ਆਸਾਮ ’ਚ ਰਾਹੁਲ ਨਾਲ ਧੱਕਾ-ਮੁੱਕੀ

0
253

ਈਟਾਨਗਰ : ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਐਤਵਾਰ ਆਸਾਮ ਵਿਚ ਰਾਹੁਲ ਗਾਂਧੀ ਨਾਲ ਧੱਕਾ-ਮੁੱਕੀ ਹੋਈ। ਉਨ੍ਹਾ ਦੇ ਸੁਰੱਖਿਆ ਗਾਰਡ ਉਨ੍ਹਾ ਨੂੰ ਬੱਸ ਦੇ ਅੰਦਰ ਵਾਪਸ ਲੈ ਗਏ। ਯਾਤਰਾ ਅਰੁਣਾਚਲ ਤੋਂ ਵਾਪਸ ਆਸਾਮ ਪਰਤੀ ਸੀ ਤੇ ਰਾਹੁਲ ਸੋਨਿਤਪੁਰ ’ਚ ਸਨ। ਸੜਕ ’ਤੇ ਸਵਾਗਤ ਕਰਨ ਵਾਲੇ ਲੋਕਾਂ ਵਿਚ ਵੱਡੀ ਗਿਣਤੀ ’ਚ ਭਾਜਪਾ ਹਮਾਇਤੀ ਵੀ ਸਨ। ਰਾਹੁਲ ਨੇ ਬਾਅਦ ਵਿਚ ਕਿਹਾਭਾਜਪਾ ਦੇ ਕੁਝ ਵਰਕਰ ਝੰਡੇ ਲੈ ਕੇ ਸਾਡੀ ਬੱਸ ਦੇ ਸਾਹਮਣੇ ਆ ਗਏ। ਮੈਂ ਬੱਸ ਵਿੱਚੋਂ ਨਿਕਲਿਆ, ਉਹ ਭੱਜ ਗਏ। ਸਾਡੇ ਜਿੰਨੇ ਪੋਸਟਰ ਪਾੜਨੇ ਹਨ, ਪਾੜ ਦਿਓ, ਸਾਨੂੰ ਕਈ ਫਰਕ ਨਹੀਂ ਪੈਂਦਾ। ਸਾਡੀ ਵਿਚਾਰਧਾਰਾ ਦੀ ਲੜਾਈ ਹੈ, ਅਸੀਂ ਕਿਸੇ ਤੋਂ ਨਹੀਂ ਡਰਦੇ। ਨਾ ਨਰਿੰਦਰ ਮੋਦੀ ਤੋਂ ਤੇ ਨਾ ਆਸਾਮ ਦੇ ਮੁੱਖ ਮੰਤਰੀ ਤੋਂ।
ਉੱਧਰ, ਕਾਂਗਰਸ ਨੇ 48 ਘੰਟਿਆਂ ਵਿਚ ਦੂਜੀ ਵਾਰ ਹਮਲੇ ਦਾ ਦੋਸ਼ ਲਾਇਆ ਹੈ। ਕਾਂਗਰਸ ਨੇ ਸੋਸ਼ਲ ਮੀਡੀਆ ’ਤੇ ਲਿਖਿਆਜਦੋਂ ਕਾਫਲਾ ਆਸਾਮ ਵਿਚ ਰੈਲੀ ਵਾਲੀ ਥਾਂ ਵੱਲ ਜਾ ਰਿਹਾ ਸੀ ਤਾਂ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਦੇ ਗੁੰਡਿਆਂ ਨੇ ਜੁਮਗੁਰੀਹਾਟ ਵਿਚ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦੀ ਗੱਡੀ ’ਤੇ ਪਾਣੀ ਸੁੱਟਿਆ ਤੇ ਸਟਿੱਕਰ ਪਾੜ ਦਿੱਤਾ। ਹਮਲਾਵਰਾਂ ਨੇ ਭਾਜਪਾ ਦਾ ਝੰਡਾ ਲਗਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪਿਛਲਾ ਸ਼ੀਸ਼ਾ ਤਕਰੀਬਨ ਟੁੱਟ ਗਿਆ। ਮੀਡੀਆ ਟੀਮ ਦੇ ਕੈਮਰਾਮੈਨ ਤੇ ਹੋਰਨਾਂ ਮੈਂਬਰਾਂ ਨਾਲ ਹੱਥੋਪਾਈ ਕੀਤੀ, ਜਿਨ੍ਹਾਂ ਵਿਚ ਦੋ ਮਹਿਲਾਵਾਂ ਵੀ ਸਨ। ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਹੈ ਕਿ ਰਾਹੁਲ 22 ਜਨਵਰੀ ਨੂੰ ਅਯੁੱਧਿਆ ਵਿਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਨੌਗਾਂਵ ਜ਼ਿਲ੍ਹੇ ਵਿਚ ਸ੍ਰੀ ਸ਼ੰਕਰਦੇਵ ਦੇ ਜਨਮ ਅਸਥਾਨ ਬੋਰਦੋਵਾ ਸੰਨਾ ਨਾ ਜਾਣ, ਕਿਉਕਿ ਇਸ ਨਾਲ ਦੇਸ਼ ਵਿਚ ਆਸਾਮ ਦੀ ਗਲਤ ਛਵੀ ਬਣੇਗੀ। ਸ੍ਰੀਮੰਤ ਸ਼ੰਕਰਦੇਵ ਇਕ ਆਸਾਮੀ ਸਮਾਜੀ-ਧਾਰਮਕ ਸੁਧਾਰਕ ਸਨ। ਉਹ ਕਵੀ, ਨਾਟਕਕਾਰ ਤੇ 15ਵੀਂ-16ਵੀਂ ਸਦੀ ਤੋਂ ਆਸਾਮ ਵਿਚ ਸੱਭਿਆਚਾਰਕ ਤੇ ਧਾਰਮਕ ਇਤਿਹਾਸ ਵਿਚ ਇਕ ਵਿਸ਼ਾਲ ਸ਼ਖਸੀਅਤ ਹਨ, ਪਰ ਉਨ੍ਹਾ ਦੀ ਭਗਵਾਨ ਰਾਮ ਨਾਲ ਤੁਲਨਾ ਗਲਤ ਹੈ। ਉਹ ਘੱਟ ਗਿਣਤੀਆਂ ਦੇ ਇਲਾਕਿਆਂ ਵਿਚ ਵੀ ਨਾ ਜਾਣ,ਕਿਉਕਿ ਇਸ ਨਾਲ ਅਮਨ-ਕਾਨੂੰਨ ਦੀ ਹਾਲਤ ਵਿਗੜਨ ਦਾ ਖਤਰਾ ਹੈ। ਰਾਹੁਲ ਨੇ ਬਿਸਵਨਾਥ ਜ਼ਿਲ੍ਹੇ ਵਿਚ ਕਿਹਾ ਕਿ ਆਸਾਮ ਦੇ ਨੌਜਵਾਨਾਂ ਤੇ ਕਿਸਾਨਾਂ ਨਾਲ ਬੇਇਨਸਾਫੀ ਹੋ ਰਹੀ ਹੈ। ਨੌਜਵਾਨ ਲੱਖਾਂ ਰੁਪਏ ਖਰਚ ਕਰਕੇ ਕਾਲਜ ਜਾਂਦੇ ਹਨ, ਪਰ ਬਾਅਦ ਵਿਚ ਉਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ। ਭਾਜਪਾ ਤੇ ਆਰ ਐੱਸ ਐੱਸ ਦੇਸ਼ ਵਿਚ ਨਫਰਤ ਤੇ ਹਿੰਸਾ ਫੈਲਾ ਰਹੇ ਹਨ। ਇਨ੍ਹਾਂ ਦਾ ਨਿਸ਼ਾਨਾ ਲੋਕਾਂ ਦਾ ਧਨ ਖੋਹ ਕੇ ਦੋ-ਤਿੰਨ ਵੱਡੇ ਉਦਯੋਗਪਤੀਆਂ ਨੂੰ ਦੇਣ ਦਾ ਹੈ।

LEAVE A REPLY

Please enter your comment!
Please enter your name here