ਈਰਾਨ ਨੇ 3 ਅਮਰੀਕੀ ਜੈੱਟ ਫੁੰਡੇ

0
4

ਵਾਸ਼ਿੰਗਟਨ : ਈਰਾਨ ’ਤੇ ਹਮਲੇ ਦੇ ਤੀਜੇ ਦਿਨ ਅਮਰੀਕਾ ਨੇ ਸੋਮਵਾਰ ਮੰਨਿਆ ਕਿ ਕੁਵੈਤ ਨੇ ਉਸ ਦੇ ਤਿੰਨ ਐੱਫ 15 ਸਟਰਾਈਕ ਈਗਲ ਫਾਈਟਰ ਜੈੱਟ ਭੁਲੇਖੇ ਵਿੱਚ ਫੁੰਡ ਦਿੱਤੇ। ਅਮਰੀਕੀ ਫੌਜ ਮੁਤਾਬਕ ਕੁਵੈਤ ਦੇ ਏਅਰ ਡਿਫੈਂਸ ਸਿਸਟਮ ਨੇ ਗਲਤੀ ਨਾਲ ਇਨ੍ਹਾਂ ਜਹਾਜ਼ਾਂ ਨੂੰ ਦੁਸ਼ਮਣ ਦੇ ਸਮਝ ਕੇ ਨਿਸ਼ਾਨਾ ਬਣਾਇਆ। ਤਾਂ ਵੀ ਤਿੰਨਾਂ ਜਹਾਜ਼ਾਂ ਦੇ ਛੇ ਪਾਇਲਟ ਕੁੱਦਣ ਵਿੱਚ ਸਫਲ ਰਹੇ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਓਧਰ ਈਰਾਨ ਨੇ ਕਿਹਾ ਹੈ ਕਿ ਜੈੱਟ ਉਸ ਨੇ ਫੁੰਡੇ ਹਨ। ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਅਤੇ ਇਜ਼ਰਾਈਲੀ ਹਵਾਈ ਸੈਨਾ ਦੇ ਕਮਾਂਡਰ ਦੇ ਟਿਕਾਣਿਆਂ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਹੈ। ਈਰਾਨ ਟਾਈਮਜ਼ ਮੁਤਾਬਕ ਇਸ ਹਮਲੇ ਤੋਂ ਬਾਅਦ ਇਜ਼ਰਾਈਲੀ ਲੀਡਰਸ਼ਿਪ ’ਚ ਤਰਥੱਲੀ ਮਚੀ ਹੋਈ ਹੈ ਅਤੇ ਹਮਲੇ ਤੋਂ ਬਾਅਦ ਨੇਤਨਯਾਹੂ ਦਾ ਭਵਿੱਖ ਅਸਪੱਸ਼ਟ ਹੈ।
ਈਰਾਨ ਨੇ ਸਾਈਪ੍ਰਸ ਵਿੱਚ ਸਥਿਤ ਬਿ੍ਰਟਿਸ਼ ਰਾਇਲ ਏਅਰ ਫੋਰਸ ਦੇ ਅਕਰੋਟੀਰੀ ਬੇਸ ’ਤੇ ਡਰੋਨ ਹਮਲਾ ਕੀਤਾ ਹੈ। ਬਿ੍ਰਟੇਨ ਦੇ ਰੱਖਿਆ ਮੰਤਰਾਲੇ ਮੁਤਾਬਕ ਐਤਵਾਰ ਦੇਰ ਰਾਤ ਹੋਏ ਇਸ ਹਮਲੇ ਵਿੱਚ ਬੇਸ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ, ਪਰ ਕਿਸੇ ਦੀ ਜਾਨ ਨਹੀਂ ਗਈ। ਬਿ੍ਰਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਅਮਰੀਕਾ ਨੂੰ ਈਰਾਨੀ ਮਿਜ਼ਾਈਲ ਸਾਈਟਾਂ ’ਤੇ ਹਮਲਾ ਕਰਨ ਲਈ ਇਸ ਬੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਈਰਾਨ ਨੇ ਇਹ ਕਾਰਵਾਈ ਕੀਤੀ ਹੈ। ਹੁਣ ਬਿ੍ਰਟਿਸ਼ ਫੌਜ ਵੀ ਇਸ ਦੇ ਜਵਾਬ ਵਿੱਚ ਕਾਰਵਾਈ ਕਰ ਰਹੀ ਹੈ।
ਇਸੇ ਦੌਰਾਨ ਲਿਬਨਾਨ ਵਿੱਚ ਈਰਾਨ ਹਮਾਇਤੀ ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗੀਆਂ ਹਨ, ਜਿਸ ਦੇ ਜਵਾਬ ਵਿੱਚ ਇਜ਼ਰਾਈਲ ਨੇ ਬੈਰੂਤ (ਲਿਬਨਾਨ) ’ਤੇ ਹਮਲੇ ਕੀਤੇ। ਖਾੜੀ ਦੇਸ਼ਾਂ ਵਿੱਚ ਵੀ ਤਣਾਅ ਵਧ ਗਿਆ ਹੈ। ਯੂ ਏ ਈ, ਕੁਵੈਤ ਅਤੇ ਬਹਿਰੀਨ ਵਿੱਚ ਈਰਾਨੀ ਮਿਜ਼ਾਈਲਾਂ ਡਿੱਗਣ ਕਾਰਨ ਨਾਗਰਿਕਾਂ ਦੀ ਮੌਤ ਹੋਈ ਹੈ। ਈਰਾਨੀ ਰੈੱਡ ਕ੍ਰੀਸੈਂਟ ਸੋਸਾਇਟੀ ਨੇ ਸੋਮਵਾਰ ਪੁਸ਼ਟੀ ਕੀਤੀ ਕਿ ਹੁਣ ਤੱਕ ਹੋਏ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 555 ਲੋਕ ਮਾਰੇ ਗਏ ਹਨ। ਇਹ ਅੰਕੜਾ ਪਹਿਲਾਂ ਦੱਸੇ ਗਏ 200 ਦੇ ਅੰਕੜੇ ਤੋਂ ਕਿਤੇ ਜ਼ਿਆਦਾ ਹੈ, ਜੋ ਜੰਗ ਦੇ ਭਿਆਨਕ ਰੂੁਪ ਨੂੰ ਜ਼ਾਹਰ ਕਰਦਾ ਹੈ। ਸੁਸਾਇਟੀ ਅਨੁਸਾਰ, ਇਸ ਜੰਗ ਦੌਰਾਨ ਹੁਣ ਤੱਕ ਈਰਾਨ ਦੇ 131 ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਵਾਈ ਹਮਲਿਆਂ ਕਾਰਨ ਕਈ ਇਮਾਰਤਾਂ ਤਬਾਹ ਹੋ ਗਈਆਂ ਹਨ ਅਤੇ ਮਰਨ ਵਾਲਿਆਂ ਵਿੱਚ ਵੱਡੀ ਗਿਣਤੀ ਨਾਗਰਿਕਾਂ ਦੀ ਹੈ। ਇਸੇ ਦੌਰਾਨ ਈਰਾਨ ਦੇ ਸਿਖਰਲੇ ਸੁਰੱਖਿਆ ਅਧਿਕਾਰੀ ਅਲੀ ਲਾਰੀਜਾਨੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਈਰਾਨ ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਕਰੇਗਾ। ਉਨ੍ਹਾ ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਕਿ ਈਰਾਨ ਮੁੜ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਓਮਾਨ ਦੀ ਖਾੜੀ ਵਿੱਚ ਤੇਲ ਟੈਂਕਰ ’ਤੇ ਈਰਾਨੀ ਹਮਲੇ ਨਾਲ ਇੱਕ ਭਾਰਤੀ ਜਹਾਜ਼ੀ ਦੀ ਮੌਤ ਹੋ ਗਈ। ਉਧਰ ਸਾਊਦੀ ਅਰਬ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਰਾਸ ਤਨੁਰਾ ਤੇਲ ਰਿਫਾਇਨਰੀ ਨੂੰ ਨਿਸ਼ਾਨਾ ਬਣਾਉਂਦੇ ਇੱਕ ਡਰੋਨ ਨੂੰ ਰੋਕਿਆ ਹੈ।