ਨਵੀਂ ਦਿੱਲੀ : ਸਿਆਸੀ ਪਾਰਟੀਆਂ ਵੱਲੋਂ ਜਮ੍ਹਾਂ ਕਰਵਾਏ ਹਰ ਚੋਣ ਬਾਂਡ ਦੇ ਵੇਰਵਿਆਂ ਦਾ ਖੁਲਾਸਾ ਕਰਨ ਲਈ 30 ਜੂਨ ਤੱਕ ਦਾ ਸਮਾਂ ਮੰਗਣ ਵਾਲੀ ਸਟੇਟ ਬੈਂਕ ਆਫ ਇੰਡੀਆ ਦੀ ਅਰਜ਼ੀ ਨੂੰ ਗੈਰਸਰਕਾਰੀ ਸੰਗਠਨ (ਐੱਨ ਜੀ ਓ) ਨੇ ਵੀਰਵਾਰ ਸੁਪਰੀਮ ਕੋਰਟ ’ਚ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ’ਚ ਮਾਣਹਾਨੀ ਪਟੀਸ਼ਨ ਦਾਇਰ ਕੀਤੀ। ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਵਕੀਲ ਪ੍ਰਸ਼ਾਂਤ ਭੂਸ਼ਣ ਦੀ ਪਟੀਸ਼ਨ ਦਾ ਨੋਟਿਸ ਲਿਆ, ਜੋ ਗੈਰ ਸਰਕਾਰੀ ਸੰਗਠਨ ‘ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼’ (ਏ ਡੀ ਆਰ) ਦੀ ਤਰਫੋਂ ਅਦਾਲਤ ’ਚ ਪੇਸ਼ ਹੋਏ। ਭੂਸ਼ਣ ਨੇ ਕਿਹਾ ਕਿ ਐੱਸ ਬੀ ਆਈ ਦੀ ਪਟੀਸ਼ਨ 11 ਮਾਰਚ ਨੂੰ ਸੁਣਵਾਈ ਲਈ ਸੂਚੀਬੱਧ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਮਾਣਹਾਨੀ ਪਟੀਸ਼ਨ ਦੀ ਸੁਣਵਾਈ ਵੀ ਨਾਲ ਹੀ ਹੋਣੀ ਚਾਹੀਦੀ ਹੈ। ਚੀਫ ਜਸਟਿਸ ਨੇ ਕਿਹਾ-ਕਿਰਪਾ ਕਰਕੇ ਈਮੇਲ ਭੇਜੋ। ਮੈਂ ਹੁਕਮ ਜਾਰੀ ਕਰਾਂਗਾ।




