ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਦੂਜੇ ਗੇੜ ’ਚ 88 ਸੀਟਾਂ ਲਈ ਸ਼ਾਮ ਪੰਜ ਵਜੇ ਤੱਕ 64.21 ਫੀਸਦੀ ਵੋਟਿੰਗ ਹੋਈ। ਹਿੰਦੀ ਪੱਟੀ ਵਾਲੇ ਰਾਜਾਂ ਵਿਚ ਪਹਿਲੇ ਗੇੜ ਵਾਂਗ ਇਸ ਵਾਰ ਵੀ ਵੋਟਰਾਂ ਨੇ ਬਹੁਤਾ ਉਤਸ਼ਾਹ ਨਹੀਂ ਦਿਖਾਇਆ। ਮਹਾਰਾਸ਼ਟਰ ਵਿਚ 53.51 ਫੀਸਦੀ, ਰਾਜਸਥਾਨ ਵਿਚ 59.19 ਫੀਸਦੀ, ਯੂ ਪੀ ਵਿਚ 52.64 ਫੀਸਦੀ, ਬਿਹਾਰ ’ਚ 53.03 ਫੀਸਦੀ, ਮੱਧ ਪ੍ਰਦੇਸ਼ ’ਚ 54.42 ਫੀਸਦੀ, ਛੱਤੀਸਗੜ੍ਹ ’ਚ 72.13 ਫੀਸਦੀ, ਕਰਨਾਟਕ ਵਿਚ 63.90 ਫੀਸਦੀ, ਕੇਰਲਾ ’ਚ 63.97 ਫੀਸਦੀ, ਮਨੀਪੁਰ ’ਚ 76.06 ਫੀਸਦੀ, ਤਿ੍ਰਪੁਰਾ ’ਚ 76.23 ਫੀਸਦੀ, ਪੱਛਮੀ ਬੰਗਾਲ ਵਿਚ 71.84 ਫੀਸਦੀ, ਜੰਮੂ ਸੀਟ ’ਤੇ 67.22 ਫੀਸਦੀ ਵੋਟਾਂ ਪਈਆਂ।
ਯੂ ਪੀ ਦੇ ਅਮਰੋਹਾ ਵਿਚ 54.36 ਫੀਸਦੀ, ਮੇਰਠ ’ਚ 54.62, ਬਾਗਪਤ ’ਚ 52.74, ਗਾਜ਼ੀਆਬਾਦ ’ਚ 48.21, ਗੌਤਮ ਬੁੱਧ ਨਗਰ ’ਚ 51.66, ਬੁਲੰਦਸ਼ਹਿਰ ’ਚ 54.34, ਅਲੀਗੜ੍ਹ ’ਚ 54.36, ਮਥੁਰਾ ’ਚ 46.96 ਫੀਸਦੀ ਵੋਟਿੰਗ ਹੋਈ। 2019 ਵਿੱਚ ਯੂ ਪੀ ’ਚ 62.18, ਬਿਹਾਰ ’ਚ 62.93, ਮੱਧ ਪ੍ਰਦੇਸ਼ ’ਚ 67.67 ਤੇ ਰਾਜਸਥਾਨ ’ਚ 68.42 ਫੀਸਦੀ ਵੋਟਿੰਗ ਹੋਈ ਸੀ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਦਿਨ ਭਰ ਇਕ ਅਜੀਬ ਰੁਝਾਨ ਦੇਖਣ ਨੂੰ ਮਿਲਿਆ ਕਿ ਹਰ ਬੂਥ ’ਤੇ ‘ਇੰਡੀਆ’ ਗਠਜੋੜ ਦੇ ਹੱਕ ਵਿਚ ਵੋਟ ਪਾਉਣ ਵਾਲੇ ਹਰ ਸਮਾਜ ਤੇ ਵਰਗ ਦੇ ਵੋਟਰਾਂ ਦਾ ਆਉਣਾ ਲਗਾਤਾਰ ਵਧਦਾ ਰਿਹਾ ਤੇ ਭਾਜਪਾ ਦੇ ਵੋਟਰ ਘਟਦੇ ਰਹੇ। ਦਰਅਸਲ ਭਾਜਪਾ ਦੇ ਹਤਾਸ਼ ਤੇ ਨਿਰਾਸ਼ ਹਮਾਇਤੀਆਂ ਵਿਚ ਭਾਜਪਾ ਦੀ ਇਤਿਹਾਸਕ ਹਾਰ ਦੀ ਪੁਖਤਾ ਗੱਲ ਬੁੁਰੀ ਤਰ੍ਹਾਂ ਫੈਲ ਚੁੱਕੀ ਹੈ। ਉਨ੍ਹਾਂ ਦੇ ਸੰਗੀ-ਸਾਥੀ ਵੀ ਕਿਤੇ ਨਜ਼ਰ ਨਹੀਂ ਆ ਰਹੇ। ਭਾਜਪਾਈ ਆਗੂਆਂ ਦੇ ਊਲ-ਜਲੂਲ ਬਿਆਨਾਂ ਤੋਂ ਭਾਜਪਾਈ ਵੀ ਸ਼ਰਮਿੰਦਾ ਹਨ ਤੇ ਅੰਦਰੋਂ ਨਾਰਾਜ਼ ਹਨ। ਆਖਰਕਾਰ ਉਨ੍ਹਾਂ ਵੀ ਤਾਂ ਸਮਾਜ ਵਿਚ ਰਹਿਣਾ ਹੈ। ਦੂਜੇ ਗੇੜ ਨੇ ਤਸਵੀਰ ਹੋਰ ਸਾਫ ਕਰ ਦਿੱਤੀ ਹੈਅਬਕੀ ਬਾਰ, ਭਾਜਪਾ ਸਾਫ। ਦੂਜੇ ਗੇੜ ਵਿਚ ਰਾਹੁਲ ਗਾਂਧੀ (ਵਾਇਨਾਡ), ਹੇਮਾ ਮਾਲਿਨੀ (ਮਥੁਰਾ), ਰਾਮਾਇਣ ਸੀਰੀਅਲ ਵਾਲੇ ਅਰੁਣ ਗੋਇਲ (ਮੇਰਠ), ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ (ਰਾਜਨੰਦਗਾਂਵ) ਅਤੇ ਪੱਪੂ ਯਾਦਵ (ਪੂਰਨੀਆ) ਵਰਗਿਆਂ ਦੀ ਕਿਸਮਤ ਦਾ ਵੋਟਰਾਂ ਨੇ ਫੈਸਲਾ ਕਰ ਦਿੱਤਾ ਹੈ। 13 ਸੀਟਾਂ ’ਤੇ ਵੋਟਿੰਗ ਨਾਲ ਰਾਜਸਥਾਨ ਦੀਆਂ 25 ਸੀਟਾਂ ਦੀ ਵੋਟਿੰਗ ਮੁਕੰਮਲ ਹੋ ਗਈ। ਕੇਰਲਾ ਦੀਆਂ ਵੀ ਸਾਰੀਆਂ 20 ਸੀਟਾਂ ਦਾ ਕੰਮ ਨਿਬੜ ਗਿਆ। ਕਰਨਾਟਕ ਦੀਆਂ 14, ਯੂ ਪੀ ਤੇ ਮਹਾਰਾਸ਼ਟਰ ਦੀਆਂ 8-8, ਮੱਧ ਪ੍ਰਦੇਸ਼ ਦੀਆਂ 6, ਆਸਾਮ ਤੇ ਬਿਹਾਰ ਦੀਆਂ 5-5, ਛੱਤੀਸਗੜ੍ਹ ਤੇ ਪੱਛਮੀ ਬੰਗਾਲ ਦੀਆਂ 3-3 ਅਤੇ ਮਨੀਪੁਰ, ਤਿ੍ਰਪੁਰਾ ਤੇ ਜੰਮੂ-ਕਸ਼ਮੀਰ ਦੀਆਂ ਇਕ-ਇਕ ਸੀਟਾਂ ਲਈ ਪੋਲਿੰਗ ਹੋਈ।