ਕੋਹੀਮਾ : ਰਾਹੁਲ ਗਾਂਧੀ ਨੇ ਮੰਗਲਵਾਰ ਇੱਥੇ ਕਿਹਾ ਕਿ 22 ਜਨਵਰੀ ਨੂੰ ਅਯੁੱਧਿਆ ਵਿਚ ਹੋਣ ਵਾਲਾ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰ ਐੱਸ ਐੱਸ ਦਾ ਫੰਕਸ਼ਨ ਹੈ, ਇਸ ਨੂੰ ਪੂਰੀ ਤਰ੍ਹਾਂ ਚੁਣਾਵੀ ਰੰਗ ਦੇ ਦਿੱਤਾ ਗਿਆ ਹੈ। ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਤੀਜੇ ਦਿਨ ਰਾਹੁਲ ਨੇ ਕਿਹਾ22 ਜਨਵਰੀ ਦਾ ਪ੍ਰੋਗਰਾਮ ਸਿਆਸੀ ਪ੍ਰੋਗਰਾਮ ਬਣ ਗਿਆ ਹੈ। ਹਿੰਦੂ ਧਰਮ ਦੇ ਜਿਹੜੇ ਆਗੂ ਹਨ, ਉਨ੍ਹਾਂ ਵੀ ਕਿਹਾ ਹੈ ਕਿ ਉਹ ਇਸ ਸਿਆਸੀ ਪ੍ਰੋਗਰਾਮ ਵਿਚ ਨਹੀਂ ਜਾ ਸਕਣਗੇ। ਸਿਆਸੀ ਪ੍ਰੋਗਰਾਮ ਬਣਾ ਦਿੱਤੇ ਜਾਣ ਕਾਰਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਵਿਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਹੈ।
ਰਾਹੁਲ ਨੇ ਅੱਗੇ ਕਿਹਾ ਕਿ ਜਿੱਥੋਂ ਤੱਕ ਧਰਮ ਦੀ ਗੱਲ ਹੈ, ਉਹ ਸਾਰੇ ਧਰਮਾਂ ਦੇ ਨਾਲ ਹਨ। ਕਾਂਗਰਸ ਪਾਰਟੀ ਤੋਂ ਜਿਹੜਾ ਜਾਣਾ ਚਾਹੁੰਦਾ ਹੈ ਜਾ ਸਕਦਾ ਹੈ। ਜਿਹੜੇ ਧਰਮ ਨੂੰ ਮੰਨਦੇ ਹਨ, ਉਹ ਧਰਮ ਨਾਲ ਨਿੱਜੀ ਰਿਸ਼ਤਾ ਰੱਖਦੇ ਹਨ। ਉਹ ਆਪਣੀ ਜ਼ਿੰਦਗੀ ਵਿਚ ਧਰਮ ਮੁਤਾਬਕ ਚਲਦੇ ਹਨ। ਜਿਹੜੇ ਧਰਮ ਨਾਲ ਪਬਲਿਕ ਰਿਸ਼ਤਾ ਰੱਖਦੇ ਹਨ, ਉਹ ਧਰਮ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਰਾਹੁਲ ਨੇ ਕਿਹਾਮੈਂ ਆਪਣੇ ਧਰਮ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਮੈਂ ਆਪਣੇ ਧਰਮ ਦੇ ਸਿਧਾਂਤਾਂ ’ਤੇ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰਦਾ ਹਾਂ।


