ਖੁਸ਼ਹੈਸੀਅਤੀ ਟੈਕਸ ਵਿਰੁੱਧ ਮੋਰਚਾ ਕਿਸਾਨ ਲਹਿਰ ਦਾ ਸੁਨਹਿਰੀ ਪੰਨਾ : ਸਲੀਮ

0
160

ਨਰੂੜ (ਫਗਵਾੜਾ) : ਪੰਜਾਬ ਕਿਸਾਨ ਸਭਾ ਸੰਬੰਧਤ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿੱਚ ਪੰਜਾਬ ਦੀ ਕੈਰੋਂ ਸਰਕਾਰ ਵੱਲੋਂ ਕਿਸਾਨਾਂ ’ਤੇ ਲਾਏ ਖੁਸ਼ਹੈਸੀਅਤੀ ਟੈਕਸ ਦੇ ਵਿਰੁੱਧ ਲੜੇ ਜੇਤੂ ਇਤਿਹਾਸਕ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ 65 ਵੀਂ ਬਰਸੀ ਮੌਕੇ ਮੰਗਲਵਾਰ ਪ੍ਰਭਾਵਸ਼ਾਲੀ ਕਾਨਫਰੰਸ ਕੀਤੀ ਗਈ।
ਸੀ ਪੀ ਆਈ (ਐੱਮ) ਦੇ ਪੋਲਿਟ ਬਿਊਰੋ ਮੈਂਬਰ ਮੁਹੰਮਦ ਸਲੀਮ ਅਤੇ ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਸਮੇਤ ਪੰਜਾਬ ਕਿਸਾਨ ਸਭਾ ਦੇ ਸੂਬਾਈ ਆਗੂਆਂ ਨੇ ਸ਼ਹੀਦੀ ਯਾਦਗਾਰ ’ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਕਾਨਫਰੰਸ ਦੀ ਪ੍ਰਧਾਨਗੀ ਜਥੇਬੰਦੀ ਦੇ ਸੂਬਾ ਪ੍ਰਧਾਨ ਰੂਪਬਸੰਤ ਸਿੰਘ ਵੜੈਚ ਨੇ ਕੀਤੀ।
ਮੁਹੰਮਦ ਸਲੀਮ ਨੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੁਸ਼ਹੈਸੀਅਤੀ ਟੈਕਸ ਵਿਰੋਧੀ ਮੋਰਚੇ ਦਾ ਸੰਘਰਸ਼ ਆਂਧਰਾ ਪ੍ਰਦੇਸ਼ ਦੇ ਹਥਿਆਰਬੰਦ ਕਿਸਾਨ ਅੰਦੋਲਨ ਤੋਂ ਬਾਅਦ ਦੂਜਾ ਵੱਡਾ ਸੰਘਰਸ਼ ਹੈ। ਇਹ ਸ਼ਾਨਾਮੱਤਾ ਅਤੇ ਕਿਸਾਨ ਸੰਘਰਸ਼ ਦੇਸ਼ ਦੀ ਕਿਸਾਨ ਲਹਿਰ ਦਾ ਸੁਨਹਿਰੀ ਪੰਨਾ ਹੈ।
ਕਮਿਊਨਿਸਟ ਆਗੂ ਨੇ ਮੋਦੀ ਸਰਕਾਰ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਇਸ ਸਰਕਾਰ ਦੇ ਸ਼ਾਸਨ ਵਿੱਚ 1 ਪ੍ਰਤੀਸ਼ਤ ਅਮੀਰਾਂ ਕੋਲ ਧਨ-ਸੰਪਤੀ ਬੇਸ਼ੁਮਾਰ ਵਧੀ ਹੈ, ਦੂਜੇ ਪਾਸੇ ਦੇਸ਼ ਦੀ 99 ਪ੍ਰਤੀਸ਼ਤ ਜਨਤਾ ਭੁੱਖਮਰੀ, ਕੰਗਾਲੀ ਦਾ ਸ਼ਿਕਾਰ ਹੋਈ ਹੈ।
ਉਨ੍ਹਾ ਕਿਹਾ ਕਿ ਕਾਲਾ ਧਨ ਵਾਪਸੀ ਸਮੇਤ ਦੇਸ਼ ਦੇ ਕਿਰਤੀਆਂ, ਕਿਸਾਨਾਂ, ਨੌਜਵਾਨਾਂ ਆਦਿ ਹਰ ਵਰਗ ਨਾਲ ਕੀਤੇ ਵਾਅਦਿਆਂ ਦੇ ਉਲਟ ਕੇਂਦਰ ਸਰਕਾਰ ਆਮ ਲੋਕਾਂ ਨੂੰ ਮਹਿੰਗਾਈ, ਭਿ੍ਰਸ਼ਟਾਚਾਰ, ਬੇਕਾਰੀ ਆਦਿ ਨੂੰ ਨਕੇਲ ਪਾਉਣ ਤੋਂ ਅਸਮੱਰਥ ਰਹੀ ਹੈ ਅਤੇ ਅੰਬਾਨੀਆਂ-ਅਡਾਨੀਆਂ ਨੂੰ ਗੱਫੇ ਦਿੰਦੀ ਰਹੀ ਹੈ। ਏਅਰਪੋਰਟ, ਰੇਲਵੇ, ਬੈਂਕਾਂ ਸਮੇਤ ਪਬਲਿਕ ਖੇਤਰ ਕੌਡੀਆਂ ਦੇ ਭਾਅ ਅਮੀਰਾਂ ਦੇ ਹਵਾਲੇ ਕੀਤੇ ਹਨ।ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਕੇਰਲਾ ਸਰਕਾਰ ਵਾਂਗ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰੇ ਅਤੇ ਫ਼ਸਲਾਂ, ਫਲਾਂ, ਸਬਜ਼ੀਆਂ ਆਦਿ ਜਿਣਸਾਂ ਦੇ ਭਾਅ ਐੱਮ ਐੱਸ ਪੀ ਮੁਤਾਬਕ ਦੇਵੇ।
ਸੂਬਾ ਪ੍ਰਧਾਨ ਰੂਪਬਸੰਤ ਸਿੰਘ ਵੜੈਚ ਅਤੇ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਣਵੰਡੇ ਭਾਰਤ ਖਾਸ ਕਰਕੇ ਪੰਜਾਬ ਦੇ ਕਿਸਾਨ ਸੰਘਰਸ਼ਾਂ ਅਤੇ ਅੰਦੋਲਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ 1905-07 ਤੋਂ ਲੈ ਕੇ ਪੱਗੜੀ ਸੰਭਾਲ ਜੱਟਾ ਲਹਿਰ ਤੋਂ ਲੈ ਕੇ ਕਿਸਾਨਾਂ ਨੂੰ ਲਾਮਬੰਦ ਅਤੇ ਜਥੇਬੰਦ ਕੀਤਾ।
ਕਿਸਾਨ ਆਗੂਆਂ ਕਿਹਾ ਕਿ ਇਨ੍ਹਾਂ ਕਿਸਾਨ ਸੰਘਰਸ਼ਾਂ ਵਿੱਚੋਂ ਦੇਸ਼ ਦੇ ਕਿਸਾਨਾਂ ਦੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਦੀ ਸਥਾਪਨਾ 11 ਅਪ੍ਰੈਲ 1936 ਵਿੱਚ ਹੋਈ ਅਤੇ ਫੇਰ ਕਿਸਾਨ ਸਭਾ ਨੇ ਦੇਸ਼ ਦੀ ਆਜ਼ਾਦੀ ਲਹਿਰ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਹਰਸ਼ਾ ਛੀਨਾ ਮੋਘਾ ਮੋਰਚਾ ਸਮੇਤ ਅਨੇਕਾਂ ਸੰਘਰਸ਼ ਪੰਜਾਬ ਕਿਸਾਨ ਸਭਾ ਦੀ ਅਗਵਾਈ ਵਿੱਚ ਲੜੇ ਅਤੇ ਜਿੱਤੇ ਗਏ।
ਉਨ੍ਹਾ ਕਿਹਾ ਕਿ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚੋਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਰਾਮਲੀਲ੍ਹਾ ਮੈਦਾਨ ਨਵੀਂ ਦਿੱਲੀ ਵਿਖੇ ਹੋ ਰਹੀ ਮਜ਼ਦੂਰ-ਕਿਸਾਨ ਮਹਾਂ-ਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਕਾਨਫਰੰਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਖਪ੍ਰੀਤ ਸਿੰਘ ਜੌਹਲ ਨੇ ਨਿਭਾਈ। ਉਦਘਾਟਨੀ ਭਾਸ਼ਣ ਲਛਮਣ ਸਿੰਘ ਜੌਹਲ ਨੇ ਕੀਤਾ।

LEAVE A REPLY

Please enter your comment!
Please enter your name here