ਕੋਲਕਾਤਾ : ਪੱਛਮੀ ਬੰਗਾਲ ਦੇ ਮਾਲਦਾ ਉੱਤਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਖਗੇਨ ਮੁਰਮੂ ਵੱਲੋਂ ਚੋਣ ਪ੍ਰਚਾਰ ਦੌਰਾਨ ਮਹਿਲਾ ਦੀ ਚੁੰਮੀ ਲੈਂਦਿਆਂ ਦੀਆਂ ਤਸਵੀਰਾਂ ਵਾਇਰਲ ਹੋਣ ਨਾਲ ਬੁੱਧਵਾਰ ਵਿਵਾਦ ਪੈਦਾ ਹੋ ਗਿਆ। ਰਿਪੋਰਟਾਂ ਮੁਤਾਬਕ ਮੁਰਮੂ ਨੇ ਇਹ ਹਰਕਤ ਸੀਰੀਹਪੁਰ ਪਿੰਡ ਵਿਚ ਕੀਤੀ।
ਤਿ੍ਰਣਮੂਲ ਕਾਂਗਰਸ ਨੇ ਕਿਹਾ ਕਿ ਇਸ ਦੇ ਇਕ ਸਾਂਸਦ ’ਤੇ ਮਹਿਲਾ ਭਲਵਾਨਾਂ ਦੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲੱਗੇ। ਇਸ ਨੇ ਬੰਗਾਲੀ ਮਹਿਲਾਵਾਂ ਬਾਰੇ ਅਸ਼ਲੀਲ ਗਾਣੇ ਗਾਉਣ ਵਾਲੇ ਗਾਇਕ ਨੂੰ ਟਿਕਟ ਦਿੱਤੀ ਤੇ ਹੁਣ ਇਹ ਤਸਵੀਰ ਸਾਹਮਣੇ ਆ ਗਈ ਹੈ। ਮੋਦੀ ਦਾ ਪਰਵਾਰ ਨਾਰੀ ਦਾ ਸਨਮਾਨ ਇੰਜ ਕਰਦਾ ਹੈ। ਜੇ ਇਹ ਜਿੱਤ ਗਏ ਤਾਂ ਅੰਦਾਜ਼ਾ ਲਾ ਲਓ ਕਿ ਕੀ ਕਰਨਗੇ। ਉੱਧਰ ਮੁਰਮੂ ਨੇ ਕਿਹਾ ਕਿ ਤਿ੍ਰਣਮੂਲ ਕਾਂਗਰਸ ਨੇ ਕੁਝ ਐਡਿਟ ਕਰਕੇ ਤਸਵੀਰ ਪੋਸਟ ਕੀਤੀ ਹੈ, ਜਿਸ ਨੂੰ ਉਸ ਨੇ ਚੁੰਮਿਆ, ਉਹ ਸਾਡੇ ਪਰਵਾਰ ਦੀ ਬੱਚੀ ਹੈ। ਸਾਡੇ ਵਰਕਰ ਦੀ ਧੀ ਹੈ ਤੇ ਬੇਂਗਲੁਰੂ ਵਿਚ ਨਰਸਿੰਗ ਦਾ ਕੋਰਸ ਕਰ ਰਹੀ ਹੈ। ਅਸੀਂ ਆਪਣੇ ਬੱਚਿਆਂ ਨੂੰ ਵੀ ਇੰਜ ਪਿਆਰ ਦਿੰਦੇ ਹਾਂ। ਉਸ ਵੇਲੇ ਉਸ ਦੇ ਮਾਂ-ਬਾਪ ਕੋਲ ਖੜ੍ਹੇ ਸਨ। ਉਹ ਅਜੇ ਵੀ ਇਲਾਕੇ ਵਿਚ ਪ੍ਰਚਾਰ ਕਰ ਰਹੇ ਹਨ। ਕਿਸੇ ਨੇ ਇਸ ਦਾ ਬੁਰਾ ਨਹੀਂ ਮਨਾਇਆ। ਉਹ ਤਿ੍ਰਣਮੂਲ ਕਾਂਗਰਸ ਖਿਲਾਫ ਕੇਸ ਕਰਨਗੇ।