ਚੰਡੀਗੜ੍ਹ : ਦੇਸ਼ ਦੀਆਂ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਵਿਰੁੱਧ ਚਲਾਏ ਜਾ ਰਹੇ ਸਾਂਝੇ ਸੰਘਰਸ਼ਾਂ ਦਾ ਪੰਜਾਬ ਸੀ ਪੀ ਆਈ ਨੇ ਭਰਪੂਰ ਸਮਰਥਨ ਕੀਤਾ ਹੈ। ਪੰਜਾਬ ਸੀ ਪੀ ਆਈ ਦੀ ਸਕੱਤਰੇਤ ਦੀ ਮੀਟਿੰਗ ਪਿੱਛੋਂ ਐਤਵਾਰ ਬੰਤ ਸਿੰਘ ਬਰਾੜ ਨੇ ਦੱਸਿਆ ਕਿ 26 ਜਨਵਰੀ ਨੂੰ ਟਰੈਕਟਰ ਮਾਰਚ ਦੀ ਪੂਰੀ ਮਦਦ ਕੀਤੀ ਜਾਵੇਗੀ ਅਤੇ 16 ਫਰਵਰੀ ਨੂੰ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਆਯੋਜਿਤ ਆਮ ਹੜਤਾਲ ਨੂੰ ਪੂਰਨ ਸਫਲ ਬਣਾਇਆ ਜਾਵੇਗਾ।
ਇਕ ਹੋਰ ਮਤੇ ਰਾਹੀਂ ਸੀ ਪੀ ਆਈ ਨੇ ਭਾਜਪਾ ਅਤੇ ਆਰ ਐੱਸ ਐੱਸ ਵੱਲੋਂ ਆਯੁੱਧਿਆ ਵਿਖੇ 22 ਜਨਵਰੀ ਨੂੰ ਬਾਬਰੀ ਮਸਜਿਦ ਨੂੰ ਢਾਹ ਕੇ ਸਥਾਪਤ ਕੀਤੇ ਰਾਮ ਮੰਦਰ ਵਿਖੇ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਨੂੰ ਆਪਣੇ ਸੌੜੇ ਫਿਰਕੂ ਅਤੇ ਰਾਜਸੀ ਲਾਭਾਂ ਵਾਸਤੇ ਕੀਤੀ ਗਈ ਦੁਰਵਰਤੋਂ ਦੀ ਨਿੰਦਿਆ ਕਰਦਿਆਂ ਭਾਰਤ ਦੀਆਂ ਸਾਰੀਆਂ ਜਮਹੂਰੀ, ਧਰਮ-ਨਿਰਪੱਖ ਅਤੇ ਸੰਵਿਧਾਨ ਵਿਚ ਵਿਸ਼ਵਾਸ ਰੱਖਣ ਵਾਲੀਆਂ ਸ਼ਕਤੀਆਂ ਨੂੰ ਇਕੱਠੇ ਹੋ ਕੇ ਕੇਂਦਰ ਸਰਕਾਰ ਦੀ ਫਾਸ਼ੀਵਾਦੀ ਪਹੁੰਚ ਦਾ ਮੁਕਾਬਲਾ ਕਰਨ ਦੀ ਇਤਿਹਾਸਕ ਲੋੜ ’ਤੇ ਜ਼ੋਰ ਦਿੱਤਾ ਹੈ। ਸਾਥੀ ਬਰਾੜ ਨੇ ਆਖਿਆ ਕਿ ਸੀ ਪੀ ਆਈ ਦਾ ਪੱਕਾ ਵਿਸ਼ਵਾਸ ਹੈ ਕਿ ਭਾਰਤ ਦੀ ਪਿਛਾਖੜੀ ਸਰਕਾਰ ਗਰੀਬ ਅਤੇ ਮਿਹਨਤਕਸ਼ ਲੋਕਾਂ ਦੀ ਧਾਰਮਿਕ ਆਸਥਾ ਦੀ ਦੁਰਵਰਤੋਂ ਕਰਕੇ ਉਹਨਾਂ ਦਾ ਧਿਆਨ ਲਾਂਭੇ ਕਰਕੇ ਆਪਣੇ ਚਹੇਤੇ ਕਾਰਪੋਰੇਟਾਂ ਅਡਾਨੀ-ਅੰਬਾਨੀ ਆਦਿ ਦੀ ਸਹਾਇਤਾ ਜਾਰੀ ਰੱਖਣਾ ਚਾਹੁੰਦੀ ਹੈ।
ਇਹ ਸਰਕਾਰ ਜਮਹੂਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਪੈਰਾਂ ਹੇਠ ਲਿਤਾੜ ਕੇ ਸੰਵਿਧਾਨ ਅਤੇ ਸੰਸਦੀ ਪ੍ਰਣਾਲੀ ਨੂੰ ਹੀ ਖਤਮ ਕਰਨਾ ਚਾਹੁੰਦੀ ਹੈ।
ਪਾਰਟੀ ਨੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਕਿਸੇ ਕਿਸਮ ਦੇ ਗੱਠਜੋੜ ਨਾ ਕਰਨ ਦੀ ਪਹੁੰਚ ਦਾ ਸਮਰਥਨ ਕੀਤਾ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਪੰਜਾਬ ਵਿਚੋਂ ਕੋਈ ਵੀ ਭਾਜਪਾ ਸਾਂਸਦ ਆਉਣ ਵਾਲੀਆਂ ਸੰਸਦੀ ਚੋਣਾਂ ਵਿਚ ਜਿੱਤ ਪ੍ਰਾਪਤ ਨਹੀਂ ਕਰੇਗਾ।




