ਡੱਲਾ ਦੇ ਦੋ ਸ਼ਾਰਪ ਸ਼ੂਟਰ ਦਿੱਲੀ ’ਚ ਮੁਕਾਬਲੇ ’ਚ ਫੜੇ

0
167

ਨਵੀਂ ਦਿੱਲੀ : ਮੁਕਾਬਲੇ ਤੋਂ ਬਾਅਦ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਇੱਥੇ ਗੈਂਗਸਟਰ ਤੋਂ ਕੌਮਾਂਤਰੀ ਦਹਿਸ਼ਤਗਰਦ ਬਣੇ ਅਤੇ ਕੈਨੇਡਾ ਰਹਿੰਦੇ ਅਰਸ਼ਦੀਪ ਸਿੰਘ ਉਰਫ ਡੱਲਾ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਗਿ੍ਰਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਰਾਜਪ੍ਰੀਤ ਸਿੰਘ ਉਰਫ ਰਾਜਾ ਉਰਫ ਬੰਬ ਅਤੇ ਵਰਿੰਦਰ ਸਿੰਘ ਉਰਫ ਵਿੰਮੀ ਦੋਵੇਂ ਵਾਸੀ ਪੰਜਾਬ ਵਜੋਂ ਹੋਈ ਹੈ। ਸੋਮਵਾਰ ਤੜਕੇ ਦੋਨਾਂ ਨੂੰ ਮਯੂਰ ਵਿਹਾਰ ’ਚ ਸਮਾਚਾਰ ਅਪਾਰਟਮੈਂਟ ਦੇ ਸਾਹਮਣੇ ਅਕਸ਼ਰਧਾਮ ਮੰਦਰ ਵੱਲ ਮੁੱਖ ਮਾਰਗ ਤੋਂ ਛੋਟੇ ਜਿਹੇ ਮੁਕਾਬਲੇ ਤੋਂ ਬਾਅਦ ਗਿ੍ਰਫਤਾਰ ਕੀਤਾ ਗਿਆ। ਫੜੇ ਜਾਣ ਤੋਂ ਪਹਿਲਾਂ ਮੁਲਜ਼ਮਾਂ ਨੇ ਗੋਲੀਆਂ ਚਲਾਈਆਂ। ਜਵਾਬ ’ਚ ਪੁਲਸ ਵੱਲੋਂ ਚਲਾਈਆਂ ਗੋਲੀਆਂ ਵਿੱਚੋਂ ਇਕ ਵਰਿੰਦਰ ਦੀ ਸੱਜੀ ਲੱਤ ’ਤੇ ਲੱਗੀ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਰਿਵਾਲਵਰ .45 ਐੱਮ ਐੱਮ, 6 ਕਾਰਤੂਸ, .30 ਐੱਮ ਐੱਮ ਪਿਸਤੌਲ, 7 ਕਾਰਤੂਸ, ਹੈਂਡ ਗਰਨੇਡ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ।
ਉਨ੍ਹਾਂ ਦੇ ਖੁਲਾਸੇ ਦੇ ਆਧਾਰ ’ਤੇ ਯੂ ਪੀ ਦੇ ਗੌਤਮ ਬੁੱਧ ਨਗਰ ’ਚ ਛਾਪੇਮਾਰੀ ਕੀਤੀ ਗਈ ਅਤੇ ਉਨ੍ਹਾਂ ਦੇ ਇਕ ਹੋਰ ਸਾਥੀ ਸਚਿਨ ਭਾਟੀ ਨੂੰ ਗਿ੍ਰਫਤਾਰ ਕੀਤਾ ਗਿਆ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੇ ਕਮਿਸ਼ਨਰ ਐੱਚ ਜੀ ਐੱਸ ਧਾਲੀਵਾਲ ਮੁਤਾਬਕ ਇਨ੍ਹਾਂ ਸ਼ੂਟਰਾਂ ਦੇ ਨਿਸ਼ਾਨੇ ਉੱਤੇ ਪੰਜਾਬੀ ਗਾਇਕ ਐਲੀ ਮਾਂਗਟ ਸੀ। ਅਕਤੂਬਰ ’ਚ ਬਠਿੰਡਾ ’ਚ ਮਾਂਗਟ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਘਰ ਨਹੀਂ ਸੀ, ਇਸ ਕਰਕੇ ਨਿਸ਼ਾਨਾ ਨਹੀਂ ਬਣਾਇਆ ਜਾ ਸਕਿਆ।

LEAVE A REPLY

Please enter your comment!
Please enter your name here