ਕੇਜਰੀਵਾਲ ਨੇ ਭਰੂਚ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ

0
141

ਭਰੂਚ/ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਜੇਲ੍ਹਬੰਦ ਵਿਧਾਇਕ ਚੈਤਰ ਵਸਾਵਾ ਨੂੰ ਭਰੂਚ ਹਲਕੇ ਤੋਂ ਲੋਕ ਸਭਾ ਦਾ ਪਾਰਟੀ ਉਮੀਦਵਾਰ ਐਲਾਨਿਆ। ਵਸਾਵਾ ’ਤੇ ਕਥਿਤ ਵਸੂਲੀ ਤੇ ਜੰਗਲਾਤ ਅਧਿਕਾਰੀਆਂ ’ਤੇ ਹਮਲੇ ਦਾ ਦੋਸ਼ ਹੈ।
ਭਰੂਚ ਜ਼ਿਲ੍ਹੇ ਦੇ ਨੇਤਰੰਗ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾ ਮਹਿੰਗੇ ਵਕੀਲ ਕੀਤੇ ਹਨ ਤੇ ਚੋਣਾਂ ਤੱਕ ਵਸਾਵਾ ਦੀ ਜ਼ਮਾਨਤ ਕਰਵਾ ਲਈ ਜਾਵੇਗੀ। ਜੇ ਭਾਜਪਾ ਨੇ ਦਾਅ ਖੇਡਦਿਆਂ ਉਨ੍ਹਾ ਨੂੰ ਬਾਹਰ ਨਾ ਆਉਣ ਦਿੱਤਾ ਤਾਂ ਵਰਕਰ ਉਨ੍ਹਾ ਦੀ ਫੋਟੋ ਲੈ ਕੇ ਘਰ-ਘਰ ਪ੍ਰਚਾਰ ਕਰਨ ਤੇ ਭਾਜਪਾ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਾਉਣ।
ਕੇਜਰੀਵਾਲ ਨੇ ਕਬਾਇਲੀਆਂ ਨੂੰ ਸੱਦਾ ਦਿੱਤਾ ਕਿ ਉਹ ਡਾਕੂਆਂ ਨਾਲੋਂ ਵੀ ਭੈੜੀ ਭਾਜਪਾ ਤੋਂ ਬੇਇੱਜ਼ਤੀ ਦਾ ਬਦਲਾ ਲੈਣ, ਜਿਸ ਨੇ ਵਸਾਵਾ ਤੇ ਉਨ੍ਹਾ ਦੀ ਪਤਨੀ ਸ਼ਕੁੰਤਲਾ ਨੂੰ ਅੰਦਰ ਕਰਾਇਆ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚੈਤਰ ਵਸਾਵਾ ਨੂੰ ਭਾਜਪਾ ਸਰਕਾਰ ਨੇ ਆਦਿਵਾਸੀਆਂ ਅਤੇ ਗਰੀਬ ਲੋਕਾਂ ਲਈ ਲੜਨ ਲਈ ਜੇਲ੍ਹ ਵਿੱਚ ਡੱਕ ਦਿੱਤਾ ਹੈ, ਪਰ ਜੇਲ੍ਹ ਜਾਣ ਨਾਲ ਉਨ੍ਹਾ ਦਾ ਹੌਸਲਾ ਕਮਜੋਰ ਨਹੀਂ ਹੋਵੇਗਾ, ਸਗੋਂ ਉਹ ਹੋਰ ਮਜ਼ਬੂਤ ਹੋ ਕੇ ਬਾਹਰ ਆਉਣਗੇ। ਮਾਨ ਨੇ ਕਿਹਾ ਕਿ ਸਰਕਾਰਾਂ ਲਈ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕਣਾ ਕੋਈ ਨਵੀਂ ਗੱਲ ਨਹੀਂ। ਆਜ਼ਾਦੀ ਦੀ ਲੜਾਈ ਦੇ ਸਮੇਂ ਤੋਂ ਹੀ ਅਜਿਹਾ ਹੁੰਦਾ ਆ ਰਿਹਾ ਹੈ। ਜਿਹੜਾ ਵੀ ਆਮ ਲੋਕਾਂ ਲਈ ਲੜਦਾ ਹੈ ਅਤੇ ਲੋਕਾਂ ਨੂੰ ਲੁੱਟਣ ਵਾਲਿਆਂ ਵਿਰੁੱਧ ਆਵਾਜ਼ ਉਠਾਉਂਦਾ ਹੈ, ਉਸ ਨੂੰ ਜੇਲ੍ਹ ਜਾਣਾ ਪੈਂਦਾ ਹੈ।
ਉਹਨਾ ਕਿਹਾ ਕਿ ਜੇਕਰ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਸਮਝਦੇ ਹਨ ਕਿ ਉਹ ਸਾਨੂੰ ਜੇਲ੍ਹ ’ਚ ਰੱਖ ਕੇ ਡਰਾ ਦੇਣਗੇ ਤਾਂ ਉਹ ਗਲਤਫਹਿਮੀ ’ਚ ਹਨ। ਉਹ ਕੁਝ ਵੀ ਕਰ ਲੈਣ, ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਉਨ੍ਹਾਂ ਤੋਂ ਡਰਨਗੇ ਨਹੀਂ।

LEAVE A REPLY

Please enter your comment!
Please enter your name here