ਜਿਉਂ-ਜਿਉਂ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਭਾਜਪਾਈ ਸਰਕਾਰ ਨੇ ਵਿਰੋਧੀ ਧਿਰਾਂ ਦੇ ਆਗੂਆਂ ਤੇ ਪੱਤਰਕਾਰਾਂ ਉੱਤੇ ਚੌਤਰਫਾ ਹਮਲਾ ਬੋਲ ਦਿੱਤਾ ਹੈ। ‘ਐਪਲ’ ਨੇ ਕਈ ਵਿਰੋਧੀ ਆਗੂਆਂ ਤੇ ਪੱਤਰਕਾਰਾਂ ਨੂੰ ਸੂਚਿਤ ਕੀਤਾ ਹੈ ਕਿ ਇਸ ਸਮੇਂ ਉਹ ਸਰਕਾਰੀ ਸ਼ਹਿ-ਪ੍ਰਾਪਤ ਹਮਲਾਵਰਾਂ ਦੇ ਨਿਸ਼ਾਨੇ ਉੱਤੇ ਹਨ। ਮਹੂਆ ਮੋਇਤਰਾ, ਸ਼ਸ਼ੀ ਥਰੂਰ, ਪਿ੍ਰਅੰਕਾ ਚਤੁਰਵੇਦੀ ਤੇ ਅਖਿਲੇਸ਼ ਯਾਦਵ ਸਮੇਤ ਘੱਟੋ-ਘੱਟ ਦਸ ਵਿਅਕਤੀਆਂ ਨੇ ਇਸ ਦੀ ਸ਼ਿਕਾਇਤ ਕੀਤੀ ਹੈ। ਸ਼ਸ਼ੀ ਥਰੂਰ ਨੇ ਤਾਂ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਦੀ ਸਚਾਈ ਦਾ ਐਪਲ ਤੋਂ ਪਤਾ ਲਾਇਆ ਹੈ, ਜਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਥਰੂਰ ਨੇ ਆਪਣੇ ਫੋਨ ਉੱਤੇ ਮਿਲੀ ‘ਐਪਲ’ ਦੀ ਚਿਤਾਵਨੀ ਵਾਲੇ ਸੰਦੇਸ਼ ਦੇ ਸਕਰੀਨ ਸ਼ਾਟ ਨੂੰ ਟਵੀਟ ਕਰਦਿਆਂ ਲਿਖਿਆ ਹੈ ‘ਇਹ ਐਪਲ ਆਈ ਡੀ ਤੋਂ ਪ੍ਰਾਪਤ ਹੋਇਆ ਹੈ, ਜਿਸ ਦੀ ਸਚਾਈ ਦੀ ਮੈਂ ਪੁਸ਼ਟੀ ਕਰ ਲਈ ਹੈ। ਖੁਸ਼ ਹਾਂ, ਕੁਝ ਵਿਹਲੇ ਅਫਸਰਾਂ ਨੂੰ ਮੇਰੇ ਵਰਗੇ ਟੈਕਸ ਦੇਣ ਵਾਲਿਆਂ ਦੀ ਜਾਸੂਸੀ ਕਰਨ ਦੇ ਕੰਮ ਲਾਇਆ ਹੋਇਆ ਹੈ।’
‘ਐਪਲ’ ਵੱਲੋਂ ਜਿਨ੍ਹਾਂ ਆਗੂਆਂ ਨੂੰ ਚੇਤਾਵਨੀ ਭੇਜੀ ਗਈ ਹੈ, ਉਹਨਾਂ ਵਿੱਚ ਟੀ ਐੱਮ ਸੀ ਸਾਂਸਦ ਮਹੂਆ ਮੋਇਤਰਾ ਤੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਤੋਂ ਇਲਾਵਾ ਕਾਂਗਰਸ ਬੁਲਾਰੇ ਪਵਨ ਖੇੜਾ, ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਆਪ ਸਾਂਸਦ ਰਾਘਵ ਚੱਢਾ, ਸ਼ਿਵ ਸੈਨਾ ਊਧਵ ਠਾਕਰੇ ਦੀ ਸਾਂਸਦ ਪਿ੍ਰਅੰਕਾ ਚਤੁਰਵੇਦੀ, ਸਪਾ ਮੁਖੀ ਅਖਿਲੇਸ਼ ਯਾਦਵ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ‘ਦੀ ਵਾਇਰ’ ਦੇ ਸੰਸਥਾਪਕ ਸੰਪਾਦਕ ਸਿਧਾਰਥ ਵਰਧਰਾਜਨ, ਡੈਕਨ ਕਰੌਨੀਕਲ ਦੇ ਰੈਜ਼ੀਡੈਂਟ ਐਡੀਟਰ ਸ੍ਰੀਰਾਮ ਕਰੀ ਤੇ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਪ੍ਰਧਾਨ ਸਮੀਰ ਸਰਨ ਨੂੰ ਵੀ ‘ਐਪਲ’ ਵੱਲੋਂ ਚੇਤਾਵਨੀਆਂ ਭੇਜੀਆਂ ਗਈਆਂ ਹਨ।
ਇਨ੍ਹਾਂ ਵਿਅਕਤੀਆਂ ਨੂੰ ਭੇਜੇ ਗਏ ‘ਅਲਰਟ’ ਵਾਲੇ ਈ-ਮੇਲ ਵਿੱਚ ਕਿਹਾ ਗਿਆ ਹੈ, ‘ਆਪ ਜੋ ਵੀ ਹੋਵੋਂ ਜਾਂ ਆਪ ਜੋ ਵੀ ਕਰਦੇ ਹੋ, ਇਸ ਕਾਰਨ ਇਹ ਹਮਲਾਵਰ ਤੁਹਾਨੂੰ ਵਿਅਕਤੀਗਤ ਰੂਪ ਵਿੱਚ ਨਿਸ਼ਾਨਾ ਬਣਾ ਰਹੇ ਹਨ। ਜੇਕਰ ਤੁਹਾਡੇ ਉਪਕਰਣ ਨਾਲ ਕਿਸੇ ਸਰਕਾਰੀ ਸ਼ਹਿ ਪ੍ਰਾਪਤ ਹਮਲਾਵਰ ਨੇ ਛੇੜਛਾੜ ਕਰ ਦਿੱਤੀ ਹੈ ਤਾਂ ਉਹ ਦੂਰੋਂ ਹੀ ਤੁਹਾਡੇ ਸੰਵੇਦਨਸ਼ੀਲ ਡੈਟੇ, ਗੱਲਬਾਤ, ਇੱਥੋਂ ਤੱਕ ਕਿ ਤੁਹਾਡੇ ਕੈਮਰੇ ਤੇ ਮਾਈਕਰੋ ਫੋਨ ਤੱਕ ਪਹੁੰਚਣ ਦੇ ਸਮਰੱਥ ਹੋ ਸਕਦੇ ਹਨ।’ ਚੇਤਾਵਨੀ ਵਾਲੇ ਇਨ੍ਹਾਂ ਸੰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ �ਿਪਾ ਇਸ ਨੂੰ ਗੰਭੀਰਤਾ ਨਾਲ ਲੈਣਾ।
ਮਹੂਆ ਮੋਇਤਰਾ ਨੇ ਗ੍ਰਹਿ ਮੰਤਰਾਲੇ ਨੂੰ ਟੈਗ ਕਰਕੇ ਟਵੀਟ ਕੀਤਾ ਹੈ, ‘ਐਪਲ ਵੱਲੋਂ ਮੈਨੂੰ ਚੇਤਾਵਨੀ ਮਿਲੀ ਹੈ ਕਿ ਸਰਕਾਰ ਮੇਰਾ ਫੋਨ ਤੇ ਈਮੇਲ ਹੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’ ਉਨ੍ਹਾ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ ਹਨ। ਉਨ੍ਹਾ ਕਿਹਾ ਹੈ ਕਿ ਸਰਕਾਰ ਵੱਲੋਂ ‘ਇੰਡੀਆ’ ਗੱਠਜੋੜ ਦੇ ਕਈ ਵਿਅਕਤੀਆਂ ਦੇ ਫੋਨ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾ ਇੱਕ ਹੋਰ ਟਵੀਟ ਵਿੱਚ ਕਿਹਾ, ‘ਮੈਂ ਅਧਿਕਾਰਤ ਤੌਰ ਉੱਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਰਹੀ ਹਾਂ ਕਿ ਉਹ ਵਿਰੋਧੀ ਸਾਂਸਦਾਂ ਦੀ ਸੁਰੱਖਿਆ ਲਈ ਰਾਜ ਧਰਮ ਦੀ ਪਾਲਣਾ ਕਰਨ ਅਤੇ ਸਾਡੇ ਫੋਨ ਤੇ ਈਮੇਲ ਹੈਕ ਕਰਨ ਨੂੰ ਲੈ ਕੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਤਲਬ ਕਰਨ। ਵਿਸ਼ੇਸ਼ ਅਧਿਕਾਰ ਸਮਿਤੀ ਨੂੰ ਪਹਿਲ ਕਰਨ ਦੀ ਜ਼ਰੂਰਤ ਹੈ। ਅਸ਼ਵਨੀ ਵੈਸ਼ਣਵ ਇਹ ਸੱਚੀਂ-ਮੁੱਚੀਂ ਉਲੰਘਣਾ ਹੈ, ਜਿਸ ਲਈ ਆਪ ਨੂੰ ਚਿੰਤਾ ਕਰਨ ਦੀ ਲੋੜ ਹੈ।’
ਇਸ ਮਾਮਲੇ ਵਿੱਚ ਸਰਕਾਰ ਦਾ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ, ਪਰ ਭਾਜਪਾ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਵਿਰੋਧੀ ਆਗੂਆਂ ਦੀ ਆਲੋਚਨਾ ਕਰਦਿਆਂ ਕਿਹਾ ਹੈ, ‘ਆਦਤਨ ਸ਼ੱਕੀਆਂ ਵੱਲੋਂ ਸਰਕਾਰ-ਪ੍ਰਸਤ ਹਮਲੇ ਬਾਰੇ ਹੰਗਾਮਾ ਖੜ੍ਹਾ ਕਰਨਾ ਤੇ ਸ਼ਹੀਦ ਹੋਣ ਦਾ ਨਾਟਕ ਕਰਨਾ ਚੰਗੀ ਗੱਲ ਹੈ, ਪਰ ਪੂਰੀ ਸੰਭਾਵਨਾ ਹੈ ਕਿ ਇਹ ਹੋ-ਹੱਲਾ ਪਹਿਲਾਂ ਦੀ ਤਰ੍ਹਾਂ ਠੁੱਸ ਹੋ ਜਾਵੇਗਾ। ਐਪਲ ਦੀ ਸਫਾਈ ਦੀ ਉਡੀਕ ਕਿਉਂ ਨਾ ਕੀਤੀ ਜਾਵੇ?’
‘ਐਪਲ’ ਉਨ੍ਹਾਂ ਗਾਹਕਾਂ ਨੂੰ ਚੇਤਾਵਨੀਆਂ ਜਾਰੀ ਕਰ ਰਿਹਾ ਹੈ, ਜਿਸ ਬਾਰੇ ਉਸ ਦਾ ਮੰਨਣਾ ਹੈ ਕਿ ਉਹ ਸਰਕਾਰੀ ਹਮਲਿਆਂ ਦਾ ਨਿਸ਼ਾਨਾ ਹਨ। ਐਪਲ ਨੇ ਇਹ ਫੰਕਸ਼ਨ ਉਦੋਂ ਸ਼ੁਰੂ ਕੀਤਾ ਸੀ, ਜਦੋਂ ਦੋ ਸਾਲ ਪਹਿਲਾਂ ਇਜ਼ਰਾਈਲੀ ਪੈਗਾਸਸ ਸਪਾਈਵੇਅਰ ਦਾ ਮਾਮਲਾ ਖਬਰਾਂ ਵਿੱਚ ਆਇਆ ਸੀ। ਇਹ ਖਬਰ ਐਪਲ ਦੇ ਆਈਫੋਨ ਨੂੰ ਹੈਕ ਕਰਕੇ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਇਜ਼ਰਾਈਲੀ ਕੰਪਨੀ ਵਿਰੁੱਧ ਦਾਇਰ ਕੀਤੇ ਮੁਕੱਦਮੇ ਬਾਅਦ ਆਈ ਸੀ। ਉਸ ਸਮੇਂ ਐਮਨੈਸਟੀ ਇੰਟਰਨੈਸ਼ਨਲ ਤੇ ਸਿਟੀਜ਼ਨ ਲੈਬ ਦੀ ਇੱਕ ਜਾਂਚ ਤੋਂ ਪਤਾ ਲੱਗਾ ਸੀ ਕਿ ਪੈਗਾਸਸ ਸਪਾਈਵੇਅਰ ਦੁਨੀਆ ਭਰ ਦੇ ਪੱਤਰਕਾਰਾਂ, ਸਮਾਜਿਕ ਕਾਰਕੁਨਾਂ ਤੇ ਸਰਕਾਰ ਦੇ ਆਲੋਚਕਾਂ ਦੇ ਫੋਨਾਂ ਨੂੰ ਹੈਕ ਕਰਨ ਦੇ ਸਮਰੱਥ ਹੈ। ਇਸ ਤੋਂ ਬਾਅਦ ਐਪਲ ਨੇ ਆਪਣੇ ਆਈ ਫੋਨ ਨੂੰ ਅੱਪਡੇਟ ਕਰਕੇ ਸੰਭਾਵਤ ਹਮਲਿਆਂ ਬਾਰੇ ਚੇਤਾਵਨੀ ਭੇਜਣੀ ਸ਼ੁਰੂ ਕੀਤੀ ਸੀ।