ਨਵੀਂ ਦਿੱਲੀ : ਦੇਸ਼ ਛੱਡ ਕੇ ਭੱਜਾ ਸ੍ਰੀਲੰਕਾ ਦਾ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਵੀਰਵਾਰ ਮਾਲਦੀਪ ਤੋਂ ਪਤਨੀ ਲੋਮਾ ਤੇ ਦੋ ਬਾਡੀਗਾਰਡਾਂ ਨਾਲ ਸਿੰਘਾਪੁਰ ਪੁੱਜ ਗਿਆ | ਉਹ ਸਾਉਦੀਆ ਏਅਰਲਾਈਨ ਦੇ ਜਹਾਜ਼ ਵਿਚ ਸਥਾਨਕ ਸਮੇਂ ਮੁਤਾਬਕ ਸ਼ਾਮ 7 ਵੱਜ ਕੇ 17 ਮਿੰਟ ‘ਤੇ ਸਿੰਘਾਪੁਰ ਦੇ ਚਾਂਗੀ ਹਵਾਈ ਅੱਡੇ ‘ਤੇ ਉਤਰਿਆ | ਉਥੋਂ ਉਸ ਦੇ ਸਾਊਦੀ ਅਰਬ ਜਾਣ ਦੀ ਸੰਭਾਵਨਾ ਹੈ | ਸਿੰਘਾਪੁਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਨਿੱਜੀ ਯਾਤਰਾ ‘ਤੇ ਸਿੰਘਾਪੁਰ ਪੁੱਜਾ ਹੈ | ਉਸ ਨੇ ਨਾ ਪਨਾਹ ਮੰਗੀ ਹੈ ਤੇ ਨਾ ਹੀ ਪਨਾਹ ਦਿੱਤੀ ਗਈ ਹੈ |
ਸ੍ਰੀਲੰਕਾ ਵਿਚ ਵੀਰਵਾਰ ਕੋਈ ਹਿੰਸਕ ਘਟਨਾ ਨਹੀਂ ਹੋਈ | ਲੋਕ ਗੋਟਬਾਯਾ ਦਾ ਅਸਤੀਫਾ ਉਡੀਕ ਰਹੇ ਹਨ | ਆਪੋਜ਼ੀਸ਼ਨ ਪਾਰਟੀਆਂ ਸ਼ੁੱਕਰਵਾਰ ਨੂੰ ਮੀਟਿੰਗ ਕਰਕੇ ਪ੍ਰਧਾਨ ਮੰਤਰੀ ਦਾ ਨਾਂਅ ਸੁਝਾਉਣਗੀਆਂ | ਸਾਬਕਾ ਸੈਨਾ ਮੁਖੀ ਤੇ ਸੰਸਦ ਮੈਂਬਰ ਫੀਲਡ ਮਾਰਸ਼ਲ ਸਰਤ ਫੋਨਸੇਕਾ ਨੇ ਕਿਹਾ ਹੈ ਕਿ ਜੇ ਸਾਂਸਦਾਂ ਦਾ ਬਹੁਮਤ ਚੁਣਦਾ ਹੈ ਤਾਂ ਉਹ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਲਈ ਤਿਆਰ ਹੈ |
ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਧਨੇ ਨੇ ਵੀਰਵਾਰ ਗੋਟਬਾਯਾ ਰਾਜਪਕਸ਼ੇ ਨੂੰ ਸੂਚਿਤ ਕੀਤਾ ਕਿ ਉਹ ਜਲਦੀ ਤੋਂ ਜਲਦੀ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣ, ਨਹੀਂ ਤਾਂ ਉਹ ਉਨ੍ਹਾ ਨੂੰ ਹਟਾਉਣ ਲਈ ਹੋਰ ਤਰੀਕਿਆਂ ‘ਤੇ ਵਿਚਾਰ ਕਰਨਗੇ |
ਸਪੀਕਰ ਨੇ ਬੀਤੇ ਦਿਨ ਦੱਸਿਆ ਸੀ ਕਿ ਰਾਸ਼ਟਰਪਤੀ ਨੇ ਉਨ੍ਹਾ ਨੂੰ ਟੈਲੀਫੋਨ ‘ਤੇ ਸੂਚਿਤ ਕੀਤਾ ਹੈ ਕਿ ਉਹ ਬੁੱਧਵਾਰ ਅੱਧੀ ਰਾਤ ਤੋਂ ਪਹਿਲਾਂ ਆਪਣਾ ਅਸਤੀਫਾ ਸੌਂਪ ਦੇਣਗੇ, ਪਰ ਉਨ੍ਹਾ ਹਾਲੇ ਤੱਕ ਅਜਿਹਾ ਨਹੀਂ ਕੀਤਾ |




