ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਗੁਰੂ ਨਾਨਕ ਦੇਵ ਦੀ ਤੱਕੜੀ ਨਾਲ ਤੁਲਨਾ ਕਰਨ ਵਾਲੀ ਹਰਸਿਮਰਤ ਬਾਰੇ ਧਾਮੀ ਚੁੱਪ ਕਿਉਂ : ਮਾਨ

0
209

ਚੰਡੀਗੜ੍ਹ (ਗੁਰਜੀਤ ਬਿੱਲਾ)
ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਤੁਲਨਾ ਗੁਰੂ ਨਾਨਕ ਦੇਵ ਨਾਲ ਕਰਨ ਬਾਰੇ ਹਰਸਿਮਰਤ ਕੌਰ ਬਾਦਲ ਦੇ ਬਿਆਨ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਧਾਰੀ ਚੁੱਪ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵਾਲ ਚੁੱਕਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਅਚੰਭੇ ਵਾਲੀ ਗੱਲ ਹੈ ਕਿ ਹਰਸਿਮਰਤ ਬਾਦਲ ਦੇ ਅਜਿਹੇ ਗੈਰ-ਜ਼ਿੰਮੇਵਾਰਾਨਾ ਤੇ ਨਿਰਾਧਾਰ ਬਿਆਨਾਂ ਰਾਹੀਂ ਹਰੇਕ ਸਿੱਖ ਦੇ ਹਿਰਦੇ ਨੂੰ ਠੇਸ ਪੁੱਜੀ ਹੈ, ਪਰ ਸ਼੍ਰੋਮਣੀ ਕਮੇਟੀ ਇਸ ਮਸਲੇ ਉਤੇ ਚੁੱਪ ਹੈ। ਉਨ੍ਹਾ ਕਿਹਾ ਕਿ ਇਸ ਤੋਂ ਸਾਫ ਦਿਸਦਾ ਹੈ ਕਿ ਧਾਮੀ ਅਕਾਲੀ ਦਲ ਖਾਸ ਤੌਰ ਉਤੇ ਬਾਦਲ ਪਰਵਾਰ ਦੇ ਇਕ ਵਫਾਦਾਰ ਵਲੰਟੀਅਰ ਤੋਂ ਵੱਧ ਕੁਝ ਨਹੀਂ। ਮਾਨ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪਣੇ ਆਕਾਵਾਂ ਦੀਆਂ ਸਾਰੀਆਂ ਗਲਤੀਆਂ ਵੱਲੋਂ ਅੱਖਾਂ ਮੀਟ ਲਈਆਂ ਹਨ, ਜਿਸ ਕਾਰਨ ਸਮੁੱਚੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਵੱਜ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਦਾ ਇਹ ਬਿਆਨ ਮਾਘੀ ਮੌਕੇ ਆਇਆ ਹੈ, ਪਰ ਇਸ ਸਮੁੱਚੇ ਮਸਲੇ ਉਤੇ ਧਾਮੀ ਦੀ ਗੁਝੀ ਚੁੱਪ ਨਾਲ ਇਹ ਗੱਲ ਪੁਖਤਾ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬਾਦਲਾਂ ਦੇ ਹੱਥਾਂ ਦੀ ਕਠਪੁਤਲੀ ਤੋਂ ਵੱਧ ਕੁਝ ਨਹੀਂ ਹਨ। ਉਨ੍ਹਾ ਕਿਹਾ ਕਿ ਕਿੰਨੀ ਮਾੜੀ ਗੱਲ ਹੈ ਕਿ ਬਾਦਲ ਪਰਵਾਰ ਦੀਆਂ ਕਾਰਵਾਈਆਂ ਪੂਰੀ ਤਰ੍ਹਾਂ ਸਿੱਖੀ ਰਹਿਤ ਮਰਿਆਦਾ ਦੇ ਉਲਟ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਨ੍ਹਾਂ ਵਿੱਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ। ਮਾਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਚੇਤਾਵਨੀ ਦਿੱਤੀ ਕਿ ਸਿੱਖ ਸੰਗਤ ਉਨ੍ਹਾ ਨੂੰ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੀ ਨੀਤੀ ਲਈ ਮੁਆਫ ਨਹੀਂ ਕਰੇਗੀ ਅਤੇ ਢੁਕਵਾਂ ਸਬਕ ਸਿਖਾਏਗੀ। ਮੁੱਖ ਮੰਤਰੀ ਨੇ ਧਾਮੀ ਨੂੰ ਚੁਣੌਤੀ ਦਿੱਤੀ ਕਿ ਉਹ ਮੀਡੀਆ ਸਾਹਮਣੇ ਆਉਣ ਅਤੇ ਆਪਣੇ ਆਕਾਵਾਂ ਤੇ ਅਕਾਲੀ ਦਲ ਦਾ ਇਨ੍ਹਾਂ ਘਟੀਆ ਹਰਕਤਾਂ ਲਈ ਬਚਾਅ ਕਰਨ। ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਉਤੇ ਸਿੱਖਾਂ ਦੇ ਧਾਰਮਕ ਮਸਲਿਆਂ ਵਿੱਚ ਦਖਲਅੰਦਾਜੀ ਦਾ ਦੋਸ਼ ਲਾਉਂਦੀ ਰਹੀ ਹੈ, ਪਰ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਪ੍ਰਧਾਨ ਅਕਾਲੀ ਦਲ ਵਿੱਚ ਹਾਵੀ ਇਸ ਪਰਵਾਰ ਦੇ ਹੱਥਠੋਕੇ ਵਜੋਂ ਕੰਮ ਕਰ ਰਹੇ ਹਨ।

LEAVE A REPLY

Please enter your comment!
Please enter your name here