16 ਫਰਵਰੀ ਦੇ ਐਕਸ਼ਨ ਲਈ ਵਿਸ਼ਾਲ ਲਾਮਬੰਦੀ ਦਾ ਸੱਦਾ

0
263

ਲੁਧਿਆਣਾ, (ਐੱਮ ਐੱਸ ਭਾਟੀਆ)- ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ) ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਨੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਅਤੇ ਦੇਸ਼-ਵਿਰੋਧੀ ਵਿਨਾਸ਼ਕਾਰੀ ਨੀਤੀਆਂ ਵਿਰੁੱਧ 16 ਫਰਵਰੀ ਨੂੰ ਉਦਯੋਗਿਕ/ ਖੇਤਰੀ ਹੜਤਾਲ ਅਤੇ ਪੇਂਡੂ ਭਾਰਤ ਬੰਦ ਦੇ ਨਾਲ-ਨਾਲ ਵਿਸ਼ਾਲ ਦੇਸ਼ ਵਿਆਪੀ ਲਾਮਬੰਦੀ ਦਾ ਸੱਦਾ ਦਿੱਤਾ ਹੈ। ਨਵੀਂ ਦਿੱਲੀ ’ਚ ਬੁੱਧਵਾਰ ਪ੍ਰੈੱਸ ਕਾਨਫਰੰਸ ਕਰਕੇ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ/ ਫੈਡਰੇਸ਼ਨਾਂ/ ਐਸੋਸੀਏਸ਼ਨਾਂ ਦੇ ਸਾਂਝੇ ਮੰਚ ਨੇ ਸੱਤਾਧਾਰੀ ਕਾਰਪੋਰੇਟ-ਫਿਰਕੂ ਗਠਜੋੜ ਦੀਆਂ ਕਾਰਵਾਈਆਂ ’ਤੇ ਚਿੰਤਾ ਜ਼ਾਹਰ ਕੀਤੀ, ਜਿਸ ਵਿੱਚ ਰਾਸ਼ਟਰੀ ਸੰਪਤੀ ਨੂੰ ਬੇਸ਼ਰਮੀ ਨਾਲ ਮੁੱਠੀ-ਭਰ ਨਿੱਜੀ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਭਾਰਤੀ ਲੋਕਤੰਤਰ ਦੀਆਂ ਸਾਰੀਆਂ ਸੰਸਥਾਵਾਂ ਨੂੰ ਅਪੰਗ ਕਰਕੇ ਉਨ੍ਹਾਂ ’ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਇਹ ਸਰਕਾਰ ਸਮੁੱਚੇ ਤੌਰ ’ਤੇ ਕਿਰਤੀ ਲੋਕਾਂ ਦੇ ਜੀਵਨ ਅਤੇ ਉਪਜੀਵਕਾ ’ਤੇ ਲਗਾਤਾਰ ਵਹਿਸ਼ੀ ਹਮਲੇ ਕਰ ਰਹੀ ਹੈ ਅਤੇ ਵੱਖ-ਵੱਖ ਕਾਨੂੰਨਾਂ, ਕਾਰਜਕਾਰੀ ਹੁਕਮਾਂ ਅਤੇ ਨੀਤੀਗਤ ਮੁਹਿੰਮਾਂ ਰਾਹੀਂ ਜ਼ੋਰਦਾਰ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਅਤੇ ਲੋਕ-ਵਿਰੋਧੀ ਕਦਮ ਚੁੱਕ ਰਹੀ ਹੈ। ਇਹ ਸੰਵਿਧਾਨਕ ਤੌਰ ’ਤੇ ਚੁਣੀਆਂ ਗਈਆਂ ਰਾਜ ਸਰਕਾਰਾਂ ਦੇ ਅਧਿਕਾਰਾਂ ਤੋਂ ਇਨਕਾਰ ਕਰ ਰਹੀ ਹੈ। ਇਹ ਸਾਰੇ ਜਮਹੂਰੀ ਦਾਅਵਿਆਂ ਅਤੇ ਲੋਕਾਂ ਦੇ ਵੱਖ-ਵੱਖ ਵਰਗਾਂ ਦੀਆਂ ਅਸਹਿਮਤੀ ਦੀਆਂ ਸਾਰੀਆਂ ਆਵਾਜ਼ਾਂ ਨੂੰ ਦਬਾਅ ਰਹੀ ਹੈ। ਇਹ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਏਜੰਸੀਆਂ ਦੀ ਘੋਰ ਦੁਰਵਰਤੋਂ ਕਰਦੇ ਹੋਏ ਰਾਜਨੀਤੀ ਅਤੇ ਸੰਵਿਧਾਨਕ ਸੰਸਥਾਵਾਂ ਦਾ ਫਿਰਕੂਕਰਨ ਕਰਨ ਦੀ ਆਪਣੀ ਖਤਰਨਾਕ ਯੋਜਨਾ ਨੂੰ ਜਾਰੀ ਰੱਖ ਰਹੀ ਹੈ। ਕੇਂਦਰ ਸਰਕਾਰ ਮੀਡੀਆ ਦੀ ਆਜ਼ਾਦੀ ’ਤੇ ਲਗਾਤਾਰ ਹਮਲਾ ਕਰ ਰਹੀ ਹੈ ਅਤੇ ਜਿਨਸੀ ਸ਼ੋਸ਼ਣ ਦੇ ਅਪਰਾਧੀਆਂ ਨੂੰ ਬੇਸ਼ਰਮੀ ਨਾਲ ਬਚਾਅ ਰਹੀ ਹੈ, ਜਿਸ ਨਾਲ ਕਾਨੂੰਨ ਅਤੇ ਵਿਵਸਥਾ ’ਤੇ ਲੋਕਾਂ ਦਾ ਭਰੋਸਾ ਖਤਮ ਹੋ ਰਿਹਾ ਹੈ।
ਸੀ ਟੀ ਯੂ, ਫੈਡਰੇਸ਼ਨਾਂ/ ਐਸੋਸੀਏਸ਼ਨਾਂ 26 ਜਨਵਰੀ ਨੂੰ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਟਰੈਕਟਰ/ ਵਾਹਨ ਪਰੇਡ ਲਈ ਐੱਸ ਕੇ ਐੱਮ ਦੁਆਰਾ ਪਹਿਲਾਂ ਹੀ ਦਿੱਤੇ ਗਏ ਸੱਦੇ ਦਾ ਸਮਰਥਨ ਕਰਦੀਆਂ ਹਨ। ਮਜ਼ਦੂਰ ਅਤੇ ਕਿਸਾਨ ਸਾਂਝੇ ਤੌਰ ’ਤੇ 10 ਤੋਂ 20 ਜਨਵਰੀ ਤੱਕ ਭਾਰਤ ਭਰ ਦੇ ਸਾਰੇ ਪਿੰਡਾਂ ਵਿੱਚ ਘਰ-ਘਰ ਜਾ ਕੇ ਜਨ-ਜਾਗਰਣ ਮੁਹਿੰਮ ਚਲਾ ਰਹੇ ਹਨ ਤਾਂ ਜੋ ਹੈਂਡ ਬਿੱਲ/ ਪੈਂਫਲਟ ਵੰਡਣ, ਮੰਗ ਪੱਤਰ ਵੰਡਣ ਅਤੇ ਸੰਘਰਸ਼ਾਂ ਵਿੱਚ ਵੱਡੀ ਪੱਧਰ ’ਤੇ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ। ਇਹ ਸਾਰੀਆਂ ਜਨ-ਸੰਪਰਕ ਗਤੀਵਿਧੀਆਂ ਕਾਰਪੋਰੇਟ-ਫਿਰਕੂ ਗਠਜੋੜ ਨਾਲ ਅਪਣਾਈਆਂ ਜਾ ਰਹੀਆਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ, ਦੇਸ਼-ਵਿਰੋਧੀ ਨੀਤੀਆਂ ਵਿਰੁੱਧ ਦੇਸ਼ ਵਿਆਪੀ ਲਾਮਬੰਦੀ ਪੈਦਾ ਕਰਨ ਵਿੱਚ ਸਹਾਈ ਹੋਣਗੀਆਂ।
ਐੱਸ ਕੇ ਐੱਮ ਅਤੇ ਸੀ ਟੀ ਯੂ/ ਫੈਡਰੇਸ਼ਨਾਂ/ ਐਸੋਸੀਏਸ਼ਨਾਂ ਵੱਲੋਂ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਨੀਤੀਆਂ ਵਿਰੁੱਧ 16 ਫਰਵਰੀ ਨੂੰ ਉਦਯੋਗਿਕ/ ਖੇਤਰੀ ਹੜਤਾਲ ਅਤੇ ਪੇਂਡੂ ਭਾਰਤ ਬੰਦ ਦੇ ਨਾਲ-ਨਾਲ ਵੱਖ-ਵੱਖ ਪੱਧਰਾਂ ’ਤੇ ਦੇਸ਼ ਵਿਆਪੀ ਵਿਸ਼ਾਲ ਅੰਦੋਲਨ ਦਾ ਸੱਦਾ ਦਿੱਤਾ ਗਿਆ ਹੈ। ਹੜਤਾਲਾਂ ਸਮੇਤ ਕਈ ਖੇਤਰਾਂ ਵਿੱਚ ਅੰਦੋਲਨ ਅਤੇ ਸੰਘਰਸ਼ ਚੱਲ ਰਹੇ ਹਨ। ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਅੰਦੋਲਨ ਨੂੰ ਐੱਸ ਕੇ ਐੱਮ ਅਤੇ ਸੀ ਟੀ ਯੂ ਦੁਆਰਾ ਸਾਂਝੇ ਤੌਰ ’ਤੇ ਅਪਣਾਏ ਗਏ 16 ਫਰਵਰੀ ਦੇ ਦੇਸ਼-ਵਿਆਪੀ ਪ੍ਰੋਗਰਾਮ ਨਾਲ ਮੇਲਣ।
ਉਹਨਾਂ ਵਿਦਿਆਰਥੀਆਂ, ਨੌਜਵਾਨਾਂ, ਅਧਿਆਪਕਾਂ, ਔਰਤਾਂ, ਸਮਾਜਕ ਅੰਦੋਲਨਾਂ ਅਤੇ ਕਲਾ, ਸੱਭਿਆਚਾਰ, ਸਾਹਿਤ ਦੇ ਖੇਤਰ ਵਿੱਚ ਸਾਰੀਆਂ ਸਮਾਨ ਸੋਚ ਵਾਲੀਆਂ ਲਹਿਰਾਂ ਨੂੰ ਅਪੀਲ ਕੀਤੀ ਕਿ ਉਹ ਸੰਯੁਕਤ ਕਿਸਾਨ ਮੋਰਚਾ ਅਤੇ ਸੀ ਟੀ ਯੂ/ ਫੈਡਰੇਸ਼ਨਾਂ/ਐਸੋਸੀਏਸ਼ਨਾਂ ਦੀਆਂ ਸਾਂਝੀਆਂ ਮੁਹਿੰਮਾਂ ਵਿੱਚ ਸ਼ਾਮਲ ਹੋਣ।

LEAVE A REPLY

Please enter your comment!
Please enter your name here