ਮਾਮਲਾ 500 ਕਰੋੜ ਦਾ ਨਹੀਂ, 10 ਹਜ਼ਾਰ ਕਰੋੜ ਦਾ!

0
187

ਅਕਾਲੀ ਦਲ ’ਚੋਂ ਭਾਜਪਾ ’ਚ ਗਏ ਮਨਜਿੰਦਰ ਸਿੰਘ ਸਿਰਸਾ ਦਾ ਵੀ ਨਾਂਅ ਵੱਜਿਆ
ਨਵੀਂ ਦਿੱਲੀ : ਮੱਧ ਪ੍ਰਦੇਸ਼ ਵਿਚ ਅਸੰਬਲੀ ਚੋਣ ਲੜ ਰਹੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਵੱਡੇ ਬੇਟੇ ਦੇਵੇਂਦਰ ਸਿੰਘ ਤੋਮਰ ਦੀਆਂ ਵੀਡੀਓਜ਼ ਨੇ ਤਰਥੱਲੀ ਮਚਾਈ ਹੋਈ ਹੈ। ਪਹਿਲੀ ਵੀਡੀਓ ’ਚ 100 ਕਰੋੜ ਅਤੇ ਦੂਜੀ ’ਚ 500 ਕਰੋੜ ਰੁਪਏ ਦੇ ਲੈਣ-ਦੇਣ ਦੀ ਗੱਲ ਹੋ ਰਹੀ ਹੈ।
ਪਹਿਲੀ ਵੀਡੀਓ ਵਿਚ ਦੇਵੇਂਦਰ ਇਕ ਬੰਦੇ ਨਾਲ ਵੀਡੀਓ ਕਾਲ ਦੌਰਾਨ ਕਥਿਤ ਤੌਰ ’ਤੇ ਰਾਜਸਥਾਨ ਤੇ ਮੁਹਾਲੀ ਦੇ ਮਾਈਨਿੰਗ ਤੇ ਜ਼ਮੀਨ ਕਾਰੋਬਾਰੀਆਂ ਤੋਂ ਕਰੋੜਾਂ ਰੁਪਏ ਟਰਾਂਸਫਰ ਕਰਾਉਣ ਦੀ ਮੰਗ ਕਰ ਰਿਹਾ ਹੈ। ਅਗਲਾ ਬੰਦਾ ਪੰਜ ਵੱਖ-ਵੱਖ ਖਾਤਿਆਂ ਦੀ ਜਾਣਕਾਰੀ ਮੰਗਦਾ ਹੈ। ਇਸ ਵਿਚ 100 ਕਰੋੜ ਰੁਪਏ ਦੇ ਲੈਣ-ਦੇਣ ਦੀ ਗੱਲ ਹੈ। ਦੂਜੀ ਵੀਡੀਓ 13 ਨਵੰਬਰ ਦੀ ਹੈ, ਜਿਸ ਵਿਚ ਕਥਿਤ ਤੌਰ ’ਤੇ 500 ਕਰੋੜ ਰੁਪਏ ਦੇ ਲੈਣ-ਦੇਣ ਦੀ ਗੱਲ ਹੋ ਰਹੀ ਹੈ।
ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਕੈਨੇਡਾ ਦਾ ਕਾਰੋਬਾਰੀ ਦੱਸਣ ਵਾਲਾ ਜਗਮਨਦੀਪ ਸਿੰਘ ਸਪੱਸ਼ਟੀਕਰਨ ਦੇ ਰਿਹਾ ਹੈਨਰਿੰਦਰ ਸਿੰਘ ਤੋਮਰ ਦਾ ਬੇਟਾ ਵੀਡੀਓ ’ਚ ਮੇਰੇ ਨਾਲ ਹੀ ਗੱਲ ਕਰ ਰਿਹਾ ਹੈ। ਸੌਦਾ 100 ਕਰੋੜ, 500 ਕਰੋੜ ਰੁਪਏ ਦਾ ਨਹੀਂ ਸਗੋਂ 10,000 ਕਰੋੜ ਰੁਪਏ ਦਾ ਹੈ। ਦੋ-ਤਿੰਨ ਦਿਨਾਂ ਤੋਂ ਮੇਰੀ ਇੱਕ ਵੀਡੀਓ ਫੇਸਬੁੱਕ ’ਤੇ ਵਾਇਰਲ ਹੋ ਰਹੀ ਹੈ। ਮੈਂ ਇਸ ’ਚ ਨਹੀਂ ਜਾਵਾਂਗਾ ਕਿ ਇਹ ਵੀਡੀਓ ਕਿਵੇਂ ਬਣਾਈ ਗਈ ਸੀ। ਇਹ ਵੀਡੀਓ ਮੇਰੇ ਫਾਰਮ ਹਾਊਸ ’ਤੇ ਬਣਾਈ ਗਈ ਹੈ, ਮੈਂ ਕਮਰੇ ਦੀ ਵੀਡੀਓ ਵੀ ਸ਼ੂਟ ਕਰਕੇ ਪੋਸਟ ਕਰਾਂਗਾ। ਵਾਇਰਲ ਵੀਡੀਓਜ਼ ਅਸਲੀ ਹਨ।
ਜਗਮਨਦੀਪ ਸਿੰਘ ਨੇ ਦਾਅਵਾ ਕਰਦਿਆਂ ਕਿਹਾਇੱਕ ਮਾਈਨਿੰਗ ਕੰਪਨੀ ਤੋਂ ਪੈਸੇ ਟਰਾਂਸਫਰ ਕੀਤੇ ਗਏ ਹਨ। ਮੇਰੀ ਦੋਸਤੀ 2018 ’ਚ ਕੇਂਦਰੀ ਮੰਤਰੀ ਦੇ ਛੋਟੇ ਬੇਟੇ ਪ੍ਰਬਲ ਸਿੰਘ ਤੋਮਰ ਨਾਲ ਹੋਈ ਸੀ। ਮੈਂ ਤਾਲਾਬੰਦੀ ਦੌਰਾਨ ਮਾਰਚ 2020 ’ਚ ਉਸ ਨੂੰ ਮਿਲਣ ਗਿਆ ਸੀ। ਮੈਂ ਉਸ ਸਮੇਂ ਭਾਰਤ ’ਚ ਸੀ। ਮੈਂ ਬਲਿਊਬੇਰੀ, ਗਾਂਜਾ ਅਤੇ ਭੰਗ ਦੀ ਖੇਤੀ ਕਰਦਾ ਹਾਂ। ਮੈਨੂੰ ਭੰਗ ਅਤੇ ਗਾਂਜਾ ਦੇ ਪ੍ਰੋਜੈਕਟਾਂ ’ਚ ਵੀ ਨਿਵੇਸ਼ ਕਰਨਾ ਪਿਆ ਸੀ। ਜਗਮਨਦੀਪ ਸਿੰਘ ਨੇ ਕਿਹਾ ਕਿ ਉਸ ਦੇ ਦਾਦਾ ਜੀ ਮਹਾਨ ਆਜ਼ਾਦੀ ਘੁਲਾਟੀਏ ਸਨ। ਉਨ੍ਹਾ ਨੇ ਅਕਾਲੀ ਦਲ ਦੀ ਨੀਂਹ ਰੱਖੀ ਸੀ। ਉਸ ਦੇ ਪਿਤਾ ਰਾਜਨੀਤੀ ਤੋਂ ਦੂਰ ਰਹੇ। ਉਹ ਵੀ ਦੂਰ ਰਿਹਾ। ਵੀਡੀਓ ’ਚ ਜਗਮਨਦੀਪ ਪ੍ਰਬਲ ਸਿੰਘ ਤੋਮਰ ਨਾਲ ਵੀ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਜਗਮਨਦੀਪ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਵੀ ਲੈ ਰਿਹਾ ਹੈ, ਜਿਸਨੂੰ ਨਕਦੀ ਦਿੱਤੀ ਗਈ। ਉਹ ਉਸ ਵੇਲੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਸੀ। ਉਸਨੂੰ ਪੈਸੇ ਇਸ ਕਰਕੇ ਦਿੱਤੇ ਗਏ ਕਿਉਂਕਿ ਬੈਂਕ ’ਚ ਗੁਰਦੁਆਰੇ ਦੇ ਪੈਸਿਆਂ ਦਾ ਕੋਈ ਰਿਕਾਰਡ ਨਹੀਂ ਹੁੰਦਾ। ਇੱਕ ਦਸਤਾਵੇਜ਼ ਦਿਖਾਉਂਦੇ ਹੋਏ ਉਸਨੇ ਦੱਸਿਆ ਕਿ ਇਹ ਪੈਸਾ ਸਿਰਸਾ ਨੇ ਮੰਤਰੀ ਦੇ ਪੁੱਤਰ ਨੂੰ ਦਿੱਤਾ ਸੀ ਅਤੇ ਇਹ 500 ਕਰੋੜ ਰੁਪਏ ਦੀ ਗੱਲ ਨਹੀਂ ਹੈ, ਕੁੱਲ 10,000 ਕਰੋੜ ਰੁਪਏ ਦਾ ਮਾਮਲਾ ਹੈ।

LEAVE A REPLY

Please enter your comment!
Please enter your name here