ਚੰਡੀਗੜ੍ਹ (ਗੁਰਜੀਤ ਬਿੱਲਾ)
ਗੈਂਗਸਟਰ ਲਾਰੈਂਸ ਅਤੇ ਹਰਵਿੰਦਰ ਰਿੰਦਾ ਨਾਲ ਸੰਬੰਧਤ ਅੰਤਰ-ਰਾਜੀ ਗਰੋਹ ਦਾ ਪਰਦਾ ਫਾਸ਼ ਕਰਨ ਦੇ ਥੋੜੇ੍ਹ ਦਿਨਾਂ ਬਾਅਦ ਪੰਜਾਬ ਪੁਲਸ ਵੱਲੋਂ ਇਸ ਗਰੋਹ ਦੇ 9 ਸ਼ਾਰਪ ਸ਼ੂਟਰਾਂ ਸਮੇਤ 13 ਹੋਰ ਸਾਥੀਆਂ ਨੂੰ ਗਿ੍ਫਤਾਰ ਕੀਤਾ ਗਿਆ | ਇਹ ਜਾਣਕਾਰੀ ਵੀਰਵਾਰ ਆਈ ਜੀ ਹੈੱਡਕੁਆਰਟਰਜ਼ ਸੁਖਚੈਨ ਸਿੰਘ ਗਿੱਲ ਨੇ ਦਿੱਤੀ |
ਜਲੰਧਰ ਦਿਹਾਤੀ ਪੁਲਸ ਨੇ ਵਿਸ਼ੇਸ਼ ਟੀਮਾਂ ਦੀ ਅਗਵਾਈ ਵਿੱਚ ਦੋ ਹਫਤਿਆਂ ਤੱਕ ਚੱਲੇ ਅਪ੍ਰੇਸ਼ਨ ਉਪਰੰਤ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ | ਫੜੇ ਜਾਣ ਵਾਲਿਆਂ ਦੀ ਪਛਾਣ ਤਰਨ ਤਾਰਨ ਤੋਂ ਅਵਤਾਰ ਉਰਫ ਮੰਗਲ, ਜੋਬਨਪ੍ਰੀਤ, ਅਕਾਸ਼ਦੀਪ, ਹਰਪ੍ਰੀਤ ਉਰਫ ਕਾਕਾ, ਅਰਸ਼ਦੀਪ, ਲਵਜੀਤ ਅਤੇ ਰੇਸ਼ਮ ਉਰਫ ਬਾਊ, ਫਿਰੋਜ਼ਪੁਰ ਤੋਂ ਗੁਰਪ੍ਰੀਤ ਉਰਫ ਘੁਮਾ ਸ਼ੂਟਰ, ਬੌਬੀ ਉਰਫ ਬਾਬਾ ਅਤੇ ਸੋਨੂੰ ਉਰਫ ਪੁਲਾ, ਜਲੰਧਰ ਤੋਂ ਗੁਰਪ੍ਰੀਤ ਉਰਫ ਗੋਪੀ ਅਤੇ ਹਰਮਨ ਕਲਸੀ, ਕਪੂਰਥਲਾ ਤੋਂ ਬਲਵਿੰਦਰ ਉਰਫ ਬਿੱਲਾ ਵਜੋਂ ਹੋਈ ਹੈ | ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 13 ਆਧੁਨਿਕ ਹਥਿਆਰ ਅਤੇ 18 ਕਾਰਤੂਸ ਵੀ ਬਰਾਮਦ ਕੀਤੇ ਹਨ |
ਆਈ ਜੀ ਨੇ ਦੱਸਿਆ ਕਿ 29 ਜੂਨ ਨੂੰ ਇਸ ਗਰੋਹ ਦੇ 11 ਮੈਂਬਰਾਂ ਦੀ ਗਿ੍ਫਤਾਰੀ ਤੋਂ ਬਾਅਦ ਜਲੰਧਰ ਦਿਹਾਤੀ ਪੁਲਸ ਇਸ ਗਰੋਹ ਦੇ ਬਾਕੀ ਸਾਥੀਆਂ ਨੂੰ ਗਿ੍ਫਤਾਰ ਕਰਨ ਲਈ ਕੁਝ ਸੁਰਾਗਾਂ ‘ਤੇ ਕੰਮ ਕਰ ਰਹੀ ਸੀ | ਉਨ੍ਹਾ ਦੱਸਿਆ ਕਿ ਗਿ੍ਫਤਾਰ ਕੀਤੇ ਗਏ ਸਾਰੇ ਵਿਅਕਤੀ ਅਪਰਾਧਕ ਪਿਛੋਕੜ ਵਾਲੇ ਹਨ ਅਤੇ ਇਹਨਾਂ ਖਿਲਾਫ ਲੁਧਿਆਣਾ, ਅੰਮਿ੍ਤਸਰ, ਫਿਰੋਜ਼ਪੁਰ, ਤਰਨ ਤਾਰਨ, ਜਲੰਧਰ, ਖੰਨਾ, ਮੋਹਾਲੀ ਅਤੇ ਪਟਿਆਲਾ ਸਮੇਤ ਹੋਰਨਾਂ ਜ਼ਿਲਿ੍ਹਆਂ ਵਿੱਚ ਘਿਨਾਉਣੇ ਅਪਰਾਧਿਕ ਮਾਮਲੇ ਦਰਜ ਹਨ | ਉਨ੍ਹਾ ਕਿਹਾ ਕਿ ਇਹ ਗਰੋਹ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਦੇ ਕਾਫੀ ਜ਼ਿਲਿ੍ਹਆਂ ਵਿੱਚ ਸਰਗਰਮ ਹੈ ਅਤੇ ਗਿ੍ਫਤਾਰ ਕੀਤੇ ਗਏ ਅਪਰਾਧੀ ਕਤਲ, ਹਥਿਆਰਬੰਦ ਡਕੈਤੀ, ਸੰਗਠਿਤ ਫਿਰੌਤੀ ਅਤੇ ਹਾਈਵੇ ਡਕੈਤੀ ਸਮੇਤ ਹੋਰ ਕਈ ਅਪਰਾਧਾਂ ਵਿੱਚ ਸ਼ਾਮਲ ਸਨ | ਆਈ ਜੀ ਗਿੱਲ ਨੇ ਕਿਹਾ ਕਿ ਇਸ ਗਰੋਹ ਦਾ ਪਰਦਾ ਫਾਸ਼ ਕਰਨ ਤੋਂ ਬਾਅਦ ਪੰਜਾਬ ਪੁਲਸ ਨੇ ਘੱਟੋ-ਘੱਟ ਪੰਜ ਕਤਲਾਂ ਅਤੇ ਸੱਤ ਹਥਿਆਰਬੰਦ ਡਕੈਤੀਆਂ ਨੂੰ ਨਾਕਾਮ ਕੀਤਾ ਹੈ | ਐੱਸ ਐੱਸ ਪੀ ਜਲੰਧਰ ਦਿਹਾਤੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਸ ਗਰੋਹ ਨੂੰ ਘੁੰਮਾ ਅਤੇ ਗੋਪੀ ਵੱਲੋਂ ਚਲਾਇਆ ਜਾ ਰਿਹਾ ਸੀ | ਇਹ ਦੋਵੇਂ ਮਾਰਕਸ ਉਰਫ ਮੱਸਾ ਦੇ ਸਾਥੀ ਸਨ, ਜੋ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ |
ਫਿਰੋਜ਼ਪੁਰ ਦਾ ਵਾਸੀ ਮੱਸਾ 18 ਅਪਰਾਧਿਕ ਕੇਸਾਂ ਕਾਰਨ ਜੇਲ੍ਹ ਵਿੱਚ ਬੰਦ ਹੈ | ਗੁਰਪ੍ਰੀਤ ਗੋਪੀ ਅਤੇ ਜੋਬਨਪ੍ਰੀਤ, ਜਿਨ੍ਹਾਂ ਵਿਰੁੱਧ ਸੱਤ ਅਪਰਾਧਕ ਮਾਮਲੇ ਦਰਜ ਹਨ, ਬੰਬੀਹਾ-ਪਿੰਦਾ ਗਰੋਹ ਦੇ ਤਿੰਨ ਮੈਂਬਰਾਂ ਦਾ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ | ਇਸ ਸੰਬੰਧ ਵਿੱਚ ਰੇਕੀ ਵੀ ਕੀਤੀ ਜਾ ਚੁੱਕੀ ਸੀ ਅਤੇ ਮੱਧ ਪ੍ਰਦੇਸ਼ ਤੋਂ ਇੱਕ ਹਥਿਆਰ ਸਪਲਾਇਰ ਤੋਂ ਹਥਿਆਰ ਵੀ ਮੰਗਵਾਏ ਗਏ ਸਨ | ਰੇਸ਼ਮ ਉਰਫ ਬਾਊ ਅਤੇ ਗੁਰਪ੍ਰੀਤ ਉਰਫ ਘੁੰਮਾ ਸ਼ੂਟਰ, ਜਿਨ੍ਹਾਂ ਖਿਲਾਫ ਵੀ ਸੱਤ ਅਪਰਾਧਕ ਮਾਮਲੇ ਦਰਜ ਹਨ, ਆਪਣੇ ਕੱਟੜ ਵਿਰੋਧੀ ਬੰਬੀਹਾ-ਗੌਂਡਰ ਗੈਂਗ ਦੇ ਦੋ ਵਿਅਕਤੀਆਂ ਦਾ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ |





