ਜਲੰਧਰ : ਮੁਲਕ ਨੂੰ ਮੁਕੰਮਲ ਆਜ਼ਾਦੀ, ਜਮਹੂਰੀਅਤ, ਧਰਮ-ਨਿਰਪੱਖਤਾ ਅਤੇ ਬਰਾਬਰੀ ਭਰੇ ਨਿਜ਼ਾਮ ਦੀ ਸਿਰਜਣਾ ਲਈ ਕਦਮ-ਵਧਾਰਾ ਕਰਨ ਦੇ ਸੰਕਲਪ ਨਾਲ਼ ਜੁੜੀ ਗ਼ਦਰ ਪਾਰਟੀ ਦੇ ਐਤਵਾਰ 111ਵੇਂ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹੋਏ ਸਮਾਗਮ ਨੇ ਸੱਦਾ ਦਿੱਤਾ ਕਿ ਸਾਡੇ ਪਿਆਰੇ ਵਤਨ ਉਪਰ ਸਾਮਰਾਜੀ ਕਾਰਪੋਰੇਟ ਘਰਾਣਿਆਂ ਅਤੇ ਫ਼ਿਰਕੂ ਫਾਸ਼ੀ ਹੱਲੇ ਨੂੰ ਪਛਾੜਨ ਅਤੇ ਗ਼ਦਰੀ ਦੇਸ਼ ਭਗਤਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਨੂੰ ਪਰਣਾਈਆਂ ਸ਼ਕਤੀਆਂ ਨੂੰ ਧੜੱਲੇ ਨਾਲ ਦੇਸ਼ ਵਾਸੀਆਂ ਦੀ ਬਾਂਹ ਫੜਨ ਲਈ ਅੱਗੇ ਆਉਣ ਦੀ ਲੋੜ ਹੈ।
ਸਮਾਗਮ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਹਾਲ ਦੇ ਮੁੱਖ ਪ੍ਰਵੇਸ਼ ਦੁਆਰ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਾ. ਤੇਜਿੰਦਰ ਵਿਰਲੀ ਵੱਲੋਂ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਨਾਲ਼ ਹੋਇਆ। ਝੰਡੇ ’ਤੇ ਫੁੱਲਾਂ ਦੀ ਵਰਖ਼ਾ ਮੌਕੇ ‘ਗ਼ਦਰੀ ਦੇਸ਼ ਭਗਤਾਂ ਦਾ ਪੈਗ਼ਾਮ: ਜਾਰੀ ਰੱਖਣਾ ਹੈ ਸੰਗਰਾਮ’ ਵਰਗੇ ਨਾਅਰੇ ਗੂੰਜ ਉੱਠੇ।
ਮੁੱਖ ਦੁਆਰ ਤੋਂ ਮਾਰਚ ਕਰਦਾ ਕਾਫ਼ਲਾ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਪੁੱਜਾ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਅਪ੍ਰੈਲ ਮਹੀਨੇ ਦੀਆਂ ਇਤਿਹਾਸਕ ਘਟਨਾਵਾਂ ਅਤੇ ਸਾਡੇ ਮਹਿਬੂਬ ਨਾਇਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਤੋਂ ਪ੍ਰੇਰਨਾ ਲੈਂਦੇ ਹੋਏ ਸਾਨੂੰ ਅਜੋਕੇ ਸਮੇਂ ਦੀਆਂ ਚੁਣੌਤੀਆਂ ਨੂੰ ਸਰ ਕਰਨ ਲਈ ਸਮੇਂ ਦੇ ਹਾਣੀ ਹੋਣ ਦੀ ਲੋੜ ਹੈ।
ਸਮਾਗਮ ਦੇ ਮੁੱਖ ਵਕਤਾ ਡਾ. ਦੇਵਿੰਦਰ ਸ਼ਰਮਾ ਅਤੇ ਕਮਲਜੀਤ ਸਿੰਘ (ਸਕਸ਼ਮ ਨਿਊਜ਼ ਲੈਟਰ ਆਨ ਫਾਰਮਰਜ਼ ਇਨਵੇਸ਼ਨਜ਼ ਐਂਡ ਟ੍ਰੈਡੀਸ਼ਨਲ ਨਾਲਜ) ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਮੰਚ ’ਤੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਡਾ. ਤੇਜਿੰਦਰ ਵਿਰਲੀ ਤੋਂ ਇਲਾਵਾ ਡਾ. ਦੇਵਿੰਦਰ ਸ਼ਰਮਾ ਬਿਰਾਜਮਾਨ ਸਨ।
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪ੍ਰਕਾਸ਼ਤ ਪੁਸਤਕ ‘ਸ਼ਹੀਦੀ ਜੀਵਨੀਆਂ’ (ਕਿਰਤੀ ਵਾਰਤਕ ਭਾਗ ਪਹਿਲਾ) ਲੋਕ ਅਰਪਣ ਕੀਤੀ ਗਈ ਅਤੇ ਪੁਸਤਕ ਸਬੰਧੀ ਸੰਪਾਦਕ ਚਰੰਜੀ ਲਾਲ ਕੰਗਣੀਵਾਲ ਨੇ ਰੌਸ਼ਨੀ ਪਾਈ। ਉਪਰੰਤ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਾ. ਤੇਜਿੰਦਰ ਵਿਰਲੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਗ਼ਦਰ ਝੰਡਾ ਲਹਿਰਾਉਣ ਦਾ ਮਤਲਬ ਰੱਸੀ ਖਿੱਚ ਕੇ ਕੱਪੜੇ ਦਾ ਝੰਡਾ ਹਵਾ ਵਿੱਚ ਲਹਿਰਾਉਣਾ ਨਹੀਂ, ਸਗੋਂ ਇਹ ਗ਼ਦਰੀ ਦੇਸ਼ ਭਗਤਾਂ ਦੇ ਮਿਸ਼ਨ ਨੂੰ ਬੁਲੰਦ ਰੱਖਣ ਦਾ ਅਹਿਦ ਕਰਨਾ ਹੈ।
ਡਾ. ਤੇਜਿੰਦਰ ਵਿਰਲੀ ਨੇ ਕਿਹਾ ਕਿ ਗ਼ਦਰ ਪਾਰਟੀ ਦੀ ਸੋਚ ਨੂੰ ਮਨੀਂ ਵਸਾਉਂਦੇ ਹੋਏ ਲੋਕਾਂ ਦੀ ਜ਼ਿੰਦਗੀ ’ਚ ਖੁਸ਼ਹਾਲੀ ਲਿਆਉਣ ਲਈ ਕਾਰਪੋਰੇਟ ਘਰਾਣਿਆਂ ਅਤੇ ਫ਼ਿਰਕੂ ਤਾਕਤਾਂ ਦੇ ਝੰਡਾ ਬਰਦਾਰਾਂ ਨੂੰ ਪਛਾੜਨ ਲਈ ਲੋਕ ਆਵਾਜ਼ ਨੂੰ ਹਰ ਪੱਖੋਂ ਸ਼ਕਤੀਸ਼ਾਲੀ ਕਰਨ ਦੀ ਲੋੜ ਹੈ।
ਕਮੇਟੀ ਮੈਂਬਰ ਡਾ. ਪਰਮਿੰਦਰ ਨੇ ਡਾ. ਦੇਵਿੰਦਰ ਸ਼ਰਮਾ ਦੀ ਖੇਤੀ, ਖਾਧ ਪਦਾਰਥ ਖੇਤਰ ਵਿੱਚ ਅਮੁੱਲੀ ਦੇਣ ਬਾਰੇ ਰੌਸ਼ਨੀ ਪਾਈ। ਉਹਨਾ ਕਿਹਾ ਕਿ ਖੇਤੀ ਸੰਕਟ ਅਤੇ ਹੱਲ ਵਿਸ਼ੇ ’ਤੇ ਅੱਜ ਦੀ ਚਰਚਾ ਭਵਿੱਖ਼ ’ਚ ਚਰਚਾਵਾਂ ਲਈ ਦੁਆਰ ਖੋਲ੍ਹੇਗੀ।
ਉਨ੍ਹਾ ਕਿਹਾ ਕਿ ਪੰਜਾਬ ਦੀ ਕਿਸਾਨ ਲਹਿਰ ਜਿਨ੍ਹਾਂ ਸੁਆਲਾਂ ਨਾਲ ਦੋ0ਚਾਰ ਹੋ ਰਹੀ ਹੈ, ਉਹਨਾਂ ਦੇ ਜਵਾਬ ਤਲਾਸ਼ਣ ਵਿੱਚ ਕਾਰਗਰ ਹੋਏਗੀ ਅੱਜ ਦੀ ਵਿਚਾਰ-ਚਰਚਾ।
ਮੁੱਖ ਵਕਤਾ ਡਾ. ਦੇਵਿੰਦਰ ਸ਼ਰਮਾ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਖੇਤੀ ਖੇਤਰ ਦੇ ਚੌਤਰਫ਼ੇ ਸੰਕਟ ਦੇ ਹੱਲ ਲਈ ਜੋ ਠੋਸ ਵਿਧੀ ਦੀ ਲੋੜ ਹੈ, ਉਹ ਅਪਨਾਉਣ ਦੀ ਬਜਾਏ ਖੇਤੀ ਖੇਤਰ ਨੂੰ ਤਬਾਹ ਕਰਨ ਲਈ ਸਗੋਂ ਪੁੱਠਾ ਗੇੜਾ ਦਿੱਤਾ ਜਾ ਰਿਹਾ ਹੈ। ਦੁੱਧ, ਅਨਾਜ ਉਤਪਾਦਨ, ਹੋਰ ਧੰਦਿਆਂ ਬਾਰੇ ਚਰਚਾ ਕਰਦਿਆਂ ਡਾ. ਦੇਵਿੰਦਰ ਸ਼ਰਮਾ ਨੇ ਕਿਹਾ ਕਿ ਸਮੁੱਚੇ ਬਜਟ ਵਿੱਚ ਕਾਣੀ ਕੌਡੀ ਵੀ ਰੱਖੀ ਨਹੀਂ ਜਾ ਰਹੀ, ਸਗੋਂ ਅਜਿਹੇ ਕਦਮ ਚੁੱਕੇ ਜਾ ਰਹੇ ਹਨ, ਜਿਨ੍ਹਾਂ ਸਦਕਾ ਖੇਤੀ ਦਾ ਭੋਗ ਪੈ ਜਾਏ। ਖੇਤੀ ਨੂੰ ਜੇਕਰ ਪੈਰਾਂ ’ਤੇ ਖੜ੍ਹੇ ਕੀਤਾ ਜਾਵੇ, ਫਿਰ ਕੌਣ ਚਾਹੇਗਾ ਵੱਡੀਆਂ ਕੰਪਨੀਆਂ ਦੇ ਚੌਕੀਦਾਰ ਬਣਨਾ। ਡਾ. ਦੇਵਿੰਦਰ ਸ਼ਰਮਾ ਨੇ ਕਿਹਾ ਕਿ ਸਾਢੇ ਪੰਜ ਕਰੋੜ ਲੋਕ ਕੋਰੋਨਾ ਉਪਰੰਤ ਪਿੰਡਾਂ ਨੂੰ ਪਰਤ ਗਏ। ਉਨ੍ਹਾ ਕਿਹਾ ਕਿ 64 ਮੁਲਕਾਂ ਵਿੱਚ ਇਸ ਸਮੇਂ ਕਿਸਾਨ ਪ੍ਰਤੀਰੋਧ ਚੱਲ ਰਿਹਾ ਹੈ। ਦੁਨੀਆ ਭਰ ’ਚ ਹੀ ਖੁਦਕੁਸ਼ੀਆਂ ਹੋ ਰਹੀਆਂ ਨੇ। ਵਿਸ਼ਵ ਚਿਤਰ ਅਤੇ ਸਾਡੇ ਮੁਲਕ ਦੀਆਂ ਠੋਸ ਚੁਣੌਤੀਆਂ ਅਲਾਰਮ ਕਰ ਰਹੀਆਂ ਹਨ ਕਿ ਗ਼ਦਰ ਪਾਰਟੀ ਵਰਗੀ ਭਾਵਨਾ ਨਾਲ ਸਾਨੂੰ ਸੰਘਰਸ਼ ਕਰਨਾ ਪੈ ਸਕਦਾ ਹੈ। ਉਨ੍ਹਾ ਤੱਥਾਂ ਸਹਿਤ ਕਿਹਾ ਕਿ ਐੱਮ ਐੱਸ ਪੀ ਦੀ ਜ਼ਾਮਨੀ ਕਰਨਾ ਲਾਜ਼ਮੀ ਹੈ, ਕਿਸਾਨ ਨੂੰ ਨਿੱਜੀ ਮੰਡੀ ਦੇ ਹਵਾਲੇ ਹੋਣ ਲਈ ਮਜਬੂਰ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ 200 ਬਿਲੀਅਨ ਡਾਲਰ ਕੌਫ਼ੀ ਇੰਡਸਟਰੀ ਦੀ ਆਰਥਿਕਤਾ ਹੈ, ਇਹੋ ਹਾਲ ਚਾਕਲੇਟ ਦਾ ਹੈ। ਸਭ ਢੇਰਾਂ ਕਮਾ ਰਹੇ ਨੇ, ਪਰ ਕਿਸਾਨ ਕੰਗਾਲ ਹੋ ਰਹੇ ਨੇ। ਉਹਨਾ ਪੰਡਾਲ ’ਚੋਂ ਦਰਜਨਾਂ ਹੀ ਆਏ ਸੁਆਲਾਂ ਦੇ ਸਾਰਥਕ ਜਵਾਬ ਦਿੱਤੇ। ਬਹੁਤ ਅਹਿਮ ਸੁਆਲਾਂ ਨੇ ਭਵਿੱਖ਼ ਵਿੱਚ ਹੋਰ ਵਿਚਾਰ-ਚਰਚਾ ਸਮਾਗਮਾਂ ਦਾ ਦੁਆਰ ਖੋਲ੍ਹਿਆ।
ਕਮੇਟੀ ਪ੍ਰਧਾਨ ਅਜਮੇਰ ਸਿੰਘ ਨੇ ਗ਼ਦਰ ਪਾਰਟੀ ਦੀ ਮਹਾਨ ਇਤਿਹਾਸਕ ਵਿਰਾਸਤ ਅਤੇ ਸੰਘਰਸ਼ ਤੋਂ ਪ੍ਰੇਰਨਾ ਲੈਂਦਿਆਂ ਬੁਨਿਆਦੀ ਸਮਾਜਕ ਤਬਦੀਲੀ ਰਾਹੀਂ ਗ਼ਦਰੀ ਦੇਸ਼ ਭਗਤਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਵੱਲ ਵਧਣ ’ਤੇ ਜ਼ੋਰ ਦਿੱਤਾ।
ਡਾ. ਦੇਵਿੰਦਰ ਸ਼ਰਮਾ ਨੂੰ ਭਰੇ ਪੰਡਾਲ ਅਤੇ ਮੰਚ ਵੱਲੋਂ ਖੜ੍ਹੇ ਹੋ ਕੇ ਗ਼ਦਰ ਪਾਰਟੀ ਦਾ ਝੰਡਾ ਉਹਨਾ ਦੇ ਸਨਮਾਨ ’ਚ ਦਿੱਤਾ ਗਿਆ ਤਾਂ ਸਾਰਾ ਪੰਡਾਲ ਤਾੜੀਆਂ ਨਾਲ਼ ਗੂੰਜ ਉੱਠਿਆ। ਸਮਾਗਮ ’ਚ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਕੁਲਬੀਰ ਸੰਘੇੜਾ, ਗੁਰਮੀਤ, ਰਮਿੰਦਰ ਪਟਿਆਲਾ, ਦਰਸ਼ਨ ਖਟਕੜ, ਹਰਮੇਸ਼ ਮਾਲੜੀ, ਪ੍ਰਗਟ ਸਿੰਘ ਜਾਮਾਰਾਏ, ਵਿਜੈ ਬੰਬੇਲੀ, ਡਾ. ਸੈਲੇਸ਼, �ਿਸ਼ਨਾ, ਦੇਵ ਰਾਜ ਨਯੀਅਰ ਅਤੇ ਮਨਜੀਤ ਬਾਸਰਕੇ ਹਾਜ਼ਰ ਸਨ।





