ਜੋਰਹਾਟ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਦੋਸ਼ ਲਾਇਆ ਕਿ ਭਾਜਪਾ ਆਦਿਵਾਸੀਆਂ ਨੂੰ ਜੰਗਲਾਂ ਤੱਕ ਮਹਿਦੂਦ ਰੱਖ ਕੇ ਸਿੱਖਿਆ ਤੇ ਹੋਰਨਾਂ ਮੌਕਿਆਂ ਤੋਂ ਵਿਰਵੇ ਰੱਖਣਾ ਚਾਹੁੰਦੀ ਹੈ | ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਆਸਾਮ ਦੇ ਟਾਪੂ ਜ਼ਿਲ੍ਹੇ ਮਾਜੁਲੀ ਵਿਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਕਾਂਗਰਸ ਦੀ ਸੋਚ ਹੈ ਕਿ ਜੰਗਲਾਤ ਸੋਮਿਆਂ ‘ਤੇ ਪਹਿਲਾ ਹੱਕ ਆਦਿਵਾਸੀਆਂ ਦਾ ਹੈ | ”ਅਸੀਂ ਤੁਹਾਨੂੰ ਆਦਿਵਾਸੀ ਕਹਿੰਦੇ ਹਾਂ, ਜਿਸ ਦਾ ਮਤਲਬ ਹੈ ਕਿ ਮੂਲਵਾਸੀ ਤੁਸੀਂ ਹੋ | ਭਾਜਪਾ ਤੁਹਾਨੂੰ ਵਨਵਾਸੀ ਕਹਿੰਦੀ ਹੈ, ਜਿਸ ਦਾ ਮਤਲਬ ਹੈ ਕਿ ਉਹ ਲੋਕ, ਜਿਹੜੇ ਜੰਗਲਾਂ ਵਿਚ ਰਹਿੰਦੇ ਹਨ |” ਉਨ੍ਹਾ ਦੋਸ਼ ਲਾਇਆ ਕਿ ਆਸਾਮ ਵਿਚ ਕੁਲੀਸ਼ਨ ਸਰਕਾਰ ਦੀ ਅਗਵਾਈ ਕਰਨ ਵਾਲੀ ਭਾਜਪਾ ਕਬਾਇਲੀਆਂ ਨੂੰ ਜੰਗਲਾਂ ਤੱਕ ਮਹਿਦੂਦ ਰੱਖਣ ਚਾਹੁੰਦੀ ਹੈ | ਉਹ ਨਹੀਂ ਚਾਹੁੰਦੀ ਕਿ ਉਨ੍ਹਾਂ ਦੇ ਬੱਚੇ ਸਕੂਲਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਨ, ਅੰਗਰੇਜ਼ੀ ਸਿੱਖਣ ਤੇ ਬਿਜ਼ਨੈੱਸ ਕਰਨ | ਕਾਂਗਰਸ ਦੀ ਸੋਚ ਹੈ ਕਿ ਪਾਣੀ, ਜ਼ਮੀਨ ਤੇ ਜੰਗਲ ਦੇ ਮਾਲਕ ਕਬਾਇਲੀ ਹਨ | ਭਾਜਪਾ ਦੇਸ਼-ਭਰ ਵਿਚ ਕਬਾਇਲੀਆਂ ਦੀਆਂ ਜ਼ਮੀਨਾਂ ਖੋਹ ਰਹੀ ਹੈ | ਉਨ੍ਹਾਂ ਦਾ ਇਤਿਹਾਸ ਖਤਮ ਕਰ ਰਹੀ ਹੈ | ਇਹ ਯਾਤਰਾ ਆਸਾਮ ਵਿਚ 25 ਜਨਵਰੀ ਤੱਕ ਚੱਲਣੀ ਹੈ ਤੇ 17 ਜ਼ਿਲਿ੍ਹਆਂ ਵਿਚ 833 ਕਿੱਲੋਮੀਟਰ ਦਾ ਸਫਰ ਤੈਅ ਕਰੇਗੀ |



