ਕੋਲਕਾਤਾ : ਜਸਟਿਸ ਅਭਿਜੀਤ ਗੰਗੋਪਾਧਿਆਏ ਕਲਕੱਤਾ ਹਾਈ ਕੋਰਟ ਦੇ ਜੱਜ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਦੋ ਦਿਨ ਬਾਅਦ ਵੀਰਵਾਰ ਭਾਜਪਾ ’ਚ ਸ਼ਾਮਲ ਹੋ ਗਏ। ਉਨ੍ਹਾ ਕਿਹਾ-ਅੱਜ ਮੈਂ ਇਕ ਨਵੇਂ ਖੇਤਰ ਵਿਚ ਕਦਮ ਰੱਖਿਆ ਹੈ। ਮੈਂ ਭਾਜਪਾ ’ਚ ਸ਼ਾਮਲ ਹੋ ਕੇ ਖੁਸ਼ ਹਾਂ ਅਤੇ ਪਾਰਟੀ ਦੇ ਸਿਪਾਹੀ ਵਜੋਂ ਕੰਮ ਕਰਾਂਗਾ। ਸਾਡਾ ਉਦੇਸ਼ ਰਾਜ ’ਚੋਂ ਭਿ੍ਰਸ਼ਟ ਟੀ ਐੱਮ ਸੀ ਨੂੰ ਸੱਤਾ ਤੋਂ ਬਾਹਰ ਕਰਨਾ ਹੈ।
ਕੇਜਰੀਵਾਲ 16 ਨੂੰ ਕੋਰਟ ’ਚ ਤਲਬ
ਨਵੀਂ ਦਿੱਲੀ : ਇਥੋਂ ਦੀ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ ਡੀ ਵੱਲੋਂ ਕਥਿਤ ਆਬਕਾਰੀ ਘਪਲੇ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਸੰਮਨ ਦੀ ਪਾਲਣਾ ਨਾ ਕਰਨ ਦੀ ਤਾਜ਼ਾ ਸ਼ਿਕਾਇਤ ’ਤੇ ਤਲਬ ਕੀਤਾ ਹੈ। ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਦਿਵਿਆ ਮਲਹੋਤਰਾ ਨੇ ਕੇਜਰੀਵਾਲ ਨੂੰ 16 ਮਾਰਚ ਨੂੰ ਅਦਾਲਤ ’ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਈ ਡੀ ਨੇ ਸੰਮਨ ਦੀ ਪਾਲਣਾ ਨਾ ਕਰਨ ਲਈ ਮੁੱਖ ਮੰਤਰੀ ਵਿਰੁੱਧ ਮੁਕੱਦਮਾ ਚਲਾਉਣ ਦੀ ਮੰਗ ਕਰਦਿਆਂ ਤਾਜ਼ਾ ਸ਼ਿਕਾਇਤ ਦਰਜ ਕਰਾਈ ਸੀ।
ਹੂਤੀਆਂ ਦੇ ਹਮਲੇ ’ਚ 3 ਮੌਤਾਂ
ਮੁੰਬਈ : ਯਮਨ ਦੇ ਹੂਤੀ ਬਾਗੀਆਂ ਨੇ ਅਦਨ ਦੀ ਖਾੜੀ ਵਿਚ ਵਪਾਰਕ ਜਹਾਜ਼ ’ਤੇ ਮਿਜ਼ਾਈਲ ਨਾਲ ਹਮਲਾ ਕੀਤਾ, ਜਿਸ ਵਿਚ ਚਾਲਕ ਦਲ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਅਤੇ ਬਾਕੀਆਂ ਨੂੰ ਜਹਾਜ਼ ਤੋਂ ਭੱਜਣ ਲਈ ਮਜਬੂਰ ਕਰ ਦਿੱਤਾ ਗਿਆ। ਅਮਰੀਕੀ ਫੌਜ ਨੇ ਇਹ ਜਾਣਕਾਰੀ ਦਿੱਤੀ ਹੈ। ਇਜ਼ਰਾਈਲ ਵੱਲੋਂ ਗਾਜ਼ਾ ’ਚ ਹਮਾਸ ਖਿਲਾਫ ਜੰਗ ਛੇੜਨ ਤੋਂ ਬਾਅਦ ਹੂਤੀ ਬਾਗੀਆਂ ਵੱਲੋਂ ਇਹ ਪਹਿਲਾ ਅਜਿਹਾ ਹਮਲਾ ਹੈ, ਜਿਸ ’ਚ ਲੋਕਾਂ ਦੀਆਂ ਜਾਨਾਂ ਗਈਆਂ ਹਨ।




