35.2 C
Jalandhar
Friday, October 18, 2024
spot_img

370 ਜਾਂ 214

ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਵੀ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਇਸ ਵਾਰ ਐੱਨ ਡੀ ਏ 400 ਤੋਂ ਵੱਧ ਤੇ ਇਕੱਲੀ ਭਾਜਪਾ 370 ਸੀਟਾਂ ਜਿੱਤੇਗੀ। 370 ਦਾ ਅੰਕੜਾ ਸ਼ਾਇਦ ਲੋਕਾਂ ਨੂੰ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾ ਕੇ ਉਸ ਨੂੰ ਤੋੜਨ ਦੀ ਪ੍ਰਾਪਤੀ ਯਾਦ ਕਰਾਉਣ ਲਈ ਮਿਥਿਆ ਗਿਆ ਸੀ। ਚੋਣਾਂ ਵਿੱਚ ਸਭ ਪਾਰਟੀਆਂ ਹਵਾ ਬੰਨ੍ਹਣ ਲਈ ਅਜਿਹੇ ਨਾਅਰੇ ਦਿੰਦੀਆਂ ਰਹਿੰਦੀਆਂ ਹਨ। ਇਸ ਸਮੇਂ ਦੇਸ਼ ਦਾ ਬਹੁਤਾ ਮੀਡੀਆ ਭਾਜਪਾ ਦਾ ਧੂਤੂ ਬਣਿਆ ਹੋਇਆ ਹੈ, ਇਸ ਲਈ ਉਸ ਨੇ 400 ਪਾਰ ਦੇ ਅੰਕੜੇ ਨੂੰ ਸੱਚ ਸਾਬਤ ਕਰਨ ਲਈ ਬੰਦ ਕਮਰਿਆਂ ਵਿੱਚ ਕੀਤੇ ਗਏ ਇੱਕ ਤੋਂ ਬਾਅਦ ਇੱਕ ਨਾਮ-ਨਿਹਾਦ ਸਰਵਿਆਂ ਰਾਹੀਂ ਇਹ ਝੂਠ ਪ੍ਰਚਾਰਿਆ ਕਿ ਐੱਨ ਡੀ ਏ 425 ਤੋਂ 50 ਤੱਕ ਵੀ ਪੁੱਜ ਸਕਦਾ ਹੈ। ਇਹ ਸਭ ਸਰਵੇ ਹਵਾਈ ਹਨ।
ਇਹ ਸਚਾਈ ਹੈ ਕਿ 2019 ਵਿੱਚ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ। ਇਸ ਲਈ ਜਦੋਂ ਵੀ ਮੌਜੂਦਾ ਲੋਕ ਰਾਏ ਦਾ ਵਿਸ਼ਲੇਸ਼ਣ ਹੋਣਾ ਹੈ ਤਾਂ ਇਥੋਂ ਤੁਰਨਾ ਪਵੇਗਾ ਕਿ ਕੀ ਭਾਜਪਾ 2019 ਦੀ ਜਿੱਤ ਦੁਹਰਾਅ ਸਕੇਗੀ ਜਾਂ ਮਾਤ ਖਾ ਜਾਵੇਗੀ। ਇਸ ਦੌਰਾਨ ਇੱਕ ਹੋਰ ਸਰਵੇ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣਿਆ ਹੋਇਆ ਹੈ, ਜਿਸ ਵਿੱਚ ਭਾਜਪਾ ਦੀਆਂ ਸੀਟਾਂ ਮਸਾਂ 214 ਤੱਕ ਪੁੱਜ ਸਕਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਆਰ ਐੱਸ ਐਸ ਤੇ ਭਾਜਪਾ ਵੱਲੋਂ ਕਰਾਇਆ ਗਿਆ ਅੰਦਰੂਨੀ ਸਰਵੇ ਹੈ। ਇਹ ਝੂਠ ਵੀ ਹੋ ਸਕਦਾ ਹੈ, ਪਰ ਇਹ ਤਾਂ ਸਚਾਈ ਹੈ ਕਿ ਚੋਣਾਂ ਮੌਕੇ ਸਭ ਪਾਰਟੀਆਂ ਅਜਿਹੇ ਸਰਵੇ ਕਰਾਉਂਦੀਆਂ ਹਨ ਤੇ ਇਹ ਬਾਹਰ ਵੀ ਆਉਂਦੇ ਰਹਿੰਦੇ ਹਨ। ਇਸ ਲਈ ਅਸੀਂ ਇਸ ਨੂੰ ਅੰਦਰੂਨੀ ਸਰਵੇ ਹੀ ਕਹਾਂਗੇ। ਇਸ ਸਰਵੇ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਰਾਹੀਂ ਸਿਰਫ਼ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਜਪਾ ਦੀ ਹਾਲਤ ਕੀ ਰਹੇਗੀ, ਇਹ ਨਹੀਂ ਕਿ ਉਸ ਦੇ ਮੁਕਾਬਲੇ ਹਾਰਨ-ਜਿੱਤਣ ਵਾਲਾ ਕੌਣ ਹੋਵੇਗਾ। ਭਾਜਪਾ ਦੀਆਂ ਪਿਛਲੀਆਂ 303 ਸੀਟਾਂ ਨੂੰ ਸਾਹਮਣੇ ਰੱਖ ਕੇ ਇਸ 214 ਵਾਲੇ ਸਰਵੇ ਦੀ ਪਰਖ ਕਰਨ ਤੋਂ ਪਹਿਲਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ 2019 ਦੀਆਂ ਚੋਣਾਂ ਪੁਲਵਾਮਾ ਕਾਂਡ ਬਾਅਦ ਕੀਤੀ ਗਈ ਏਅਰ ਸਟਰਾਈਕ ਦੇ ਜਨੂੰਨੀ ਮਾਹੌਲ ਵਿੱਚ ਹੋਈਆਂ ਸਨ। ਉਸ ਸਮੇਂ ਲੋਕਾਂ ਨੇ ਆਪਣੀਆਂ ਨਿੱਜੀ ਸਮੱਸਿਆਵਾਂ ਲਾਂਭੇ ਰੱਖ ਕੇ ਦੇਸ਼ ਦੀ ਸੁਰੱਖਿਆ ਲਈ ਮੋਦੀ ਨੂੰ ਚੁਣਨਾ ਜ਼ਰੂਰੀ ਸਮਝਿਆ ਸੀ। ਅੱਜ ਮਾਹੌਲ ਬਿਲਕੁੱਲ ਵੱਖਰਾ ਹੈ। ਜਿਓਂ-ਜਿਓਂ ਵੋਟਾਂ ਪੈਣ ਦੇ ਦਿਨ ਨੇੜੇ ਆ ਰਹੇ ਹਨ, ਹਰ ਤਬਕੇ ਅੰਦਰ ਦੱਬਿਆ ਗੁੱਸਾ ਬਾਹਰ ਆ ਰਿਹਾ ਹੈ।
ਇੱਥੇ ਅਸੀਂ ਭਾਜਪਾ ਦੀ 2019 ਦੀਆਂ ਚੋਣਾਂ ਦੀ ਕਾਰਗੁਜ਼ਾਰੀ ਪਰਖਣ ਲਈ ਕੁਝ ਸੂਬਿਆਂ ਦੀ ਸਥਿਤੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਉੱਪਰਲੇ ਪਾਸਿਓਂ ਲਈਏ ਤਾਂ ਪਿਛਲੀਆਂ ਚੋਣਾਂ ਵਿੱਚ ਭਾਜਪਾ ਨੇ ਜੰਮੂ-ਕਸ਼ਮੀਰ ਦੀਆਂ ਲੱਦਾਖ ਸਮੇਤ 6 ਸੀਟਾਂ ਵਿੱਚੋਂ 3 ਜਿੱਤੀਆਂ ਸਨ। ਉਸ ਸਮੇਂ ਵਿਰੋਧੀ ਧਿਰਾਂ ਵੱਖੋ-ਵੱਖ ਲੜੀਆਂ ਸਨ, ਪਰ ਇਸ ਵਾਰ ਕਾਂਗਰਸ ਤੇ ਨੈਸ਼ਨਲ ਕਾਨਫ਼ਰੰਸ ਮਿਲ ਕੇ ਲੜ ਰਹੀਆਂ ਹਨ। ਅੰਦਰੂਨੀ ਸਰਵੇ ਮੁਤਾਬਕ ਇਸ ਵਾਰ ਭਾਜਪਾ ਦੇ ਪੱਲੇ ਸਿਰਫ਼ ਇੱਕ ਸੀਟ ਜੰਮੂ ਵਾਲੀ ਹੀ ਪਵੇਗੀ। ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਤਾਂ ਭਾਜਪਾ ਨੇ ਹੂੰਝਾ ਫੇਰਦਿਆਂ ਚਾਰੇ ਸੀਟਾਂ ਹਥਿਆ ਲਈਆਂ ਸਨ, ਪਰ ਅੰਦਰੂਨੀ ਸਰਵੇ ਕਹਿੰਦਾ ਹੈ ਕਿ ਇਸ ਵਾਰ ਉਹ 2 ਸੀਟਾਂ ਹੀ ਜਿੱਤੇਗੀ। ਇਸ ਦਾ ਮਤਲਬ ਹੈ ਕਿ ਭਾਜਪਾ ਤੇ ਕਾਂਗਰਸ ਵਿਚਾਲੇ ਫਸਵੀਂ ਲੜਾਈ ਹੋਵੇਗੀ। ਹੁਣ ਲਈਏ ਪੰਜਾਬ ਦੀ ਗੱਲ, 2019 ਵਿੱਚ ਭਾਜਪਾ ਨੇ ਅਕਾਲੀ ਦਲ ਨਾਲ ਸਮਝੌਤੇ ਅਧੀਨ 2 ਸੀਟਾਂ ਜਿੱਤੀਆਂ ਸਨ। ਅੰਦਰੂਨੀ ਸਰਵੇ ਕਹਿੰਦਾ ਹੈ ਕਿ ਇਸ ਵਾਰ ਵੀ ਉਹ ਦੋ ਸੀਟਾਂ ਜਿੱਤ ਜਾਵੇਗੀ। ਇਹ ਸੰਭਵ ਨਹੀਂ ਲੱਗਦਾ, ਕਿਉਂਕਿ ਪੰਜਾਬ ਦੀ ਪੇਂਡੂ ਕਿਸਾਨੀ ਵਿੱਚ ਭਾਜਪਾ ਪ੍ਰਤੀ ਸਖ਼ਤ ਗੁੱਸਾ ਹੈ। ਕਿਸਾਨ ਦਿੱਲੀ ਦੀਆਂ ਬਰੂਹਾਂ ਉੱਤੇ ਲੱਗੇ 13 ਮਹੀਨੇ ਲੰਮੇ ਮੋਰਚੇ ਨੂੰ ਭੁੱਲੇ ਨਹੀਂ ਹਨ। ਭਾਜਪਾ ਸਰਕਾਰ ਦੀ ਐੱਮ ਐੱਸ ਪੀ ਪ੍ਰਤੀ ਵਾਅਦਾ-ਖ਼ਿਲਾਫ਼ੀ ਵਿਰੁੱਧ ਉਹ ਲਗਾਤਾਰ ਲੜ ਰਹੇ ਹਨ। ਸ਼ੰਭੂ ਬਾਰਡਰ ਉੱਤੇ ਲੱਗੇ ਮੋਰਚੇ ਨੇ ਵੀ ਭਾਜਪਾ ਵਿਰੁੱਧ ਗੁੱਸੇ ਨੂੰ ਹੋਰ ਤਿੱਖਾ ਕੀਤਾ ਹੈ। ਹਾਲਾਤ ਇਹ ਹਨ ਕਿ ਪਿੰਡਾਂ ਨੂੰ ਜਾਂਦੇ ਰਾਹਾਂ ਉੱਤੇ ਲੋਕਾਂ ਨੇ ਚੇਤਾਵਨੀ ਬੋਰਡ ਲਾ ਕੇ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਆਉਣ ਦੀ ਮਨਾਹੀ ਕੀਤੀ ਹੋਈ ਹੈ। ਅਜਿਹੀ ਹਾਲਤ ਵਿੱਚ ਵੀ ਜੇਕਰ ਭਾਜਪਾ ਪੰਜਾਬ ਵਿੱਚੋਂ ਦੋ ਸੀਟਾਂ ਜਿੱਤ ਜਾਂਦੀ ਹੈ ਤਾਂ ਇਹ �ਿਸ਼ਮਾ ਹੀ ਹੋਵੇਗਾ। ਅੰਦਰੂਨੀ ਸਰਵੇ ਵਿੱਚ ਪਿਛਲੀ ਵਾਰ ਭਾਜਪਾ ਵੱਲੋਂ ਜਿੱਤੀ ਚੰਡੀਗੜ੍ਹ ਦੀ ਸੀਟ ਵੀ ਉਸ ਨੂੰ ਮਿਲਦੀ ਨਹੀਂ ਜਾਪਦੀ। ਮੇਅਰ ਦੀ ਚੋਣ ਵਿੱਚ ਕੀਤੀ ਗਈ ਹੇਰਾਫੇਰੀ ਇਸ ਵਾਰ ਭਾਜਪਾ ਦੇ ਹੱਡੀਂ ਬਹਿ ਜਾਵੇਗੀ। ਇਸ ਵਾਰ ਭਾਵੇਂ ਪੰਜਾਬ ਵਿੱਚ ਕਾਂਗਰਸ ਤੇ ‘ਆਪ’ ਆਪਸ ਵਿੱਚ ਟਕਰਾਅ ਰਹੀਆਂ ਹਨ, ਪਰ ਚੰਡੀਗੜ੍ਹ ਵਿੱਚ ਦੋਹਾਂ ਵਿਚਕਾਰ ਸਮਝੌਤਾ ਹੈ। ਉਕਤ ਸਾਰੇ ਵਿਸ਼ਲੇਸ਼ਣ ਤੋਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਇਨ੍ਹਾਂ ਸਭ ਰਾਜਾਂ ਵਿੱਚ ਭਾਜਪਾ ਆਪਣੀ ਪਿਛਲੀ ਸਥਿਤੀ ਕਾਇਮ ਨਹੀਂ ਰੱਖ ਸਕੇਗੀ। ਆਪਣੀ ਸਮਝ ਨੂੰ ਪਾਸੇ ਰੱਖਦਿਆਂ ਜੇਕਰ ‘ਅੰਦਰੂਨੀ ਸਰਵੇ’ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਭਾਜਪਾ ਵੱਲੋਂ ਜਿੱਤੀਆਂ 10 ਸੀਟਾਂ ਵਿੱਚੋਂ ਇਸ ਵਾਰ ਉਹ 5 ਸੀਟਾਂ ਹਾਰ ਜਾਵੇਗੀ। ਇਸ ਤਰ੍ਹਾਂ 303 ਵਿੱਚੋਂ 5 ਕੱਢੇ ਜਾਣ ਬਾਅਦ ਭਾਜਪਾ ਕੋਲ 298 ਰਹਿ ਜਾਂਦੀਆਂ ਹਨ। ਕੱਲ੍ਹ ਨੂੰ ਫਿਰ ਅਸੀਂ ਇੱਥੋਂ ਅੱਗੇ ਤੁਰਾਂਗੇ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles