ਓਟਵਾ : ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਕਰਨ ਵਾਲਾ ਕੈਨੇਡਾ ਦਾ ਫੈਡਰਲ ਕਮਿਸ਼ਨ ਇਹ ਜਾਂਚ ਵੀ ਕਰਨ ਜਾ ਰਿਹਾ ਹੈ ਕਿ ਪਿਛਲੀਆਂ ਦੋ ਚੋਣਾਂ ਵਿਚ ਭਾਰਤ ਨੇ ਵੀ ਕਥਿਤ ਤੌਰ ’ਤੇ ਦਖਲਅੰਦਾਜ਼ੀ ਕੀਤੀ ਸੀ। ਕੈਨੇਡਾ ਅਧਾਰਤ ਸੀ ਟੀ ਵੀ ਨਿਊਜ਼ ਨੇ ਖਬਰ ਦਿੱਤੀ ਹੈ ਕਿ ਕਮਿਸ਼ਨ ਨੇ ਫੈਡਰਲ ਸਰਕਾਰ ਤੋਂ ਇਨ੍ਹਾਂ ਦੋਸ਼ਾਂ ਨਾਲ ਸੰਬੰਧਤ ਦਸਤਾਵੇਜ਼ ਮੰਗੇ ਹਨ। ਕਮਿਸ਼ਨ 2019 ਤੇ 2021 ਦੀਆਂ ਫੈਡਰਲ ਚੋਣਾਂ ਵਿਚ ਚੀਨ, ਰੂਸ ਤੇ ਹੋਰ ਵਿਦੇਸ਼ੀ ਰਾਜ ਜਾਂ ਨਾਨ-ਸਟੇਟ ਐਕਟਰਾਂ ਵੱਲੋਂ ਕੀਤੀ ਗਈ ਦਖਲਅੰਦਾਜ਼ੀ ਦੀ ਜਾਂਚ ਲਈ ਬਣਾਇਆ ਗਿਆ ਹੈ। ਕਮਿਸ਼ਨ ਨੇ ਸੋਮਵਾਰ ਤੋਂ ਸੁਣਵਾਈ ਕਰਨੀ ਹੈ ਤੇ ਉਸ ਦੀ ਅੰਤਰਮ ਰਿਪੋਰਟ 3 ਮਈ ਨੂੰ ਮਿਲੇਗੀ, ਜਦਕਿ ਅੰਤਮ ਰਿਪੋਰਟ ਸਾਲ ਦੇ ਅਖੀਰ ਵਿਚ।



