ਮਮਤਾ ਕਾਂਗਰਸ ਤੋਂ ਖਿਝੀ, ਇਕੱਲੀ ਲੜੇਗੀ

0
211

ਕੋਲਕਾਤਾ : ਕਾਂਗਰਸ ’ਤੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੇ ਪੱਛਮੀ ਬੰਗਾਲ ਦੇ ਪ੍ਰੋਗਰਾਮ ਬਾਰੇ ਉਸ ਨੂੰ ਤੇ ਉਸ ਦੀ ਪਾਰਟੀ ਨੂੰ ਹਨੇਰੇ ਵਿਚ ਰੱਖਣ ਦਾ ਦੋਸ਼ ਲਾਉਦਿਆਂ ਮੁੱਖ ਮੰਤਰੀ ਤੇ ਤਿ੍ਰਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਬੁੱਧਵਾਰ ਖਿਝ ਕੇ ਕਹਿ ਦਿੱਤਾ ਕਿ ਉਨ੍ਹਾ ਦੀ ਪਾਰਟੀ ਪੱਛਮੀ ਬੰਗਾਲ ਵਿਚ ਲੋਕ ਸਭਾ ਚੋਣਾਂ ਇਕੱਲਿਆਂ ਲੜੇਗੀ।
ਬਰਦਵਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਮਮਤਾ ਨੇ ਕਿਹਾਮੈਂ ਹਮੇਸ਼ਾ ਕਿਹਾ ਹੈ ਕਿ ਬੰਗਾਲ ਵਿਚ ਅਸੀਂ ਇਕੱਲੇ ਲੜਾਂਗੇ। ਮੈਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਕਿ ਦੇਸ਼ ਵਿਚ ਕੀ ਹੋਣਾ ਹੈ, ਪਰ ਸਾਡੀ ਸੈਕੂਲਰ ਪਾਰਟੀ ਹੈ ਤੇ ਅਸੀਂ ਇਕੱਲੇ ਹੀ ਬੰਗਾਲ ਵਿਚ ਭਾਜਪਾ ਨੂੰ ਹਰਾਵਾਂਗੇ। ਮਮਤਾ ਨੇ ਇਹ ਬਿਆਨ ਰਾਹੁਲ ਦੀ ਯਾਤਰਾ ਦੇ ਵੀਰਵਾਰ ਕੂਚ ਬਿਹਾਰ ਤੋਂ ਬੰਗਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਦਿੱਤਾ ਹੈ।
ਰਾਹੁਲ ਨੇ ਮੰਗਲਵਾਰ ਕਿਹਾ ਸੀਸਾਡੇ ਮਮਤਾ ਤੇ ਉਨ੍ਹਾ ਦੀ ਪਾਰਟੀ ਨਾਲ ਚੰਗੇ ਰਿਸ਼ਤੇ ਹਨ, ਸੀਟਾਂ ਦੀ ਵੰਡ ਬਾਰੇ ਗੱਲ ਚੱਲ ਰਹੀ ਹੈ। ਕਦੇ-ਕਦੇ ਸਾਡੇ ਆਗੂ ਕੁਝ ਕਹਿੰਦੇ ਹਨ ਤੇ ਕਦੇ-ਕਦੇ ਉਨ੍ਹਾ ਦੇ ਆਗੂ ਕੁਝ ਕਹਿੰਦੇ ਹਨ, ਪਰ ਇਸ ਦਾ ਗੱਠਜੋੜ ’ਤੇ ਅਸਰ ਨਹੀਂ ਹੋਵੇਗਾ।
ਮਮਤਾ ਨੇ ਕਿਹਾਮੈਂ ਕਾਂਗਰਸ ਨੂੰ 300 ਸੀਟਾਂ ’ਤੇ ਆਪਣੇ ਦਮ ’ਤੇ ਚੋਣ ਲੜਨ ਅਤੇ ਬਾਕੀ ਸੀਟਾਂ ਖੇਤਰੀ ਪਾਰਟੀਆਂ ਲਈ ਛੱਡਣ ਦਾ ਪ੍ਰਸਤਾਵ ਦਿੱਤਾ ਸੀ, ਪਰ ਉਨ੍ਹਾਂ ਮੇਰੀ ਗੱਲ ਨਹੀਂ ਸੁਣੀ। ਕਾਂਗਰਸ ਦਾ ਬੰਗਾਲ ਵਿਚ ਕੁਝ ਨਹੀਂ। ਅਸੀਂ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਫੈਸਲਾ ਕਰਾਂਗੇ ਕਿ ਕੀ ਕਰਨਾ ਹੈ। ਇਸੇ ਦੌਰਾਨ ਆਸਾਮ ਦੇ ਬੋਂਗਈਗਾਓਂ ਵਿਚ ਰਾਹੁਲ ਦੀ ਯਾਤਰਾ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾਮਮਤਾ ਤੋਂ ਬਿਨਾਂ ਇੰਡੀਆ ਗੱਠਜੋੜ ਦੇ ਵਜੂਦ ਬਾਰੇ ਕਿਆਸਿਆ ਨਹੀਂ ਜਾ ਸਕਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਰਾਮ ਨੇ ਕਿਹਾ ਕਿ ਮਮਤਾ ਬੈਨਰਜੀ ਦੀ ਤਿ੍ਰਣਮੂਲ ਕਾਂਗਰਸ ਆਪੋਜ਼ੀਸ਼ਨ ਗੱਠਜੋੜ ਦਾ ਅਹਿਮ ਥੰਮ੍ਹ ਹੈ। ਇੰਡੀਆ ਗੱਠਜੋੜ ਦੇ ਭਾਈਵਾਲ ਬੰਗਾਲ ਵਿਚ ਲੋਕ ਸਭਾ ਚੋਣਾਂ ਮਿਲ ਕੇ ਲੜਨਗੇ। ਮਮਤਾ ਬੈਨਰਜੀ ਨੇ ਖੁਦ ਕਿਹਾ ਹੈ ਕਿ ਭਾਜਪਾ ਨੂੰ ਹਰਾਉਣਾ ਸਾਡੀ ਸਭ ਦੀ ਮੁੱਖ ਜ਼ਿੰਮੇਵਾਰੀ ਹੈ।
ਐੱਨ ਸੀ ਪੀ (ਪਵਾਰ) ਦੇ ਕੌਮੀ ਬੁਲਾਰੇ ਕਲਾਈਡ ਕ੍ਰੈਸਟੋ ਨੇ ਕਿਹਾ ਹੈ ਕਿ ਮਮਤਾ ਬੈਨਰਜੀ ਤੇ ਉਨ੍ਹਾ ਦੀ ਪਾਰਟੀ ਇੰਡੀਆ ਗੱਠਜੋੜ ਦਾ ਅਹਿਮ ਹਿੱਸਾ ਹਨ। ਉਹ ਸਾਡੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ ਤੇ ਮਜ਼ਬੂਤੀ ਨਾਲ ਚੋਣਾਂ ਲੜਾਂਗੇ।
ਰਾਜਦ ਦੇ ਸਾਂਸਦ ਮਨੋਜ ਝਾਅ ਨੇ ਕਿਹਾਪਲੀਜ਼, ਥੋੜ੍ਹੀ ਉਡੀਕ ਕਰੋ। ਹੋ ਸਕਦਾ ਹੈ ਕਿ ਮਮਤਾ ਨੇ ਬਿਆਨ ਕਿਸੇ ਖਾਸ ਪ੍ਰਸਥਿਤੀ ਵਿਚ ਦਿੱਤਾ ਹੋਵੇ। ਜੇ ਕੋਈ ਟਕਰਾਅ ਹੈ ਤਾਂ ਗੱਠਜੋੜ ਸੁਲਝਾ ਲਵੇਗਾ।
ਆਪ ਆਗੂ ਤੇ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਬੰਗਾਲ ਵਿਚ ਖੱਬੇ-ਪੱਖੀ ਤੇ ਕਾਂਗਰਸ ਤਿ੍ਰਣਮੂਲ ਕਾਂਗਰਸ ਦੇ ਖਿਲਾਫ ਲੜਦੇ ਆਏ ਹਨ, ਇਸ ਲਈ ਤਿ੍ਰਣਮੂਲ ਨਾਲ ਸੀਟਾਂ ਦੀ ਵੰਡ ਥੋੜ੍ਹੀ ਮੁਸ਼ਕਲ ਹੋਵੇਗੀ, ਪਰ ਮੁੱਦੇ ਸੁਲਝਾ ਲਏ ਜਾਣਗੇ। ਸ਼ਿਵ ਸੈਨਾ (ਊਧਵ) ਦੇ ਆਗੂ ਆਦਿਤਿਆ ਠਾਕਰੇ ਨੇ ਕਿਹਾ ਹੈ ਕਿ ਬੰਗਾਲ ਦੀ ਲੜਾਈ ਅਹਿਮ ਹੈ ਤੇ ਮਮਤਾ ਬੈਨਰਜੀ ਸ਼ੇਰਨੀ ਵਾਂਗ ਲੜ ਰਹੀ ਹੈ।

LEAVE A REPLY

Please enter your comment!
Please enter your name here