ਲੈਨਿਨ ਦੀ ਵਿਚਾਰਧਾਰਾ ਤੋਂ ਅਗਵਾਈ ਲੈਣ ਦਾ ਸੱਦਾ

0
181

ਮੋਗਾ : ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖ਼ੇ ਐਤਵਾਰ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਰੂਸੀ ਇਨਕਲਾਬ ਦੇ ਰਚੇਤਾ, ਦੁਨੀਆ ਦੀ ਕਿਰਤੀ ਧਿਰ ਦੇ ਮਹਾਨ ਅਧਿਆਪਕ ਅਤੇ ਆਗੂ ਵਲਾਦੀਮੀਰ ਇਲੀਅਚ ਉਲੀਆਨੌਵ ਲੈਨਿਨ ਦੀ 100 ਸਾਲਾ ਬਰਸੀ ਮੌਕੇ ਲੈਨਿਨ ਦੇ ਜੀਵਨ ਸੰਘਰਸ਼ ਨੂੰ ਦਰਸਾਉਂਦੀ ਫੋਟੋ ਪ੍ਰਦਰਸ਼ਨੀ ਅਤੇ ਇਕ ਵਿਸ਼ੇਸ਼ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਨੌਜਵਾਨ ਸਭਾ ਦੀ ਕੌਮੀ ਕੌਂਸਲ ਦੀ ਮੈਂਬਰ ਕਰਮਵੀਰ ਕੌਰ ਬੱਧਨੀ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸਨ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ ਨੇ ਕੀਤੀ। ਸੈਮੀਨਾਰ ਨੂੰ ਮੁੱਖ ਤੌਰ ’ਤੇ ਸੰਬੋਧਨ ਕਰਨ ਲਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ, ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਆਗੂ ਰਿਟਾਇਰਡ ਬਲਕਾਰ ਸਿੰਘ ਵਲਟੋਹਾ, ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਦੇ ਸੂਬਾ ਸਕੱਤਰ ਜਗਦੀਸ਼ ਸਿੰਘ ਚਾਹਲ ਵੀ ਵਿਸ਼ੇਸ਼ ਤੌਰ ’ਤੇ ਉਨ੍ਹਾ ਦੇ ਨਾਲ ਸਨ। ਇਸ ਵਿਸ਼ੇਸ਼ ਸੈਮੀਨਾਰ ਦਾ ਉਦਘਾਟਨ ਭਾਰਤੀ ਕਮਿਊਨਿਸਟ ਪਾਰਟੀ ਮੋਗਾ ਦੇ ਸੀਨੀਅਰ ਆਗੂ ਅਤੇ ਰਿਟਾਇਰਡ ਜ਼ਿਲ੍ਹਾ ਐੱਸ ਐੱਮ ਓ ਡਾਕਟਰ ਇੰਦਰਵੀਰ ਸਿੰਘ ਗਿੱਲ ਨੇ ਕੀਤਾ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਨੇ ਕਿਹਾ ਕਿ ਲੈਨਿਨ ਦੁਨੀਆ ਦੇ ਪਹਿਲੇ ਮਾਰਕਸਵਾਦੀ ਸਨ, ਜਿਨ੍ਹਾ ਮਾਰਕਸਵਾਦ ਨੂੰ ਅਮਲ ਤੇ ਸਿਧਾਂਤ ਵਿੱਚ ਲਾਗੂ ਕਰਦਿਆਂ ਰੂਸ ਵਿੱਚ ਇਨਕਲਾਬ ਕਰਕੇ ਕਿਸਾਨਾਂ, ਮਜ਼ਦੂਰਾਂ ਦਾ ਰਾਜ ਸਥਾਪਤ ਕੀਤਾ, ਜੋ ਸਫਲਤਾਪੂਰਵਕ ਲਗਾਤਾਰ 70 ਸਾਲ ਚਲਦਾ ਰਿਹਾ।
ਲੈਨਿਨ ਦੁਆਰਾ ਕੀਤੇ ਇਸ ਇਨਕਲਾਬ ਨੇ ਰੂਸ ਹੀ ਨਹੀਂ, ਦੁਨੀਆਂ ਦੀ ਕਿਰਤੀ ਜਮਾਤ ਨੂੰ ਅਜਿਹਾ ਪ੍ਰਭਾਵਤ ਕੀਤਾ ਕਿ ਪੂਰੀ ਦੁਨੀਆ ਵਿੱਚ ਇਨਕਲਾਬ ਪ੍ਰਾਪਤ ਕਰਨ ਲਈ ਸੰਗਰਾਮ ਛਿੜ ਪਏ, ਜੋ ਅੱਜ ਵੀ ਲਗਾਤਾਰ ਜਾਰੀ ਹਨ। ਉਹਨਾ ਕਿਹਾ ਕਿ ਅੱਜ ਤੋਂ 100 ਸਾਲ ਪਹਿਲਾਂ ਭਾਵੇਂ ਲੈਨਿਨ ਦੀ ਮੌਤ ਹੋ ਗਈ ਸੀ, ਪਰ ਲੈਨਿਨ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਉਹਨਾ ਦੀ ਮਿ੍ਰਤਕ ਦੇਹ ਨੂੰ ਅੱਜ 100 ਸਾਲ ਬਾਅਦ ਤੱਕ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਉਹਦੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ। ਉਹਨਾ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ 100 ਸਾਲ ਪਹਿਲਾਂ ਹੋਏ ਇਨਕਲਾਬ ਦੇ ਤਜਰਬੇ ਅਤੇ ਲੈਨਿਨ ਦੀ ਵਿਚਾਰਧਾਰਾ ਤੋਂ ਅਗਵਾਈ ਲੈ ਕੇ ਅਜੋਕੀ ਪਰੋਲੇਤਾਰੀ ਨੂੰ ਆਪਣਾ ਸੰਘਰਸ਼ ਤੇਜ਼ ਕਰਨਾ ਚਾਹੀਦਾ ਹੈ, ਜੋ ਅਵੱਸ਼ ਹੀ ਜਿੱਤ ਵੱਲ ਜਾਵੇਗਾ।
ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਪਿ੍ਰਤਪਾਲ ਸਿੰਘ ਨੇ ਕਿਹਾ ਕਿ ਮਹਾਨ ਲੈਨਿਨ ਦੀ ਵਿਚਾਰਧਾਰਾ ਅੱਜ ਵੀ ਜਵਾਨੀ ਨੂੰ, ਜਵਾਨੀ ਦੀਆਂ ਮੁੱਖ ਮੁਸ਼ਕਲਾਂ ਦੇ ਹੱਲ ਲਈ ਬਾਖੂਬੀ ਅਗਵਾਈ ਕਰਦੀ ਹੈ।
ਆਗੂਆਂ ਕਿਹਾ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਲੈਨਿਨ ਦੀ ਇਸ 100 ਸਾਲਾ ਬਰਸੀ ਮੌਕੇ ਸਾਲ ਭਰ ਉਸ ਦੀ ਮਹਾਨ ਵਿਚਾਰਧਾਰਾ ਨੂੰ ਨੌਜਵਾਨਾਂ ਅਤੇ ਵਿਦਿਆਰਥੀਆਂ, ਸਕੂਲਾਂ, ਕਾਲਜਾਂ, ਪਿੰਡਾਂ, ਕਸਬਿਆਂ ਵਿੱਚ ਲੈ ਕੇ ਜਾਣਾ ਚਾਹੀਦਾ ਹੈ, ਤਾਂ ਕਿ ਆਉਣ ਵਾਲੀ ਪੀੜ੍ਹੀ ਇਸ ਤੋਂ ਅਗਵਾਈ ਲੈ ਸਕੇ।
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਦੇ ਜਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ, ਸੁਖਜਿੰਦਰ ਸਿੰਘ ਮਹੇਸਰੀ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਸ਼ੇਰ ਸਿੰਘ ਸਰਪੰਚ, ਸਬਰਾਜ ਸਿੰਘ ਢੁੱਡੀਕੇ ਦੀ ਅਗਵਾਈ ਵਿੱਚ ਮਹਾਨ ਲੈਨਿਨ ਦੇ ਜੀਵਨ ਫਲਸਫੇ ਨੂੰ ਦਰਸਾਉਂਦੀ ਪ੍ਰਭਾਵਸ਼ਾਲੀ ਫੋਟੋ ਪ੍ਰਦਰਸ਼ਨੀ ਲਗਾਈ ਗਈ।
ਸੈਮੀਨਾਰ ਨੂੰ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਆਗੂ ਹਰਮੇਲ ਉੱਭਾ, ਸੁਖਵਿੰਦਰ ਮਲੋਟ, ਰਾਹੁਲ ਗਰਗ, ਗੁਰਦਿੱਤ ਦੀਨਾ, ਜਗਵਿੰਦਰ ਕਾਕਾ, ਨਰਿੰਦਰ ਢਾਬਾਂ, ਸਤੀਸ਼ ਛਪੜੀ ਵਾਲਾ, ਪਰਮਿੰਦਰ ਰਹਿਮੇ ਸ਼ਾਹ, ਨਵਜੋਰ ਸੰਗਰੂਰ, ਸਵਰਾਜ ਖੋਸਾ, ਹਰਪ੍ਰੀਤ ਨਿਹਾਲ ਸਿੰਘ ਵਾਲਾ, ਜਗਦੀਸ਼ ਚਾਹਲ, ਜਗਸੀਰ ਖੋਸਾ, ਹਰਪ੍ਰੀਤ ਡਾਲਾ, ਇੰਜੀ. ਸਵਰਨ ਖੋਸਾ, ਜਸਪ੍ਰੀਤ ਬੱਧਨੀ, ਨਵਜੋਤ ਬਿਲਾਸਪੁਰ, ਇੰਦਰਜੀਤ ਦੀਨਾ, ਨਵਕਿਰਨ ਕੌਰ, ਲਵਪ੍ਰੀਤ ਕੌਰ, ਜਬਰਜੰਗ ਮਹੇਸਰੀ, ਹਰਬੰਸ ਸਾਗਰ, ਬੋਹੜ ਬੁੱਟਰ, ਅਵਤਾਰ ਚੜਿੱਕ, ਸੀਰਾ ਧੂੜਕੋਟ, ਬਲਵੀਰ ਰਾਮੂਵਾਲਾ, ਭੁਪਿੰਦਰ ਸਿੰਘ ਸੇਖੋਂ, ਬੂਟਾ ਸਿੰਘ ਭੱਟੀ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਨੇ ਕੀਤਾ।

LEAVE A REPLY

Please enter your comment!
Please enter your name here