24 C
Jalandhar
Friday, October 18, 2024
spot_img

‘ਆਪ’ ਪੰਜਾਬ ’ਚ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਦੇ ਅਧਾਰ ’ਤੇ ਲੋਕ ਸਭਾ ਚੋਣਾਂ ਲੜੇਗੀ

ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਰਣਨੀਤੀ ’ਤੇ ਚਰਚਾ ਕਰਨ ਲਈ ਮੰਗਲਵਾਰ ਇਕ ਅਹਿਮ ਮੀਟਿੰਗ ਕੀਤੀ। ਮੀਟਿੰਗ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ‘ਆਪ’ ਦੇ ਕੌਮੀ ਸਕੱਤਰ ਡਾਕਟਰ ਸੰਦੀਪ ਪਾਠਕ, ਦੋ ਵਾਰ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ, ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪਿ੍ਰੰਸੀਪਲ ਬੁੱਧ ਰਾਮ, ਕੈਬਨਿਟ ਮੰਤਰੀ ਅਤੇ ‘ਆਪ’ ਦੇ ਸਾਰੇ ਵਿਧਾਇਕ ਹਾਜ਼ਰ ਸਨ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੀਟਿੰਗ ਵਿੱਚ ਸਕਾਰਾਤਮਕ ਮਾਹੌਲ ਰਿਹਾ। ਮਾਨ ਸਾਹਬ, ਪਾਠਕ ਜੀ ਅਤੇ ਸੰਜੇ ਸਿੰਘ ਨੇ ਆਗਾਮੀ ਚੋਣਾਂ ਲਈ ਪੰਜਾਬ ਦੇ ਵਿਧਾਇਕਾਂ, ਹਲਕਾ ਇੰਚਾਰਜਾਂ ਅਤੇ ‘ਆਪ’ ਦੇ ਲੋਕ ਸਭਾ ਉਮੀਦਵਾਰਾਂ ਨਾਲ ਆਪਣਾ ਤਜਰਬਾ ਸਾਂਝਾ ਕੀਤਾ। ਉਨ੍ਹਾ ਕਿਹਾ ਕਿ ਸਾਡੇ ਸਾਰੇ ਸੀਨੀਅਰ ਆਗੂਆਂ ਨੇ ਮੀਟਿੰਗ ਵਿੱਚ ਆਪਣਾ ਮੰਤਰ ਸਾਂਝਾ ਕੀਤਾ ਅਤੇ ਦੱਸਿਆ ਕਿ ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ਕਿਵੇਂ ਜਿੱਤਣ ਜਾ ਰਹੇ ਹਾਂ।
ਉਨ੍ਹਾ ਕਿਹਾ ਕਿ ਅਸੀਂ ਆਪਣੀਆਂ ਨੀਤੀਆਂ, ਫੈਸਲਿਆਂ ਅਤੇ ਕੰਮਾਂ ਨੂੰ ਪੰਜਾਬ ਦੇ ਹਰ ਘਰ ਵਿੱਚ ਪਹੁੰਚਾਉਣ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਭਾਜਪਾ ਸਾਡੇ ਦੇਸ਼ ਵਿੱਚ ਲੋਕਤੰਤਰ ਦਾ ਘਾਣ ਕਰਨ ਲਈ ਈ ਡੀ ਅਤੇ ਸੀ ਬੀ ਆਈ ਦੀ ਦੁਰਵਰਤੋਂ ਕਰ ਰਹੀ ਹੈ।
ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਰਫ਼ 2 ਸਾਲਾਂ ਵਿੱਚ ਪੰਜਾਬ ਵਿੱਚ ਚਾਰ ਵੱਡੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਹਨ।2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਸਾਡੀ ਵੱਡੀ ਗਾਰੰਟੀ, ਹਰ ਕਿਸੇ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ, ਸਾਡੀ ਸਰਕਾਰ ਬਣਨ ਤੋਂ ਬਾਅਦ ਦੋ ਮਹੀਨਿਆਂ ਵਿੱਚ ਪੂਰੀ ਹੋ ਗਈ।ਅਸੀਂ ਲਗਾਤਾਰ ਸਕੂਲ ਆਫ਼ ਐਮੀਨੈਂਸ ਅਤੇ ਆਮ ਆਦਮੀ ਕਲੀਨਿਕ ਬਣਾ ਰਹੇ ਹਾਂ।ਸਾਡੇ ਬੱਚੇ ਮੁਫਤ ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਹਰ ਕਿਸੇ ਨੂੰ ਮੁਹੱਲਾ ਕਲੀਨਿਕਾਂ ਵਿੱਚ ਮੁਫਤ ਸਿਹਤ ਸਹੂਲਤਾਂ ਮਿਲ ਰਹੀ ਹੈ।ਚੀਮਾ ਨੇ ਕਿਹਾ ਕਿ ਮਾਨ ਸਰਕਾਰ ਨੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਦੇ ਦਿੱਤਾ ਹੈ।
ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਭ ਕੁਝ ਸਿਰਫ਼ ਦੋ ਸਾਲਾਂ ਵਿੱਚ ਹੀ ਹਾਸਲ ਕਰ ਲਿਆ।ਅਸੀਂ ਸ਼ਹੀਦਾਂ ਦੇ ਪਰਵਾਰਾਂ ਨੂੰ 1 ਕਰੋੜ ਰੁਪਏ ਐਕਸ-ਗ੍ਰੇਸ਼ੀਆ ਦੇ ਰਹੇ ਹਾਂ।ਅਸੀਂ 14 ਟੋਲ ਪਲਾਜ਼ੇ ਬੰਦ ਕਰਕੇ ਆਮ ਲੋਕਾਂ ਦਾ ਆਰਥਿਕ ਬੋਝ ਘਟਾਇਆ ਹੈ।ਅਸੀਂ ਯੋਗਤਾ ਦੇ ਆਧਾਰ ’ਤੇ ਪੰਜਾਬ ਦੇ ਨੌਜਵਾਨਾਂ ਨੂੰ 43000 ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਸਾਡੀ ਸਰਕਾਰ ਨੇ 13000 ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ।
ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵਜੋਂ ਸਾਡਾ ਦੋ ਸਾਲਾਂ ਦਾ ਰਿਪੋਰਟ ਕਾਰਡ ਪ੍ਰਭਾਵਸ਼ਾਲੀ ਹੈ ਅਤੇ ਸਾਡੀ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਸਾਂਝਾ ਕੀਤਾ ਕਿ ਕਿਵੇਂ ਅਸੀਂ ਆਪਣੇ ਸਾਰੇ ਕੰਮਾਂ, ਪ੍ਰਾਪਤੀਆਂ ਅਤੇ ਪੰਜਾਬ ਪੱਖੀ ਫੈਸਲਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਜਾ ਰਹੇ ਹਾਂ।ਉਨ੍ਹਾ ਕਿਹਾ ਕਿ ਸਾਡੇ ਲੋਕ ਸਭਾ ਉਮੀਦਵਾਰ, ਵਲੰਟੀਅਰ ਅਤੇ ਆਗੂ ਘਰ-ਘਰ ਜਾ ਕੇ ਲੋਕਾਂ ਨਾਲ ਗੱਲਬਾਤ ਤੇ ਮੀਟਿੰਗਾਂ ਕਰਨਗੇ।ਇਸ ਦੇ ਨਾਲ ਹੀ ਅਸੀਂ ਭਾਜਪਾ ਦੀਆਂ ਲੋਕ-ਵਿਰੋਧੀ ਨੀਤੀਆਂ, ਉਨ੍ਹਾਂ ਦੀ ਤਾਨਾਸ਼ਾਹੀ, ਦੇਸ਼ ਵਿੱਚ ਭਾਜਪਾ ਦੀ ਅਣ-ਐਲਾਨੀ ਐਮਰਜੈਂਸੀ ਦਾ ਵਿਰੋਧ ਕਰਦੇ ਰਹਾਂਗੇ।‘ਆਪ’ ਆਗੂ ਨੇ ਕਿਹਾ ਕਿ ਪ੍ਰਚਾਰ ਦੌਰਾਨ ਉਹ ਲੋਕਾਂ ਨੂੰ ਇਹ ਵੀ ਦੱਸਣਗੇ ਕਿ ਕਿਵੇਂ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਜੇਲ੍ਹ ਵਿੱਚ ਰੱਖਿਆ ਗਿਆ ਹੈ।ਕਿਸ ਤਰ੍ਹਾਂ ਵਿਰੋਧੀ ਪਾਰਟੀ ਦੇ ਨੇਤਾਵਾਂ ਦੇ ਖਿਲਾਫ ਹਰ ਰੋਜ਼ ਈ ਡੀ ਅਤੇ ਸੀ ਬੀ ਆਈ ਭੇਜੀ ਜਾ ਰਹੀ ਹੈ। ਅਸੀਂ ਇਹ ਸਾਰੀਆਂ ਗੱਲਾਂ ਪੰਜਾਬ ਦੇ ਲੋਕਾਂ ਤੱਕ ਲੈ ਕੇ ਜਾਵਾਂਗੇ।ਪੰਜਾਬ ਨੇ ਹਮੇਸ਼ਾ ਹੀ ਉਨ੍ਹਾਂ ਆਗੂਆਂ ਦਾ ਵਿਰੋਧ ਕੀਤਾ ਹੈ, ਜਿਨ੍ਹਾਂ ਪੰਜਾਬ ਨਾਲ ਧੋਖਾ ਕੀਤਾ ਹੈ। ਸਾਰੀ ਦੁਨੀਆਂ ਜਾਣਦੀ ਹੈ ਕਿ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਪੰਜਾਬ ਤੋਂ ਹੀ ਸ਼ੁਰੂ ਹੋਇਆ। ਭਾਜਪਾ ਅਤੇ ਅਕਾਲੀ ਦਲ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਅਤੇ ਦੇਸ਼ ਦੇ ਕਿਸਾਨਾਂ ਨੇ ਇਹਨਾਂ ਖਿਲਾਫ ਲੜਾਈ ਲੜੀ ਅਤੇ ਜਿੱਤੀ। ਲੋਕ ਜਾਣਦੇ ਹਨ ਕਿ ਕਿਸਾਨਾਂ ਦੇ ਧਰਨੇ ਦੌਰਾਨ 750 ਦੇ ਕਰੀਬ ਕਿਸਾਨ ਸ਼ਹੀਦ ਹੋਏ ਸਨ ਅਤੇ ਦੂਜੀ ਵਾਰ ਕਿਸਾਨ ਆਪਣੇ ਹੱਕਾਂ ਲਈ ਇਕੱਠੇ ਹੋਏ ਤਾਂ ਭਾਜਪਾ ਸਰਕਾਰ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ।ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਭਾਜਪਾ ਨੂੰ ਹਰਾਉਣਗੇ, ਕਿਉਕਿ ਲੋਕ ਬੇਅਦਬੀ ਦੀਆਂ ਘਟਨਾਵਾਂ ਨੂੰ ਨਹੀਂ ਭੁੱਲੇ। ਕਾਂਗਰਸ ਲਈ ਪੰਜਾਬ ਵਿੱਚ ਕੋਈ ਮੌਕਾ ਨਹੀਂ ਹੈ।

Related Articles

LEAVE A REPLY

Please enter your comment!
Please enter your name here

Latest Articles