23.9 C
Jalandhar
Thursday, October 17, 2024
spot_img

ਧਰਮ ਤੇ ਸਟੇਟ

ਜਦੋਂ ਆਜ਼ਾਦੀ ਦੇ ਤੁਰੰਤ ਬਾਅਦ ਸੌਰਾਸ਼ਟਰ ਸਰਕਾਰ ਨੇ ਸੋਮਨਾਥ ਮੰਦਰ ਦੀ ਮੁੜ-ਉਸਾਰੀ ਲਈ ਪੰਜ ਲੱਖ ਰੁਪਏ ਅਲਾਟ ਕੀਤੇ ਤਾਂ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਕਿਸੇ ਸਰਕਾਰ ਵੱਲੋਂ ਅਜਿਹਾ ਕਰਨਾ ਗੈਰਵਾਜਬ ਲੱਗ ਰਿਹਾ ਹੈ। ਨਹਿਰੂ ਨੇ ਇਕ ਧਾਰਮਕ ਪ੍ਰੋਜੈਕਟ ਵਿਚ ਸੈਕੂਲਰ ਸਟੇਟ ਦੀ ਸ਼ਮੂਲੀਅਤ, ਇਕ ਧਰਮ ਸਥਾਨ ਦੀ ਮੁੜ-ਉਸਾਰੀ ਵਿਚ ਸਟੇਟ ਦੀ ਫੰਡਿੰਗ ਤੇ ਮੰਦਰ ਦੇ ਉਦਘਾਟਨ ਸਮੇਂ 1951 ਵਿਚ ਰਾਸ਼ਟਰਪਤੀ ਸਣੇ ਕਈ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਦਾ ਵਿਰੋਧ ਕੀਤਾ ਸੀ। ਉਹ ਅਜਿਹੇ ਕਾਰਜ ਦੀ ਹਮਾਇਤ ਨਹੀਂ ਕਰਨੀ ਚਾਹੁੰਦੇ ਸਨ, ਜਿਸ ਤੋਂ ਲੱਗੇ ਕਿ ਸਟੇਟ ਸੰਵਿਧਾਨਕ ਸਿਧਾਂਤਾਂ ਦੇ ਖਿਲਾਫ ਇਕ ਧਰਮ ਪ੍ਰਤੀ ਲਿਹਾਜ਼ੂ ਰਵੱਈਆ ਅਪਣਾ ਰਿਹਾ ਹੈ। ਮੁੜ-ਉਸਾਰੀ ਦਾ ਕੰਮ ਸੀਨੀਅਰ ਕਾਂਗਰਸੀ ਆਗੂ ਕੇ ਐੱਮ ਮੁਣਸ਼ੀ ਨੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਦੇ ਅਸ਼ੀਰਵਾਦ ਨਾਲ ਪੂਰਾ ਕੀਤਾ ਸੀ। ਨਹਿਰੂ ਨੇ ਕਿਹਾ ਸੀ ਕਿ ਮੁਣਸ਼ੀ ਨੇ ਸੋਮਨਾਥ ਮੰਦਰ ਦੀ ਮੁੜ-ਉਸਾਰੀ ਦਾ ਜਿਹੜਾ ਕੰਮ ਹੱਥ ਲਿਆ, ਉਹ ਨਵਜਾਗਰਣਵਾਦ ਦਾ ਜਤਨ ਹੈ। ਉਨ੍ਹਾ ਰਜਿੰਦਰ ਪ੍ਰਸਾਦ ਨੂੰ ਵੀ ਕਿਹਾ ਸੀ ਕਿ ਉਨ੍ਹਾ ਦਾ ਮੰਦਰ ਦੇ ਉਦਘਾਟਨ ਨਾਲ ਜੁੜਨਾ ਚੰਗਾ ਨਹੀਂ ਲੱਗਾ। ਇਹ ਸਿਰਫ ਮੰਦਰ ਜਾਣ ਵਾਲੀ ਗੱਲ ਨਹੀਂ ਹੈ, ਜਿੱਥੇ ਕੋਈ ਵੀ ਜਾ ਸਕਦਾ ਹੈ, ਪਰ ਤੁਹਾਡਾ ਇਕ ਅਜਿਹੇ ਅਹਿਮ ਸਮਾਰੋਹ ਵਿਚ ਸ਼ਾਮਲ ਹੋਣਾ ਬਦਕਿਸਮਤੀ ਨਾਲ ਸੁਆਰਥ ਭਰਿਆ ਹੈ।
22 ਜਨਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਦੀ ਮੌਜੂਦਗੀ ਵਿਚ ਪੰਜ ਸਾਲਾ ਬੱਚੇ ਦੇ ਰੂਪ ਵਿਚ ਰਾਮ ਦੀ ਕਾਲੇ ਪੱਥਰ ਦੀ 51 ਇੰਚ ਦੀ ਮੂਰਤੀ ਅਯੁੱਧਿਆ ਵਿਚ ਅੰਸ਼ਕ ਤੌਰ ’ਤੇ ਬਣੇ ਰਾਮ ਮੰਦਰ ’ਚ ਸਥਾਪਤ ਕੀਤੀ ਜਾਵੇਗੀ ਤੇ ਉਸ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ। ਇਹ ਮੰਦਰ ਉੱਥੇ ਉਸਾਰਿਆ ਜਾ ਰਿਹਾ ਹੈ, ਜਿੱਥੇ ਇਕ ਪ੍ਰਾਚੀਨ ਮਸਜਿਦ ਸੀ, ਜਿਹੜੀ 1992 ਵਿਚ ਭੜਕੀ ਭੀੜ ਨੇ ਮਿਸਮਾਰ ਕਰ ਦਿੱਤੀ ਸੀ। 28 ਹੈਕਟੇਅਰ ਵਿਚ ਫੈਲੇ ਕੰਪਲੈਕਸ ’ਚ ਤਿੰਨ ਹੈਕਟੇਅਰ ਵਿਚ ਇਹ ਮੰਦਰ ਲਾਲ ਪੱਥਰ, ਸੰਗਮਰਮਰ ਤੇ ਗ੍ਰੇਨਾਈਟ ਨਾਲ ਬਣਾਇਆ ਜਾ ਰਿਹਾ ਹੈ। ਇਸ ’ਤੇ 21 ਕਰੋੜ 70 ਲੱਖ ਡਾਲਰ ਖਰਚ ਹੋਣ ਦਾ ਅਨੁਮਾਨ ਹੈ। ਇਸ ਦੇ 42 ਦਰਵਾਜ਼ਿਆਂ ਵਿਚ 100 ਕਿੱਲੋ ਸੋਨਾ ਜੜਿਆ ਜਾਵੇਗਾ। ਸਰਯੂ ਨਦੀ ਦੇ ਕੰਢੇ ਵਸੀ ਤੀਰਥ ਨਗਰੀ ਦੇ ਕਾਇਆਕਲਪ ’ਤੇ 3 ਅਰਬ 85 ਕਰੋੜ ਡਾਲਰ ਖਰਚ ਹੋਣਗੇ। ਇਸ ਕੰਮ ਵਿਚ ਯੂ ਪੀ ਸਰਕਾਰ ਪੂਰੀ ਸ਼ਿੱਦਤ ਨਾਲ ਲੱਗੀ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਉਨ੍ਹਾ ਕੋਲ ਖੁਸ਼ੀ ਪ੍ਰਗਟਾਉਣ ਲਈ ਸ਼ਬਦ ਨਹੀਂ ਹਨ ਕਿ ਭਗਵਾਨ ਨੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ ਸਾਰੇ ਭਾਰਤੀਆਂ ਦੀ ਨੁਮਾਇੰਦਗੀ ਕਰਨ ਲਈ ਉਨ੍ਹਾ ਨੂੰ ਚੁਣਿਆ ਹੈ। ਆਰ ਐੱਸ ਐੱਸ ਤੇ ਉਸ ਨਾਲ ਜੁੜੀਆਂ ਵੱਖ-ਵੱਖ ਜਥੇਬੰਦੀਆਂ ਦੇ ਵਰਕਰ ਦੇਸ਼-ਭਰ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਕਾਫਲਿਆਂ ਦੀ ਸ਼ਕਲ ਵਿਚ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ 22 ਜਨਵਰੀ ਨੂੰ ਘਰ ਨੇੜਲੇ ਕਿਸੇ ਮੰਦਰ ’ਚ ਪੂਜਾ-ਅਰਚਨਾ ਕਰਨ, ਭਜਨ ਗਾਉਣ, ਸੰਖ ਵਜਾਉਣ ਤੇ ਮੰਦਰਾਂ ਦੀਆਂ ਘੰਟੀਆਂ ਵਜਾ ਕੇ ਇਸ ਇਤਿਹਾਸਕ ਮੌਕੇ ਦਾ ਜਸ਼ਨ ਮਨਾਉਣ। ਬਾਜ਼ਾਰ ਭਗਵੇਂ ਝੰਡਿਆਂ ਨਾਲ ਅਟੇ ਪਏ ਹਨ। ਮੋਟਰਸਾਈਕਲਾਂ ’ਤੇ ਭਗਵੇਂ ਗਮਛਿਆਂ ਤੇ ਝੰਡਿਆਂ ਨਾਲ ਲੈਸ ਨੌਜਵਾਨ ਰਾਮ ਲਈ ਜਨੂੰਨੀ ਤੇ ਹਮਲਾਵਰ ਨਾਅਰੇ ਲਾਉਦੇ ਘੁੰਮ ਰਹੇ ਹਨ।
ਧਰਮ ਬਾਰੇ ਨਹਿਰੂ ਦੀ ਕੀ ਸੋਚ ਸੀ ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਕੀ ਕਰ ਰਹੇ ਹਨ? ਮੋਦੀ ਨੇ ਧਰਮ ਨੂੰ ਸਟੇਟ ਨਾਲ ਪੂਰੀ ਤਰ੍ਹਾਂ ਰਲਗਡ ਕਰ ਦਿੱਤਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਿਹੜੇ ਰਾਮ ਪ੍ਰਭਾਵੀ ਹੋਣਗੇ? ਉਹ ਰਾਮ, ਜਿਨ੍ਹਾ ਦਾ ਨਾਂਅ ਗਾਂਧੀ ਜੀ ਦੇ ਬੁੱਲ੍ਹਾਂ ’ਤੇ ਉਸ ਸਮੇਂ ਆਇਆ ਸੀ, ਜਦੋਂ ਨਾਥੂਰਾਮ ਗੌਡਸੇ ਨੇ ਉਨ੍ਹਾ ਨੂੰ ਮਾਰਿਆ ਸੀ ਜਾਂ ਫਿਰ ਉਹ ਰਾਮ, ਜਿਨ੍ਹਾ ਦੇ ਨਾਂਅ ’ਤੇ ਗੌਡਸੇ ਨੇ ਗਾਂਧੀ ਜੀ ਨੂੰ ਮਾਰਿਆ ਸੀ?

Related Articles

LEAVE A REPLY

Please enter your comment!
Please enter your name here

Latest Articles