ਪੰਜਾਬ ਏਟਕ 26 ਦੇ ਮਾਰਚ ਤੇ 16 ਫਰਵਰੀ ਦੇ ਪੇਂਡੂ ਭਾਰਤ ਬੰਦ ‘ਚ ਵਧ-ਚੜ੍ਹ ਕੇ ਹਿੱਸਾ ਲਵੇਗੀ : ਬਰਾੜ, ਧਾਲੀਵਾਲ

0
158

ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਏਟਕ ਨਾਲ ਸੰਬੰਧਤ ਸਭ ਜਥੇਬੰਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੇ ਤੌਰ ‘ਤੇ ਲਏ ਫੈਸਲੇ ਅਨੁਸਾਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਕੀਤੇ ਜਾਣ ਵਾਲੇ ਪੜਾਅਵਾਰ ਸੰਘਰਸ਼ ਵਜੋਂ 26 ਜਨਵਰੀ ਨੂੰ ਕੀਤੇ ਜਾਣ ਵਾਲੇ ਮਾਰਚ ‘ਚ ਸ਼ਮੂਲੀਅਤ ਕਰਨਗੀਆਂ ਅਤੇ 16 ਫਰਵਰੀ ਨੂੰ ਇਨ੍ਹਾਂ ਹੀ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਪੇਂਡੂ ਭਾਰਤ ਬੰਦ ਅਤੇ ਉਦਯੋਗਿਕ ਹੜਤਾਲ ਦੀ ਸਫਲਤਾ ਲਈ ਜ਼ੋਰਦਾਰ ਤਿਆਰੀਆਂ ਕਰਨ ਲਈ ਲਾਮਬੰਦੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਧਾਲੀਵਾਲ ਅਤੇ ਬਰਾੜ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨਿੱਜੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਤਹਿਤ ਕਿਸਾਨਾਂ ਅਤੇ ਹਰ ਵਰਗ ਦੇ ਮਜ਼ਦੂਰਾਂ ਦੀ ਆਰਥਕਤਾ ਉਪਰ ਜੋ ਲੁੱਟ ਦਾ ਹਮਲਾ ਸ਼ੁਰੂ ਕੀਤਾ ਹੋਇਆ ਹੈ, ਉਸ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੇ ਮੰਦੇ ਮਨਸੂਬੇ, ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਨਾ ਦੇਣਾ, ਖੇਤੀ ਲਾਗਤਾਂ ਵਿੱਚ ਬੇਸ਼ੁਮਾਰ ਵਾਧਾ, ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਦੀ ਬਜਾਏ ਕਰਜ਼ ਜਾਲ ਵਿੱਚ ਫਸਾਉਣਾ, ਕਿਸਾਨਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਪ੍ਰਸ਼ਾਸਨਕ ਅਤੇ ਗੁੰਡਾਗਰਦੀ ਵਰਗੇ ਤਰੀਕੇ ਅਖਤਿਆਰ ਕਰਨਾ, ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੇ ਮੁਜਰਮਾਂ ਨੂੰ ਸਜ਼ਾਵਾਂ ਨਾ ਦੇਣੀਆਂ ਆਦਿ ਮਸਲੇ ਚੁਣੌਤੀ ਬਣੇ ਹੋਏ ਹਨ | ਇਸੇ ਤਰ੍ਹਾਂ ਮਜ਼ਦੂਰਾਂ ਦੇ ਹੱਕ ਖੋਹਣ ਲਈ 44 ਲੇਬਰ ਕਾਨੂੰਨ ਖਤਮ ਕਰਕੇ ਲੇਬਰ ਵਿਰੋਧੀ 4 ਲੇਬਰ ਕੋਡ ਬਣਾਉਣੇ, ਘੱਟੋ ਘੱਟ ਉਜਰਤਾਂ 26000 ਪ੍ਰਤੀ ਮਹੀਨਾ ਨਾ ਕਰਨੀਆਂ, ਨਿਗੂਣੀਆਂ ਤਨਖਾਹਾਂ ਬਦਲੇ ਠੇਕੇਦਾਰੀ ਸਿਸਟਮ ਰਾਹੀਂ ਨੌਜਵਾਨ ਸ਼ਕਤੀ ਦਾ ਘੋਰ ਅਪਰਾਧ ਵਰਗਾ ਆਰਥਕ ਸ਼ੋਸ਼ਣ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ, ਪਬਲਿਕ ਸੈਕਟਰ ਦਾ ਅੰਨੇ੍ਹਵਾਹ ਨਿੱਜੀਕਰਨ ਅਤੇ ਕੌਡੀਆਂ ਦੇ ਭਾਅ ਵੇਚਣ ਦਾ ਸਿਲਸਿਲਾ ਬਾਦਸਤੂਰ ਜਾਰੀ ਰੱਖਣਾ, ਸਕੀਮ ਵਰਕਰਾਂ ਜੋ ਵੱਡੀ ਗਿਣਤੀ ਵਿੱਚ ਔਰਤਾਂ ਹਨ, ਉਨ੍ਹਾਂ ਨੂੰ ਘੱਟੋ -ਘੱਟ ਉਜਰਤਾਂ ਦੇ ਦਾਇਰੇ ਵਿੱਚ ਨਾ ਲਿਆਉਣਾ, ਸਮਾਜਕ ਸੁਰੱਖਿਆ ਸਕੀਮ ਦੇ ਬਜਟ ਵਿੱਚ ਕਟੌਤੀਆਂ ਕਰਨਾ, ਨਰੇਗਾ ਕਾਮਿਆਂ ਦੇ ਬਜਟ ‘ਚ ਭਾਰੀ ਕੱਟ, ਡਰਾਈਵਰਾਂ ਵਿਰੁੱਧ ਨਫਰਤੀ ਵਾਤਾਵਰਣ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਐਕਸੀਡੈਂਟ ਕੇਸਾਂ ਵਿੱਚ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਏ ਜੁਰਮਾਨੇ ਦਾ ਕਾਨੂੰਨ ਲਿਆਉਣਾ, ਬਿਜਲੀ ਬਿੱਲ 2020 ਆਦਿ ਮਜ਼ਦੂਰ ਜਮਾਤ ਵਿਰੋਧੀ ਕਦਮਾਂ ਵਿਰੁੱਧ ਸਖਤ ਸੰਘਰਸ਼ ਸਮੇਂ ਦੀ ਅਹਿਮ ਲੋੜ ਹੈ ਅਤੇ ਇਸ ਦੇ ਨਾਲ ਨਾਲ ਇਸ ਸਰਕਾਰ ਵੱਲੋਂ ਸਮਾਜ ਵਿੱਚ ਨਫਰਤ ਫੈਲਾਉਣ ਅਤੇ ਡਰ ਭੈਅ ਦਾ ਮਾਹੌਲ ਪੈਦਾ ਕਰਨ ਦੇ ਵਿਰੁੱਧ ਵੀ ਅਵਾਜ਼ ਬੁਲੰਦ ਕੀਤੀ ਜਾਵੇਗੀ | ਪੰਜਾਬ ਏਟਕ ਦੇ ਆਗੂਆਂ ਨੇ ਸਾਰੀਆਂ ਜਥੇਬੰਦੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਦੀਆਂ ਧਿਰਾਂ ਨਾਲ ਲੋਕਲ ਪੱਧਰ ‘ਤੇ ਰਾਬਤਾ ਕਾਇਮ ਕਰਕੇ ਇਸ ਸਾਂਝੇ ਸੱਦੇ ਦੀ ਕਾਮਯਾਬੀ ਲਈ ਵਿਉਂਤਬੰਦੀ ਕੀਤੀ ਜਾਵੇ |

LEAVE A REPLY

Please enter your comment!
Please enter your name here