ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਆਪਣੇ ‘ਐੱਕਸ’ ਹੈਂਡਲ ’ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਇਕ ਪੁਲਸ ਅਫਸਰ ਭਾਜਪਾ ਦੇ ਕਾਡਰ ਵੱਲੋਂ ਉਸ ਨੂੰ ਖਾਲਿਸਤਾਨੀ ਕਹਿਣ ਦਾ ਦੋਸ਼ ਲਾਉਦਾ ਸੁਣਿਆ ਜਾ ਰਿਹਾ ਹੈ। ਆਈ ਪੀ ਐੱਸ ਅਫਸਰ ਜਸਪ੍ਰੀਤ ਸਿੰਘ, ਜਿਨ੍ਹਾ ਨੂੰ ਪੱਛਮੀ ਬੰਗਾਲ ਦੇ ਆਪੋਜ਼ੀਸ਼ਨ ਆਗੂ ਸੁਵੇਂਦੂ ਅਧਿਕਾਰੀ ਨੂੰ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸੰਵੇਦਨਸ਼ੀਲ ਸੰਦੇਸ਼ਖਾਲੀ ਜਾਣ ਤੋਂ ਰੋਕਣ ਦੀ ਡਿਊਟੀ ਲੱਗੀ ਸੀ, ਭੜਕ ਗਏ, ਜਦੋਂ ਭਾਜਪਾ ਕਾਰਕੁਨਾਂ ਦੇ ਇੱਕ ਗਰੁੱਪ ਨੇ ਉਨ੍ਹਾ ਨੂੰ ਖਾਲਿਸਤਾਨੀ ਕਿਹਾ। ਉਨ੍ਹਾ ਕਿਹਾਮੈਂ ਇਸ ਬਾਰੇ ਐਕਸ਼ਨ ਲਵਾਂਗਾ। ਮੇਰੇ ਪੱਗ ਬੰਨ੍ਹੀ ਹੋਣ ’ਤੇ ਤੁਸੀਂ ਮੈਨੂੰ ਇਹ ਕਹਿ ਰਹੇ ਹੋ। ਜੇ ਮੈਂ ਪੱਗ ਨਾ ਬੰਨ੍ਹੀ ਹੁੰਦੀ ਤਾਂ ਤੁਸੀਂ ਮੈਨੂੰ ਖਾਲਿਸਤਾਨੀ ਕਹਿਣਾ ਸੀ? ਤੁਸੀਂ ਮੇਰੇ ਧਰਮ ਬਾਰੇ ਅਜਿਹਾ ਨਹੀਂ ਕਹਿ ਸਕਦੇ। ਮੈਂ ਤੁਹਾਡੇ ਧਰਮ ਬਾਰੇ ਕੁਝ ਨਹੀਂ ਕਹਿ ਰਿਹਾ। ਤੁਸੀਂ ਵੀ ਮੇਰੇ ਧਰਮ ਬਾਰੇ ਕੁਝ ਨਹੀਂ ਕਹਿ ਸਕਦੇ। ਤੁਸੀਂ ਮੈਨੂੰ ਖਾਲਿਸਤਾਨੀ ਕਿਉ ਕਿਹਾ? ਇਹੀ ਤੁਹਾਡਾ ਪੱਧਰ ਹੈ? ਮੁੱਖ ਮੰਤਰੀ ਬੈਨਰਜੀ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾਅੱਜ ਭਾਜਪਾ ਦੀ ਵੰਡਪਾਊ ਸਿਆਸਤ ਬੇਸ਼ਰਮੀ ਨਾਲ ਸੰਵਿਧਾਨਕ ਹੱਦਾਂ ਟੱਪ ਗਈ ਹੈ। ਭਾਜਪਾ ਲਈ ਪੱਗ ਬੰਨ੍ਹਣ ਵਾਲਾ ਹਰ ਵਿਅਕਤੀ ਖਾਲਿਸਤਾਨੀ ਹੈ। ਮੈਂ ਸਾਡੇ ਸਿੱਖ ਭਰਾਵਾਂ ਤੇ ਭੈਣਾਂ, ਜਿਨ੍ਹਾਂ ਨੂੰ ਆਪਣੇ ਰਾਸ਼ਟਰ ਲਈ ਦਿੱਤੀਆਂ ਕੁਰਬਾਨੀਆਂ ਲਈ ਜਾਣਿਆਂ ਜਾਂਦਾ ਹੈ, ਦੇ ਵੱਕਾਰ ਨੂੰ ਘਟਾਉਣ ਦੀ ਇਸ ਗੁਸਤਾਖੀ ਦੀ ਪੁਰਜ਼ੋਰ ਨਿੰਦਾ ਕਰਦੀ ਹਾਂ। ਅਸੀਂ ਬੰਗਾਲ ਦੀ ਸਮਾਜੀ ਸਦਭਾਵਨਾ ਦੀ ਰਾਖੀ ਲਈ ਦਿ੍ਰੜ੍ਹ ਹਾਂ ਤੇ ਇਸ ਵਿਚ ਖਲਲ ਪਾਉਣ ਦੀਆਂ ਕੋਸ਼ਿਸ਼ਾਂ ਖਿਲਾਫ ਸਖਤ ਕਾਨੂੰਨੀ ਕਦਮ ਚੁੱਕਾਂਗੇ। ਭਾਜਪਾ ਆਗੂ ਅਗਨੀਮਿੱਤਰਾ ਪਾਲ ਨੇ ਕਿਹਾ ਕਿ ਕਿਸੇ ਨੇ ਖਾਲਿਸਤਾਨੀ ਸ਼ਬਦ ਨਹੀਂ ਵਰਤਿਆ। ਅਫਸਰ ਮੁੱਦਾ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲਸ ਅਫਸਰ ਸੰਵਿਧਾਨ ਮੁਤਾਬਕ ਡਿਊਟੀ ਨਹੀਂ ਨਿਭਾ ਰਿਹਾ ਸੀ। ਇਸੇ ਦੌਰਾਨ ਤਿ੍ਰਣਮੂਲ ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਸਿੱਖ ਭਾਈਚਾਰੇ ਨੇ ਕੋਲਕਾਤਾ ਵਿਚ ਮੁਰਲੀਧਰ ਲੇਨ ਵਿਖੇ ਭਾਜਪਾ ਦੇ ਹੈੱਡਕੁਆਰਟਰ ਦਾ ਘੇਰਾਓ ਕਰਨ ਦਾ ਫੈਸਲਾ ਕੀਤਾ ਹੈ।





