ਬਿਜਲੀ ਕਾਮਿਆਂ ਨੇ ਬਿਜਲੀ ਨਿਗਮ ਦੇ ਦਫ਼ਤਰ ਅੱਗੇ ਦਿੱਤਾ ਰੋਸ ਧਰਨਾ

0
99

ਪਟਿਆਲਾ : ਪਾਵਰ ਮੈਨੇਜਮੈਂਟ ਦੇ ਮੁਲਾਜ਼ਮ ਮੰਗਾਂ ਸੰਬੰਧੀ ਅਪਣਾਏ ਅੱਖੜ ਰਵੱਈਏ ਵਿਰੁੱਧ ਬੁੱਧਵਾਰ ਸੂਬਾ ਭਰ ਤੋਂ ਇਕੱਤਰ ਹੋਏ ਹਜ਼ਾਰਾਂ ਬਿਜਲੀ ਕਾਮਿਆਂ ਨੇ ਪੀ ਐੱਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਪ੍ਰਧਾਨਗੀ ਹੇਠ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਰੋਸ ਧਰਨਾ ਦੇ ਕੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਬਲਦੇਵ ਸਿੰਘ ਮੰਡਾਲੀ, ਦਵਿੰਦਰ ਸਿੰਘ ਪਿਸੋਰ, ਕਰਮਚੰਦ ਭਾਰਦਵਾਜ, ਕੁਲਵਿੰਦਰ ਸਿੰਘ ਢਿੱਲੋਂ, ਸੁਰਿੰਦਰਪਾਲ ਲਹੌਰੀਆ, ਜਰਨੈਲ ਸਿੰਘ, ਤੇਜਿੰਦਰ ਸਿੰਘ ਸੇਖੋਂ, ਜਗਜੀਤ ਸਿੰਘ ਕੋਟਲੀ, ਮਨਜੀਤ ਸਿੰਘ ਚਾਹਲ, ਕੌਰ ਸਿੰਘ ਸੋਹੀ, ਗੁਰਤੇਜ ਸਿੰਘ ਪੱਖੋ, ਗਰੀਸ ਮਹਾਜਨ, ਸਰਬਜੀਤ ਸਿੰਘ ਭਾਣਾ, ਗੁਰਪਿਆਰ ਸਿੰਘ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ, ਬਰਜਿੰਦਰ ਸ਼ਰਮਾ, ਵਿਜੇ ਕੁਮਾਰ, ਰਘਵੀਰ ਸਿੰਘ, ਪ੍ਰਦਿਉਮਨ ਗੌਤਮ, ਇੰਦਰਜੀਤ ਸਿੰਘ ਢਿੱਲੋਂ, ਲਖਵੰਤ ਸਿੰਘ ਦਿਉਲ, ਪੂਰਨ ਸਿੰਘ ਖਾਈ, ਬਲਜੀਤ ਸਿੰਘ, ਰਛਪਾਲ ਸਿੰਘ ਆਦਿ ਨੇ ਕਿਹਾ ਕਿ ਪਾਵਰ ਮੈਨੇਜਮੈਂਟ ਜਾਣਬੁੱਝ ਕੇ ਅਦਾਰੇ ਦਾ ਮਾਹੌਲ ਖਰਾਬ ਕਰ ਰਹੀ ਹੈ, ਕਿਉਕਿ ਸਾਂਝਾ ਫੋਰਮ ਅਤੇ ਏਕਤਾ ਮੰਚ ਦੀ ਲੀਡਰਸ਼ਿਪ ਨੇ 29 ਜਨਵਰੀ ਨੂੰ ਪਾਵਰ ਮੈਨੇਜਮੈਂਟ ਨੂੰ ਮੁਲਾਜ਼ਮ ਮੰਗਾਂ ਦਾ 40 ਨੁਕਾਤੀ ਮੰਗ ਪੱਤਰ ਪੇਸ਼ ਕਰਕੇ ਟੇਬਲ ’ਤੇ ਬੈਠ ਕੇ ਹੱਲ ਕਰਨ ਦੀ ਮੰਗ ਕੀਤੀ ਸੀ, ਪਰ ਮੈਨੇਜਮੈਂਟ ਨੇ ਮੁਲਾਜ਼ਮ ਮਸਲਿਆਂ ’ਤੇ ਚਰਚਾ ਕਰਨ ਵਿੱਚ ਕਿਸੇ ਕਿਸਮ ਦੀ ਦਿਲਚਸਪੀ ਨਹੀਂ ਵਿਖਾਈ, ਜਿਸ ਦੇ ਵਿਰੋਧ ’ਚ ਸਾਂਝਾ ਫੋਰਮ ਅਤੇ ਏਕਤਾ ਮੰਚ ਦੇ ਸੂਬਾਈ ਸੱਦੇ ’ਤੇ 9 ਫਰਵਰੀ ਨੂੰ ਡਵੀਜ਼ਨ ਪੱਧਰ ’ਤੇ ਰੋਸ ਰੈਲੀਆਂ ਕਰਨ ਉਪਰੰਤ 20 ਫਰਵਰੀ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ’ਤੇ ਰੋਸ ਧਰਨਾ ਦੇਣ ਤੋਂ ਬਾਅਦ 26 ਫਰਵਰੀ ਨੂੰ ਸਰਕਲ ਪੱਧਰ ’ਤੇ ਮੈਨੇਜਮੈਂਟ ਦੀਆਂ ਅਰਥੀਆਂ ਫੂਕ ਕੇ ਲੋਕਲ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜੇ ਗਏ ਸੀ, ਤਦ ਜਾ ਕੇ 5 ਮਾਰਚ ਨੂੰ ਪਹਿਲਾਂ ਬਿਜਲੀ ਮੰਤਰੀ ਨਾਲ ਮੀਟਿੰਗ ਦਿੱਤੀ ਗਈ, ਪਰ ਫਿਰ ਬਦਲ ਕੇ ਸੀ ਐੱਮ ਡੀ ਨਾਲ ਮੀਟਿੰਗ ਤੈਅ ਕਰ ਦਿੱਤੀ ਗਈ।ਆਗੂਆਂ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਮੈਨੇਜਮੈਂਟ ਦਾ ਰਵੱਈਆ ਜਥੇਬੰਦੀਆਂ ਨੂੰ ਡਿਕਟੇਟ ਕਰਨ ਵਾਲਾ ਰਿਹਾ, ਜਿਸ ਦੇ ਖਿਲਾਫ ਆਗੂਆਂ ਨੇ ਮੀਟਿੰਗ ਵਿਚਾਲੇ ਛੱਡ ਕੇ ਪ੍ਰੋਟੈਸਟ ਕਰਨ ਤੋਂ ਬਾਅਦ ਵਾਜਬ ਮੰਗਾਂ ਦੀ ਪ੍ਰਾਪਤੀ ਲਈ ਅੱਜ ਦਾ ਰੋਸ ਧਰਨਾ ਦੇਣ ਤੋਂ ਬਾਅਦ 13 ਮਾਰਚ ਨੂੰ ਸੰਗਰੂਰ ਵੱਡਾ ਇਕੱਠ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਨ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਕਿ ਜਾਇਜ਼ ਮੁਲਾਜ਼ਮ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਮੈਨੇਜਮੈਂਟ ਨੇ ਅੱਖੜ ਰਵੱਈਆ ਬਦਲ ਕੇ ਮਸਲੇ ਹੱਲ ਨਾ ਕੀਤੇ ਤਾਂ ਹੋਰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here