰੱਖੀ ਗਈ।
ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਦਰਸ਼ਨ ਖਟਕੜ, ਸੁਰਜੀਤ ਪਾਤਰ, ਪ੍ਰੋ. ਸੁਰਜੀਤ ਜੱਜ ਸੁਸ਼ੋਭਿਤ ਹੋਏ।
ਸੁਰਜੀਤ ਜੱਜ, ਜਗਵਿੰਦਰ ਜੋਧਾ, ਸ਼ਬਦੀਸ਼, ਤਲਵਿੰਦਰ ਸ਼ੇਰਗਿੱਲ, ਦਵਿੰਦਰ ਬਿਮਰਾ, ਪੁਸ਼ਪਿੰਦਰ ਵਿਰਕ, ਹਰਮੀਤ ਵਿਦਿਆਰਥੀ, ਮੱਖਣ ਕੋਹਾੜ, ਮਨਜਿੰਦਰ ਕਮਲ, ਕੁਲਵਿੰਦਰ ਕੁੱਲ੍ਹਾ, ਸ਼ਮਸ਼ੇਰ ਮੋਹੀ, ਜੀਵਨ ਚੰਦੇਲੀ, ਕਮਲ ਜਲੂਰ, ਬਲਵਿੰਦਰ ਸੰਧੂ, ਅਰਵਿੰਦਰ ਕੌਰ ਕਾਕੜਾ, ਸੁਨੀਲ ਚੰਦਿਆਣਵੀ ਨੇ ਆਪਣੀਆਂ ਨਜ਼ਮਾਂ ਸਰੋਤਿਆਂ ਦੇ ਰੂ-ਬ-ਰੂ ਕੀਤੀਆਂ। ਕਵੀ ਦਰਬਾਰ ਨੇ ਅਜੋਕੇ ਸਿਆਸੀ ਅਤੇ ਸਮਾਜੀ ਲੋਕ-ਸਰੋਕਾਰਾਂ ਦੀ ਬਾਤ ਪਾਉਂਦਿਆਂ ਭਵਿੱਖ ਅੰਦਰ ਦਰਪੇਸ਼ ਚੁਣੌਤੀਆਂ ’ਤੇ ਉਂਗਲ ਰੱਖੀ। ਕਵੀ ਦਰਬਾਰ ਦਾ ਮੰਚ ਸੰਚਾਲਨ ਕਮੇਟੀ ਮੈਂਬਰ ਹਰਵਿੰਦਰ ਭੰਡਾਲ ਨੇ ਕੀਤਾ। ਦੇਰ ਸ਼ਾਮ ਵਿਨੀਤ ਤਿਵਾੜੀ ਦੀ ਫ਼ਿਲਮ ‘ਜਿਨ੍ਹੇ ਨਾਜ਼ ਹੈ ਹਿੰਦ ਪੇ ਕਹਾਂ ਹੈ ਵੋ’ ਅਤੇ ਮਾਨਵਤਾ ਕਲਾ ਮੰਚ ਨਗਰ (ਪਲਸ ਮੰਚ) ਵੱਲੋਂ ਕੁਲਵੰਤ ਕੌਰ ਨਗਰ ਦਾ ਲਿਖਿਆ ਜਸਵਿੰਦਰ ਪੱਪੀ ਦੁਆਰਾ ਨਿਰਦੇਸ਼ਤ ਨਾਟਕ ਨਰਗਿਸ ਦੁਆਰਾ ਪੇਸ਼ ਹੋਏਗਾ; ਚਿੜੀਆਂ ਦਾ ਚੰਬਾ। ਪਹਿਲੀ ਨਵੰਬਰ ਸਿਧਾਰਧ ਵਰਧਰਾਜਨ ਮੇਲੇ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਸਾਰਾ ਦਿਨ ਸਾਰੀ ਰਾਤ ਨਾਟਕ, ਗੀਤ-ਸੰਗੀਤ ਹੋਣਗੇ। ਸੁਰਿੰਦਰ ਕੁਮਾਰੀ ਕੋਛੜ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਅਮੋਲਕ ਸਿੰਘ ਦਾ ਲਿਖਿਆ ਝੰਡੇ ਦਾ ਗੀਤ ਕੇਵਲ ਧਾਲੀਵਾਲ ਪੇਸ਼ ਕਰਨਗੇ।

Related Articles

LEAVE A REPLY

Please enter your comment!
Please enter your name here

Latest Articles