ਕਾਮਰੇਡ ਭੋਲਾ ਮਾਂਝੀ ਨਗਰ, ਕਾਮਰੇਡ ਜੀ ਮਲੇਸ ਹਾਲ
(ਪਟਨਾ)-(ਗਿਆਨ ਸੈਦਪੁਰੀ)
ਵੀਰਵਾਰ ਸ਼ਾਮ ਭਾਰਤੀ ਖੇਤ ਮਜ਼ਦੂਰ ਯੂਨੀਅਨ ਦਾ ਰਾਸ਼ਟਰੀ ਸੰਮੇਲਨ ਯੂਨੀਅਨ ਦਾ ਲਾਲ ਫਰੇਰਾ ਲਹਿਰਾਉਣ ਨਾਲ ਵਿਧੀਵਤ ਤੌਰ ‘ਤੇ ਆਰੰਭ ਹੋ ਗਿਆ | ਝੰਡਾ ਲਹਿਰਾਉਣ ਦੀ ਰਸਮ ਯੂਨੀਅਨ ਦੇ ਕੌਮੀ ਪ੍ਰਧਾਨ ਕਾਮਰੇਡ ਐੱਨ ਪੇਰੀਆਸਾਮੀ ਨੇ ਨਿਭਾਈ | ਉਪਰੰਤ ਮਜ਼ਦੂਰ ਲਹਿਰ ਦੇ ਸ਼ਹੀਦਾਂ ਨੂੰ ਪੁਸ਼ਪਾਂਜਲੀ ਭੇਟ ਕੀਤੀ ਗਈ | ਉਕਤ ਮੁੱਢਲੀਆਂ ਰਸਮਾਂ ਤੋਂ ਬਾਅਦ ਇਪਟਾ ਦੇ ਕਲਾਕਾਰਾਂ ਵੱਲੋਂ ਸੂਹੀ ਸਵੇਰ ਦੀ ਕਾਮਨਾ ਕਰਦਿਆਂ ਗੀਤ-ਸੰਗੀਤ ਪੇਸ਼ ਕੀਤਾ ਗਿਆ | ਇਨ੍ਹਾਂ ਗੀਤਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਪੇਸ਼ ਪੇਸ਼ ਰਹੇ | ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਅਗਲੇ ਤਿੰਨ ਦਿਨ ਚੱਲਣ ਵਾਲੇ ਸੰਮੇਲਨ ਦਾ ਏਜੰਡਾ ਪੇਸ਼ ਕਰਨ ਉਪਰੰਤ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਹੋਣ ਵਾਲੇ ਆਗੂਆਂ ਨੂੰ ਬੁਲਾਵਾ ਦਿੱਤਾ | ਯੂਨੀਅਨ ਦੇ ਸੀਨੀਅਰ ਆਗੂ ਕਾਮਰੇਡ ਦਰਿਓ ਸਿੰਘ ਕਸ਼ਯਪ ਨੇ ਪਿਛਲੇ ਸਮੇਂ ਵਿਛੋੜਾ ਦੇ ਗਏ ਸਾਥੀਆਂ ਸੰਬੰਧੀ ਸ਼ੋਕ-ਮਤਾ ਪੇਸ਼ ਕੀਤਾ | ਇਸ ਮਤੇ ਵਿੱਚ ਕਾਮਰੇਡ ਪਰਮਿਲਾ ਲੂੰਬਾ ਤੋਂ ਲੈ ਕੇ ਲਤਾ ਮੰਗੇਸ਼ਕਰ ਤੱਕ ਦੇ ਦਰਜਨਾਂ ਨਾਂਅ ਸ਼ਾਮਲ ਸਨ | ਵਿਛੋੜਾ ਦੇ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ |
ਸਵਾਗਤੀ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਸੂਰਯ ਕਾਂਤ ਪਾਸਵਾਨ ਨੇ ਸਵਾਗਤੀ ਤਕਰੀਰ ਵਿੱਚ ਮਹਾਂਵੀਰ ਦੀ ਜਨਮ ਭੂਮੀ ਅਤੇ ਮਹਾਤਮਾ ਬੁੱਧ ਦੀ ਕਰਮ ਭੂਮੀ ਵਿੱਚ ਹੋ ਰਹੇ ਰਾਸ਼ਟਰੀ ਸੰਮੇਲਨ ਵਿੱਚ ਸ਼ਾਮਲ ਆਗੂਆਂ ਅਤੇ ਡੈਲੀਗੇਟਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਉਨ੍ਹਾ ਇਸ ਮੌਕੇ ਮਜ਼ਦੂਰ-ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਬਿਹਾਰ ਰਾਜ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਜਿਊਣ ਹਾਲਤਾਂ ਦਾ ਵੀ ਜ਼ਿਕਰ ਕੀਤਾ | ਉਨ੍ਹਾ ਕਿਹਾ ਕਿ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਵਿਕਾਸ ਸਿਖਰ ‘ਤੇ ਹੈ, ਪਰ ਅਸਲੀਅਤ ਇਹ ਹੈ ਕਿ ਪੇਂਡੂ ਗਰੀਬ ਮਜ਼ਦੂਰਾਂ ਦਾ ਜੀਵਨ ਬਦ ਤੋਂ ਬਦਤਰ ਹੋ ਰਿਹਾ ਹੈ | ਆਖਰ ਵਿੱਚ ਵਿਧਾਇਕ ਪਾਸਵਾਨ ਨੇ ਆਸ ਪ੍ਰਗਟਾਈ ਕਿ ਇਹ ਰਾਸ਼ਟਰੀ ਸੰਮੇਲਨ ਮਜ਼ਦੂਰਾਂ ਦੀ ਬਿਹਤਰੀ ਲਈ ਚੱਲ ਰਹੀ ਲੜਾਈ ਨੂੰ ਹੋਰ ਅੱਗੇ ਵਧਾਏਗਾ |
ਇਸੇ ਦੌਰਾਨ ਐੱਨ ਪੇਰੀਆਸਾਮੀ ਅਤੇ ਗੁਲਜ਼ਾਰ ਸਿੰਘ ਗੋਰੀਆ ਨੇ ਸੀ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਨੂੰ ਫੁੱਲਾਂ ਦਾ ਹਾਰ ਪਾ ਕੇ ਸ਼ਾਲ ਤੇ ਬੁੱਕਾ ਭੇਟ ਕਰਦਿਆਂ ਸਨਮਾਨਿਤ ਕੀਤਾ |
ਕਾਮਰੇਡ ਡੀ ਰਾਜਾ ਦੀ ਉਦਘਾਟਨੀ ਤਕਰੀਰ ਦੇ ਸ਼ੁਰੂ ਵਿੱਚ ਹੀ ਸੰਮੇਲਨ ਅੰਦਰਲਾ ਮਹੌਲ ਸੰਜੀਦਾ ਹੋਇਆ ਨਜ਼ਰ ਆਇਆ, ਜਦੋਂ ਉਹ ਖੇਤ ਮਜ਼ਦੂਰ ਹੁੰਦਿਆਂ ਦੇ ਵਕਤ ਨੂੰ ਚੇਤੇ ਕਰਦਿਆਂ ਭਾਵੁਕ ਹੋ ਗਏ | ਉਨ੍ਹਾ ਦੱਸਿਆ ਕਿ ਯੂਥ ਫੈਡਰੇਸ਼ਨ ਅਤੇ ਹੋਰ ਜ਼ੁੰਮੇਵਾਰੀਆਂ ਸੰਭਾਲਣ ਦੇ ਸਮਿਆਂ ਵਿੱਚ ਵੀ ਉਹ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਅੰਗ-ਸੰਗ ਹੀ ਰਹੇ | ਉਨ੍ਹਾ ਕਿਹਾ ਕਿ ਉਹ ਮਜ਼ਦੂਰ ਵਰਗ ਦੀਆਂ ਮੁਸੀਬਤਾਂ ਤੋਂ ਨਿੱਜੀ ਤੌਰ ‘ਤੇ ਜਾਣੂ ਹੋਣ ਕਾਰਨ ਇਨ੍ਹਾਂ ਦੀ ਬਿਹਤਰੀ ਲਈ ਜੁੜੇ ਸੰਗਠਨਾਂ ਨੂੰ ਹਮੇਸ਼ਾ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ | ਕਾਮਰੇਡ ਡੀ ਰਾਜਾ ਨੇ ਡਾ. ਅੰਬੇਡਕਰ ਵੱਲੋਂ ਭਾਰਤ ਵਿੱਚ ਜਾਤਪਾਤੀ ਪ੍ਰਬੰਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਖੇਤ ਮਜ਼ਦੂਰਾਂ ਵਿੱਚ ਵਧੇਰੇ ਗਿਣਤੀ ਦਲਿਤਾਂ ਦੀ ਹੈ | ਇਸ ਕਰਕੇ ਇਨ੍ਹਾਂ ਨੂੰ ਦਲਿਤ ਹੋਣ ਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਹੈ | ਉਨ੍ਹਾ ਕਿਹਾ ਕਿ ਮੌਜੂਦਾ ਦੌਰ ਦੌਰਾਨ ਵੀ ਕਈ ਥਾਂਵਾਂ ‘ਤੇ ਦਲਿਤਾਂ ਨੂੰ ਨਲਕਿਆਂ ਤੋਂ ਪਾਣੀ ਭਰਨ ਅਤੇ ਮੰਦਰਾਂ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ | ਉਨ੍ਹਾ ਕਿਹਾ ਕਿ ਭਾਰਤੀਆਂ ਅੰਦਰ ਜਾਤਪਾਤ ਇੰਨੀ ਗਹਿਰਾਈ ਨਾਲ ਘਰ ਕਰੀ ਬੈਠੀ ਹੈ ਕਿ ਇਹ ਲੋਕ ਲੰਡਨ ਜਾਂ ਵਾਸ਼ਿੰਗਟਨ ਜਾਣ ਵੇਲੇ ਵੀ ਜਾਤ ਦਾ ਛੱਜ ਨਾਲ ਲੈ ਜਾਂਦੇ ਹਨ |
ਕਾਮਰੇਡ ਡੀ ਰਾਜਾ ਨੇ ਮਜ਼ਦੂਰਾਂ ਦੇ ਇੱਕ ਹੋਰ ਤਰਾਸਦਿਕ ਪਹਿਲੂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜੇ ਤੱਕ ਘੱਟੋ-ਘੱਟ ਉਜਰਤ ਤੈਅ ਕਰਨ ਲਈ ਖੇਤ ਮਜ਼ਦੂਰਾਂ ਲਈ ਕੁਲ ਹਿੰਦ ਪੱਧਰ ਦਾ ਐਕਟ ਨਹੀਂ ਬਣ ਸਕਿਆ | ਉਨ੍ਹਾ ਕੇਂਦਰ ਦੀ ਭਾਜਪਾ ਸਰਕਾਰ ਦੇ ਮਜ਼ਦੂਰ ਵਿਰੋਧੀ ਚਿਹਰੇ ਨੂੰ ਬੇਨਕਾਬ ਕਰਦਿਆਂ ਕਿਹਾ ਕਿ ਇਸ ਸਰਕਾਰ ਦੇ ਆਉਣ ਤੋਂ ਪਹਿਲਾਂ ਦੇਸ਼ ਅੰਦਰ ਯੋਜਨਾ ਕਮਿਸ਼ਨ ਸੀ | ਇਸ ਵਿੱਚ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਮਜ਼ਦੂਰਾਂ ਲਈ ਬੱਜਟ ਰੱਖਿਆ ਜਾਂਦਾ ਸੀ | ਇਸ ਸਰਕਾਰ ਨੇ ਯੋਜਨਾ ਬੋਰਡ ਹੀ ਖਤਮ ਕਰ ਦਿੱਤਾ | ਉਸ ਦੀ ਥਾਂ ਨੀਤੀ ਆਯੋਗ ਬਣਾ ਦਿੱਤਾ | ਇਹ ਨਿੱਜੀ ਖੇਤਰ ‘ਤੇ ਜ਼ੋਰ ਦਿੰਦਾ ਹੈ, ਜੋ ਮਜ਼ਦੂਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੋਂ ਰੋਕਦਾ ਹੈ | ਕਮਿਊਨਿਸਟ ਆਗੂ ਨੇ ਲੈਨਿਨ ਅਤੇ ਸਟਾਲਿਨ ਦੇ ਹਵਾਲੇ ਨਾਲ ਕਿਹਾ ਕਿ ਜਥੇਬੰਦੀ ਦੀ ਮਜ਼ਬੂਤੀ ਲਈ ਔਰਤਾਂ ਦੀ ਵਧੇਰੇ ਸ਼ਮੂਲੀਅਤ ਬਹੁਤ ਜ਼ਰੂਰੀ ਹੈ | ਆਖਰ ਵਿੱਚ ਉਨ੍ਹਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਨੂੰ ਇਸ ਦੇ ਪੰਦਰਵੇਂ ਰਾਸ਼ਟਰੀ ਸੰਮੇਲਨ ਦੀ ਵਧਾਈ ਦਿੰਦਿਆਂ ਇਸ ਦੀ ਸਫਲਤਾ ਦੀ ਕਾਮਨਾ ਕੀਤੀ | ਉਨ੍ਹਾ ਕਿਹਾ ਕਿ ਮਜ਼ਦੂਰ ਲਹਿਰ ਵਿੱਚ ਬੀ ਕੇ ਐੱਮ ਯੂ ਦੀ ਸ਼ਲਾਘਾਯੋਗ ਭੂਮਿਕਾ ਹੈ ਤੇ ਇਸ ਦੀ ਹੋਰ ਮਜ਼ਬੂਤੀ ਚਿਤਵਦਿਆਂ ਵਾਪਸ ਜਾਣਾ ਹੋਵੇਗਾ | ਆਲ ਇੰਡੀਆ ਯੂਥ ਫੈਡਰੇਸ਼ਨ ਦੇ ਕੌਮੀ ਆਗੂ ਕਾਮਰੇਡ ਤਰੀਮੁਲ ਰਾਵਣ ਨੇ ਵੀ ਗਰਮਜੋਸ਼ੀ ਨਾਲ ਭਰਾਤਰੀ ਸੰਦੇਸ਼ ਦਿੱਤਾ | ਸੰਮੇਲਨ ਦਾ ਅਗਲਾ ਸੈਸ਼ਨ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਐੱਨ ਪੇਰੀਆਸਾਮੀ ਵੱਲੋਂ ਦਿੱਤੇ ਪ੍ਰਧਾਨਗੀ ਭਾਸ਼ਨ ਅਤੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਨਾਲ ਸ਼ੁਰੂ ਹੋਇਆ |