ਲੈਨਿਨ ਜਵਾਨੀ ਨੂੰ ਰੁਜ਼ਗਾਰ ਦੇਣ ਦੇ ਰਾਹ ਪਾਉਣ ਵਾਲਾ ਸੀ : ਮਾੜੀਮੇਘਾ

0
237

ਭਿੱਖੀਵਿੰਡ : ਮਹਾਨ ਕ੍ਰਾਂਤੀਕਾਰੀ ਤੇ ਮਿਹਨਤਕਸ਼ ਅਵਾਮ ਦੇ ਰਹਿਬਰ ਵਲਾਦੀਮੀਰ ਇਲੀਚ ਉਰਫ ਲੈਨਿਨ ਦੀ ਮੌਤ ਦਾ ਸ਼ਤਾਬਦੀ ਦਿਵਸ ਸੀ ਪੀ ਆਈ ਬਲਾਕ ਭਿੱਖੀਵਿੰਡ ਵੱਲੋਂ ਮਰਹੂਮ ਕਾਮਰੇਡ ਪਵਨ ਕੁਮਾਰ ਮਲਹੋਤਰਾ ਦੇ ਘਰ ਪਾਰਟੀ ਦਫਤਰ ਦੇ ਉਦਘਾਟਨ ਕਰਨ ਸਮੇਂ ਟਹਿਲ ਸਿੰਘ ਲੱਧੂ, ਪਰਮਜੀਤ ਕੌਰ ਮਾੜੀਮੇਘਾ, ਸਰੋਜ ਮਲਹੋਤਰਾ, ਬੀਬੀ ਵੀਰੋ ਸਾਂਡਪੁਰਾ ਤੇ ਗੁਰਭਿੰਦਰ ਸਿੰਘ ਕਲਸੀਆਂ ਦੀ ਪ੍ਰਧਾਨਗੀ ਹੇਠ ‘ਕਾਡਰ ਟ੍ਰੇਨਿੰਗ ਕੈਂਪ’ ਦੇ ਰੂਪ ਵਿੱਚ ਪੰਜਾਬ ਇਸਤਰੀ ਸਭਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ, ਏ ਆਈ ਐੱਸ ਐੱਫ ਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਮਨਾਇਆ ਗਿਆ। ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਲੈਨਿਨ ਦੀ ਅਗਵਾਈ ਹੇਠ 7 ਨਵੰਬਰ 1917 ਨੂੰ ਰੂਸ ਵਿੱਚ ਕਿਰਤੀ ਇਨਕਲਾਬ ਆਇਆ ਸੀ ਤੇ ਦੁਨੀਆ ਵਿੱਚ ਕਿਰਤੀਆਂ ਦੀ ਪਹਿਲੀ ਸਰਕਾਰ ਕਾਇਮ ਹੋਈ ਸੀ। ਇਹ ਸਰਕਾਰ ਕਰੀਬ 74 ਸਾਲ ਚਲਦੀ ਰਹੀ। ਇਸ ਸਰਕਾਰ ਵੱਲੋਂ ਹਰੇਕ ਵਿਅਕਤੀ ਨੂੰ ਰੁਜ਼ਗਾਰ ਅਤੇ ਵਿਦਿਆ, ਘਰ ਤੇ ਇਲਾਜ ਮੁਫਤ ਦਿੱਤਾ ਗਿਆ। ਇਸ ਸਰਕਾਰ ਦੀ ਲੋਕ-ਪੱਖੀ ਤਰੱਕੀ ਨੂੰ ਵੇਖ ਕੇ ਸਰਮਾਏਦਾਰੀ ਘਬਰਾਅ ਗਈ ਅਤੇ ਉਨ੍ਹਾਂ ਨੂੰ ਵੀ ਆਪਣੀਆਂ ਹਕੂਮਤਾਂ ਕਾਇਮ ਰੱਖਣ ਵਾਸਤੇ ਕੁਝ ਲੋਕ-ਪੱਖੀ ਸੁਧਾਰ ਕਰਨੇ ਪਏ। ਖਾਸ ਕਰਕੇ ਇਨ੍ਹਾਂ ਸਰਮਾਏਦਾਰ ਹਕੂਮਤਾਂ ਨੇ ਵਿਦਿਆ ਤੇ ਰੁਜ਼ਗਾਰ ਦਿੱਤਾ ਅਤੇ ਕਿਰਤੀਆਂ ਦੀ ਵਧ ਰਹੀ ਤਾਕਤ ਨੂੰ ਇੱਕ ਵਾਰ ਰੋਕ ਲਿਆ। ਮਾੜੀਮੇਘਾ ਨੇ ਕਿਹਾ ਕਿ ਲੈਨਿਨ ਆਪਣੇ ਸਾਥੀਆਂ ਵਰਗੀ ਹੀ ਜ਼ਿੰਦਗੀ ਬਤੀਤ ਕਰਦਾ ਸੀ, ਭਾਵੇਂ ਕਿਰਤੀ ਇਨਕਲਾਬ ਹੋਣ ਤੋਂ ਬਾਅਦ ਰੂਸ ਦਾ ਪ੍ਰਧਾਨ ਮੰਤਰੀ ਬਣਿਆ ਸੀ। ਸਾਡੇ ਦੇਸ਼ ਦੇ ਮੰਤਰੀ ਤਾਂ ਧਨ-ਦੌਲਤ ਇਕੱਠੀ ਕਰਨ ਲਈ ਬਣਦੇ ਹਨ। ਉਨ੍ਹਾਂ ਨੂੰ ਜਨਤਾ ਦਾ ਕੋਈ ਫਿਕਰ ਨਹੀਂ ਹੁੰਦਾ। ਜਨਤਾ ਭੁੱਖੀ ਮਰਦੀ ਹੈ ਤਾਂ ਮਰ ਜਾਵੇ, ਉਹ ਤਾਂ ਪੈਸੇ ਦਾ ਹਿਸਾਬ ਲਾਉਂਦੇ ਰਹਿੰਦੇ ਹਨ, ਅਗਲੀ ਇਲੈਕਸ਼ਨ ’ਤੇ ਵੋਟਾਂ ਖਰੀਦਣ ਤੋਂ ਕਿੰਨੇ ਵੱਧ ਹੋ ਗਏ ਹਨ। ਲੈਨਿਨ ਦੀ ਇਹ ਵਿਚਾਰਧਾਰਾ ਸੀ ਕਿ ਸਾਰੀ ਦੁਨੀਆ ਵਿੱਚ ਬਰਾਬਰਤਾ ਹੋਵੇ ਤੇ ਕੋਈ ਵੀ ਵਿਅਕਤੀ ਬੇਰੁਜ਼ਗਾਰ ਨਾ ਹੋਵੇ, ਹਰ ਇਕ ਨੂੰ ਰੁਜ਼ਗਾਰ ਮਿਲੇ, ਪਰ ਲੈਨਿਨ ਦੇ ਵਿਚਾਰਾਂ ਦੀ ਪੂਰਤੀ ਨਹੀਂ ਹੋਈ, ਇਸ ਲਈ ਲੈਨਿਨ ਦੇ ਅਧੂਰੇ ਕੰਮ ਨੂੰ ਸਾਨੰੂ ਪੂਰਿਆਂ ਕਰਨਾ ਹੋਵੇਗਾ। ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ ਨੇ ਕਿਹਾ ਕਿ ਮਜ਼ਦੂਰ ਦਾ ਤੇ ਕਿਸਾਨ ਦਾ ਰਿਸ਼ਤਾ ਬੜਾ ਗੂੜ੍ਹਾ ਹੈ। ਇਹਨਾਂ ਦੋਹਾਂ ਦੇ ਮੇਲ ਤੋਂ ਬਗੈਰ ਸਮਾਜ ਤਰੱਕੀ ਨਹੀਂ ਕਰ ਸਕਦਾ। ਇਸ ਲਈ ਸਾਨੂੰ ਮਜ਼ਦੂਰ ਭਾਵ ਨਰੇਗਾ ਜਥੇਬੰਦੀ ਦੇ ਨਾਲ ਕਿਸਾਨਾਂ ਦੀ ਜਥੇਬੰਦੀ ਕਾਇਮ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ। ਪੰਜਾਬ ਇਸਤਰੀ ਸਭਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ ਨੇ ਕਿਹਾ ਕਿ ਜਿਸ ਸਮਾਜ ਵਿੱਚ ਔਰਤ ਮਰਦ ਦੇ ਬਰਾਬਰ ਕੰਮ ਨਹੀਂ ਕਰਦੀ, ਉਹ ਸਮਾਜ ਖੁਸ਼ਹਾਲ ਨਹੀਂ ਹੋ ਸਕਦਾ, ਇਸ ਲਈ ਔਰਤਾਂ ਨੂੰ ਜਥੇਬੰਦ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਔਰਤਾਂ ਦੀ ਜ਼ਿਲ੍ਹਾ ਪੱਧਰ ਦੀ ਕਨਵੈਨਸਨ 30 ਜਨਵਰੀ ਨੂੰ ਭਿੱਖੀਵਿੰਡ ਵਿਖੇ ਹੋਵੇਗੀ। ਏ ਆਈ ਐੱਸ ਅੱੈਫ ਦੇ ਕੌਮੀ ਕੌਂਸਲ ਮੈਂਬਰ ਲਵਪ੍ਰੀਤ ਸਿੰਘ ਲਵੀ ਨੇ ਕਿਹਾ ਕਿ ਕਿਸੇ ਵੀ ਲਹਿਰ ਦਾ ਵਿਕਾਸ ਜਵਾਨੀ ਤੋਂ ਬਗੈਰ ਨਹੀਂ ਹੋ ਸਕਦਾ। ਜਵਾਨੀ ਤੋਂ ਬਗੈਰ ਕਿਰਤੀਆਂ ਦਾ ਇਨਕਲਾਬ ਆਉਣਾ ਮੁਸ਼ਕਲ ਹੈ। ਇਸ ਲਈ ਮੇਰੀ ਬੇਨਤੀ ਹੈ ਕਿ ਆਪਣੇ ਧੀਆਂ ਪੁੱਤਾਂ ਨੂੰ ਨੌਜਵਾਨ/ ਵਿਦਿਆਰਥੀ ਜਥੇਬੰਦੀ ਨਾਲ ਜੋੜਨਾ ਚਾਹੀਦਾ ਹੈ। ਦਫਤਰ ਦੇ ਉਦਘਾਟਨ ਸਮੇਂ ਝੰਡਾ ਲਹਿਰਾਉਣ ਦੀ ਰਸਮ ਜਸਵੰਤ ਸਿੰਘ ਤੇ ਸਰਬਜੀਤ ਕੌਰ ਸੂਰਵਿੰਡ ਨੇ ਕੀਤੀ। ਇਸ ਮੌਕੇ ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ, ਰਛਪਾਲ ਸਿੰਘ ਬਾਠ, ਸੁਖਦੇਵ ਸਿੰਘ ਕਾਲਾ, ਬਲਦੇਵ ਰਾਜ ਭਿੱਖੀਵਿੰਡ, ਬੀਬੀ ਰਾਣੀ ਤੇ ਨਿਸ਼ਾਨ ਸਿੰਘ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here