ਟਰੰਪ ਯੂ ਕੇ ਦੇ ਪ੍ਰਧਾਨ ਮੰਤਰੀ ਤੋਂ ਨਾਰਾਜ਼

0
5

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿ੍ਰਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ‘ਦਿ ਟੈਲੀਗ੍ਰਾਫ’ ਨੂੰ ਦਿੱਤੀ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਉਹ ਸਟਾਰਮਰ ਤੋਂ ਬਹੁਤ ਨਿਰਾਸ਼ ਹਨ, ਕਿਉਂਕਿ ਉਨ੍ਹਾ ਨੇ ਈਰਾਨ ’ਤੇ ਹਮਲੇ ਕਰਨ ਲਈ ਅਮਰੀਕਾ ਨੂੰ ਡਿਏਗੋ ਗਾਰਸ਼ੀਆ (ਚਾਗੋਸ ਟਾਪੂ) ਦੇ ਫੌਜੀ ਅੱਡੇ ਦੀ ਵਰਤੋਂ ਕਰਨ ਤੋਂ ਰੋਕਿਆ ਸੀ। ਟਰੰਪ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਬਿ੍ਰਟੇਨ ਵੱਲੋਂ ਪਹਿਲਾਂ ਅਮਰੀਕਾ ਦਾ ਕਦੀ ਵੀ ਕਹਿਣਾ ਮੋੜਿਆ ਨਹੀਂ ਗਿਆ। ਬਿ੍ਰਟੇਨ ਨੇ ਪਹਿਲਾਂ ਅੰਤਰਰਾਸ਼ਟਰੀ ਕਾਨੂੰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅੱਡਿਆਂ ਤੋਂ ਹਮਲੇ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਹਾਲਾਂਕਿ ਐਤਵਾਰ ਰਾਤ ਨੂੰ ਪ੍ਰਧਾਨ ਮੰਤਰੀ ਸਟਾਰਮਰ ਨੇ ਆਪਣਾ ਫੈਸਲਾ ਬਦਲਦਿਆਂ ਸਿਰਫ ਖਾਸ ਅਤੇ ਸੀਮਤ ਰੱਖਿਆਤਮਕ ਮਕਸਦਾਂ ਲਈ ਅਮਰੀਕਾ ਨੂੰ ਇਸ ਟਾਪੂ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਸੀ। ਟਰੰਪ ਨੇ ਇਸ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਟਾਰਮਰ ਨੇ ਆਪਣਾ ਮਨ ਬਦਲਣ ਵਿੱਚ ਬਹੁਤ ਜ਼ਿਆਦਾ ਸਮਾਂ ਲਗਾ ਦਿੱਤਾ ਹੈ, ਜੋ ਦੋਵਾਂ ਦੇਸ਼ਾਂ ਦੇ ਮਜ਼ਬੂਤ ਰਿਸ਼ਤਿਆਂ ਦੇ ਲਿਹਾਜ਼ ਨਾਲ ਸਹੀ ਨਹੀਂ ਸੀ। ਇਸ ਤੋਂ ਪਹਿਲਾਂ ਟਰੰਪ ਦੀਆਂ ਬਰਤਾਨੀਆਂ ਦੇ ਫੌਜੀਆਂ ਬਾਰੇ ਕੀਤੀਆਂ ਟਿੱਪਣੀਆਂ ਕਾਰਨ ਵੀ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਖਟਾਸ ਆਈ ਸੀ। ਸਟਾਰਮਰ ਨੇ ਪਹਿਲਾਂ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਟਿੱਪਣੀਆਂ ਲਈ ਮੁਆਫੀ ਮੰਗਣ।
ਟਰੰਪ ਨੇ ਕਿਹਾ ਸੀ ਕਿ ਅਫਗਾਨਿਸਤਾਨ ਖਿਲਾਫ ਜੰਗ ਦੌਰਾਨ ਨਾਟੋ ਦੇਸ਼ਾਂ ਦੇ ਫੌਜੀ ਜੰਗ ਦੌਰਾਨ ਫਰੰਟ ਲਾਈਨ ਤੋਂ ਦੂਰ ਰਹੇ, ਜਦਕਿ ਅਮਰੀਕੀ ਫੌਜੀ ਸਭ ਤੋਂ ਅੱਗੇ ਰਹੇ ਸਨ। ਸਟਾਰਮਰ ਨੇ ਕਿਹਾ, ‘ਮੈਂ ਨਾਟੋ ਫੌਜੀਆਂ ਦੀ ਹਿੰਮਤ, ਉਨ੍ਹਾਂ ਦੀ ਬਹਾਦਰੀ ਅਤੇ ਉਨ੍ਹਾਂ ਦੀ ਦੇਸ਼ ਲਈ ਕੁਰਬਾਨੀ ਨੂੰ ਕਦੇ ਨਹੀਂ ਭੁੱਲਾਂਗਾ। ਮੈਂ ਰਾਸ਼ਟਰਪਤੀ ਟਰੰਪ ਦੀਆਂ ਟਿੱਪਣੀਆਂ ਨੂੰ ਅਪਮਾਨਜਨਕ ਅਤੇ ਸਪੱਸ਼ਟ ਤੌਰ ’ਤੇ ਗਲਤ ਮੰਨਦਾ ਹਾਂ। ਉਨ੍ਹਾ ਇਸ ਜੰਗ ਵਿਚ ਫੌਤ ਹੋਏ ਜਾਂ ਜ਼ਖਮੀ ਹੋਏ ਫੌਜੀਆਂ ਦੇ ਅਜ਼ੀਜ਼ਾਂ ਅਤੇ ਦੇਸ਼ ਵਾਸੀਆਂ ਨੂੰ ਦੁੱਖ ਪਹੁੰਚਾਇਆ ਹੈ।’