ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ, ਰਾਜਵੀਰ ਸਿੰਘ)
ਖਡੂਰ ਸਾਹਿਬ ਹਲਕੇ ਦੇ ਉਮੀਦਵਾਰ ਗੁਰਦਿਆਲ ਸਿੰਘ ਖਡੂਰ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਦੀ ਧਰਤੀ ’ਤੇ ਪਹੁੰਚ ਕੇ ਪਹਿਲਾਂ ਗੁਰਦੁਆਰਾ ਬੇਰ ਸਾਹਿਬ ਨਤਮਸਤਕ ਹੋਏ ਤੇ ਬਾਅਦ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਪਹੁੰਚੇ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਗੁਰਦਿਆਲ ਸਿੰਘ ਨੂੰ ਜੇ ਸੂਝਵਾਨ ਵੋਟਰਾਂ ਨੇ ਵੋਟਾਂ ਪਾ ਕੇ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਦਿੱਤਾ ਤਾਂ ਉਹ ਉਥੇ ਜਾ ਕੇ ਬਾਬੇ ਨਾਨਕ ਦੇ ਵਿਚਾਰਾਂ ਦਾ ਸਮਾਜ ਬਣਾਉਣ ਵਾਸਤੇ ਆਪਣੀ ਆਵਾਜ਼ ਲਾਮਬੰਦ ਕਰਨਗੇ।ਬਾਬੇ ਨਾਨਕ ਨੇ ਹਿੰਦੁਸਤਾਨ ’ਚੋਂ ਉਸ ਵਕਤ ਲੁਟੇਰੀ ਹਕੂਮਤ ਦਾ ਪੜਦਾ ਫਾਸ਼ ਕਰਨ ਲਈ ਦੇਸ਼ ਦੇ ਕੋਨੇ-ਕੋਨੇ ਵਿੱਚ ਉਦਾਸੀਆਂ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਸੀ।ਬਾਬਰ ਨੂੰ ਜਾਬਰ ਦਾ ਖਿਤਾਬ ਦਿੱਤਾ ਤੇ ਬਾਬਰ ਦੇ ਜ਼ੁਲਮ ਵੀ ਝੱਲੇ।ਬਾਬੇ ਨਾਨਕ ਨੇ ਜੇਲ੍ਹ ਹੀ ਨਹੀਂ ਕੱਟੀ, ਉਨ੍ਹਾਂ ਨੇ ਸਜ਼ਾ ਦੇ ਤੌਰ ’ਤੇ ਜੇਲ੍ਹ ਵਿੱਚ ਚੱਕੀ ਵੀ ਪੀਸੀ। ਇਸ ਲਈ ਭਰਾਵੋ ਸਾਫ-ਸੁਥਰਾ ਸਮਾਜ ਲਿਆਉਣ ਲਈ ਬੀ ਜੇ ਪੀ, ਕਾਂਗਰਸ, ਆਪ ਤੇ ਅਕਾਲੀ ਪਾਰਟੀ ਨੂੰ ਹਰਾਉਣ ਲਈ ਸੀ ਪੀ ਆਈ ਤੇ ਸੀ ਪੀ ਆਈ (ਐੱਮ) ਦੇ ਸਾਂਝੇ ਉਮੀਦਵਾਰ ਗੁਰਦਿਆਲ ਸਿੰਘ ਨੂੰ ਖਡੂਰ ਸਾਹਿਬ ਹਲਕੇ ਤੋਂ ਵੋਟਾਂ ਪਾ ਕੇ ਕਾਮਯਾਬ ਬਣਾਓ।
ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਇਸ ਵਕਤ ਹਿੰਦੁਸਤਾਨ ਵਿੱਚ ਬੀ ਜੇ ਪੀ ਦੀ ਲੁਟੇਰੀ ਸਰਕਾਰ ਹੈ।ਇਸ ਸਰਕਾਰ ਨੇ ਆਮ ਲੋਕਾਂ ਨੂੰ ਇਕੱਲਾ ਲੁੱਟਿਆ ਹੀ ਨਹੀਂ, ਕੁੱਟਿਆ ਵੀ ਹੈ।ਜਿਹੜਾ ਵੀ ਲਿਖਾਰੀ, ਕਾਲਮ ਨਵੀਸ, ਬੁੱਧੀਜੀਵੀ ਤੇ ਸਿਆਸਤਦਾਨ ਮੋਦੀ ਸਰਕਾਰ ਦੀ ਲੋਟੂ ਨੀਤੀ ਨੂੰ ਜੱਗ ਜ਼ਾਹਰ ਕਰਦਾ ਹੈ, ਉਸ ਨੂੰ ਬੀ ਜੇ ਪੀ ਦੀ ਹਕੂਮਤ ਜੇਲ੍ਹਾਂ ਵਿੱਚ ਡੱਕ ਦਿੰਦੀ ਹੈ।ਸਰਕਾਰੀ ਏਜੰਸੀਆਂ ਨਿਰਪੱਖ ਹੋ ਕੇ ਕੰਮ ਨਹੀਂ ਕਰ ਰਹੀਆਂ ਉਹ ਮੋਦੀ ਸਰਕਾਰ ਦੀਆਂ ਕੱਠਪੁਤਲੀਆਂ ਬਣੀਆਂ ਹੋਈਆਂ ਹਨ।ਮਾੜੀਮੇਘਾ ਨੇ ਕਿਹਾ ਕਿ ਦੇਸ਼ ਦੀ ਜਵਾਨੀ ਰੁਜ਼ਗਾਰ ਲਈ ਵਿਦੇਸ਼ਾਂ ਦੇ ਧੱਕੇ ਖਾ ਰਹੀ ਹੈ।ਜਵਾਨੀ ਆਪਣੀ ਕਿਰਤ ਨਾਲ ਆਪਣੇ ਦੇਸ਼ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਦੀ ਥਾਂ ਵਿਦੇਸ਼ਾਂ ਨੂੰ ਮਾਲਾਮਾਲ ਕਰ ਰਹੀ ਹੈ। ਨੌਜਵਾਨਾਂ ਦੇ ਮਾਂ-ਪਿਓ ਹਿੰਦ ਵਿੱਚ ਰੁਜ਼ਗਾਰ ਨਾ ਮਿਲਣ ਕਰਕੇ ਕਰਜ਼ੇ ਚੁੱਕ-ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ।ਇਕੱਲੀ ਬੀ ਜੇ ਪੀ ਸਰਕਾਰ ਹੀ ਨਹੀਂ, ਕਾਂਗਰਸ ਤੇ ਪੰਜਾਬ ਵਿੱਚ ਅਕਾਲੀ ਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੀ ਇਹੋ ਹਾਲ ਹੈ।ਕਮਿਉੂਨਿਸਟ ਪਾਰਟੀ ਦਾ ਉਮੀਦਵਾਰ ਗੁਰਦਿਆਲ ਸਿੰਘ ਪਾਰਲੀਮੈਂਟ ਵਿੱਚ ਪਹੁੰਚ ਕੇ 18 ਸਾਲ ਦੀ ਉਮਰ ਤੋਂ ਹਰੇਕ ਕੁੜੀ-ਮੁੰਡੇ ਨੂੰ ਰੁਜ਼ਗਾਰ ਦੇਣ ਵਾਲਾ ਕਾਨੂੰਨ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬਣਾਉਣ ਦੀ ਆਵਾਜ਼ ਲਾਮਬੰਦ ਕਰੇਗਾ।ਹਰੇਕ ਬੱਚੇ ਦੀ ਮੁਫ਼ਤ ਤੇ ਲਾਜ਼ਮੀ ਵਿੱਦਿਆ ਨੂੰ ਯਕੀਨੀ ਬਣਾਉਣ ਲਈ ਪਾਰਲੀਮੈਂਟ ਵਿੱਚ ਸਵਾਲ ਰੱਖੇਗਾ। ਹਰੇਕ ਮਨੁੱਖ ਦੀ ਸਿਹਤ ਦਾ ਇਲਾਜ ਮੁਫ਼ਤ ਦੇਣ ਵਾਸਤੇ ਮਸਲਾ ਉਠਾਏਗਾ।ਗਰੀਬਾਂ ਨੂੰ ਮੁਫ਼ਤ ਘਰ ਬਣਾ ਕੇ ਦੇਣੇ ਯਕੀਨੀ ਬਣਾਉਣ ਲਈ ਸਰਕਾਰ ’ਤੇ ਦਬਾਅ ਪਾਵੇਗਾ। ਕਿਸਾਨਾਂ ਦੀਆਂ ਫਸਲਾਂ ਸਰਕਾਰੀ ਰੇਟ ’ਤੇ ਚੁੱਕਣ ਲਈ ਐੱਮ ਐੱਸ ਪੀ ਲਾਗੂ ਕਰਾਉਣ ਵੱਲ ਵਿਸ਼ੇਸ਼ ਧਿਆਨ ਦੇਵੇਗਾ। ਕਿਸਾਨਾਂ, ਖੇਤ ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਦੇ ਕਰਜ਼ੇ ਮੁਆਫ਼ ਕਰਾਉਣ ਲਈ ਜੱਦੋਜਹਿਦ ਕਰੇਗਾ।ਗਰੀਬਾਂ, ਬੇਸਹਾਰਾ ਤੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਵਧਾਉਣ ਤੇ ਲਗਾਤਾਰਤਾ ਦੀ ਗੱਲ ਰੱਖੇਗਾ ਅਤੇ ਨਰੇਗਾ ਕੰਮ ਸਾਲ ਵਿੱਚ ਘੱਟੋ-ਘੱਟ 200 ਦਿਨ ਤੇ ਦਿਹਾੜੀ 1000 ਰੁਪਏ ਕਰਾਉਣ ਦੀ ਲੜਾਈ ਲੜੇਗਾ।
ਇਸ ਮੌਕੇ ਗੁਰਦਿਆਲ ਸਿੰਘ ਨੇ ਯਕੀਨ ਦਿਵਾਇਆ ਕਿ ਜੇ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਉਹ ਪਹਿਲਾਂ ਦੀ ਤਰ੍ਹਾਂ ਲੋਕਾਂ ਦੇ ਕੰਮ ਕਰਦੇ ਰਹਿਣਗੇ।
ਪ੍ਰੈੱਸ ਕਾਨਫਰੰਸ ਦੌਰਾਨ ਮੰਗ ਕੀਤੀ ਗਈ ਕਿ ਬਿਆਸ, ਸਤਲੁਜ ਤੇ ਕਾਲੀ ਵੇਈਂ ਦੇ ਹੜ੍ਹਾਂ ਨਾਲ ਕਿਸਾਨਾਂ ਦੀਆਂ ਜੋ ਫ਼ਸਲਾਂ ਮਾਰੀਆਂ ਗਈਆਂ ਸਨ, ਉਨ੍ਹਾਂ ਨੂੰ ਮੁਆਵਜ਼ਾ ਘੱਟ ਮਿਲਿਆ ਹੈ, ਹੋਰ ਦਿੱਤਾ ਜਾਵੇ।ਹੜ੍ਹਾਂ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਰੇਤਾ ਭਰ ਗਈ ਹੈ, ਉਹ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ। ਕਾਲੇ ਸੰਘਿਆਂ, ਚਿੱਟੀ ਵੇਈਂ ਤੇ ਫਗਵਾੜਾ ਸਾਈਡ ’ਤੇ ਰਿਹਾਣਾ ਜੱਟਾਂ ਬਰਸਾਤੀ ਚੋਅ ’ਚ ਕਾਰਖਾਨਿਆਂ ਦਾ ਗੰਦਾ ਪਾਣੀ ਬੰਦ ਕੀਤਾ ਜਾਵੇ।ਸੁਲਤਾਨਪੁਰ ਵਿਖੇ ਮੈਡੀਕਲ ਕਾਲਜ ਖੋਲ੍ਹਿਆ ਜਾਵੇ। ਬਣ ਰਹੀ ਜਾਮ ਨਗਰ ਐਕਸਪ੍ਰੈਸ ਸੜਕ ਵਿੱਚ ਜੋ ਕਿਸਾਨਾਂ ਦੀ ਜ਼ਮੀਨ ਆਈ ਹੈ, ਉਨ੍ਹਾਂ ਨੂੰ ਮੁਆਵਜ਼ਾ ਘੱਟ ਮਿਲਿਆ ਹੈ, ਹੋਰ ਦਿੱਤਾ ਜਾਵੇ।ਮੌਕੇ ’ਤੇ ਕਪੂਰਥਲਾ ਦੀ ਪਾਰਟੀ ਨੇ 25000 ਰੁਪਏ ਦੀ ਗੁਰਦਿਆਲ ਸਿੰਘ ਨੂੰ ਮਦਦ ਦਿੱਤੀ।
ਇਸ ਪ੍ਰੈੱਸ ਕਾਨਫਰੰਸ ਦੌਰਾਨ ਕਪੂਰਥਲਾ ਸੀ ਪੀ ਆਈ ਐੱਮ ਦੇ ਆਗੂ ਬਲਦੇਵ ਸਿੰਘ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਜੈ ਪਾਲ, ਸੀਨੀਅਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਟਰੇਡ ਯੂਨੀਅਨ ਆਗੂ ਮੁਕੰਦ ਸਿੰਘ ਤੇ ਕੌਸ਼ਲ, ਕਿਸਾਨ ਆਗੂ ਤਿਰਲੋਕ ਸਿੰਘ ਭੁਬਿਆਣਾ ਤੇ ਬਲਦੇਵ ਸਿੰਘ ਧੂੰਦਾ, ਜਗਤਾਰ ਸਿੰਘ ਜੱਗਾ ਤੇ ਜਸਵੰਤ ਸਿੰਘ ਖਡੂਰ ਸਾਹਿਬ, ਬਲਵੰਤ ਸਿੰਘ ਔਜਲਾ, ਸਰਵਣ ਸਿੰਘ ਕਰਮਜੀਤਪੁਰ, ਮਲਕੀਅਤ ਸਿੰਘ ਮੀਰੇ, ਫ਼ਕੀਰ ਮੁਹੰਮਦ, ਮਹਿੰਦਰ ਸਿੰਘ ਸੁਭਾਨਪੁਰ, ਸੁਰਜੀਤ ਸਿੰਘ ਠੱਠਾ, ਮਨਜੀਤ ਸਿੰਘ ਢਿੱਲੋਂ, ਨੰਬਰਦਾਰ ਮਹਿੰਦਰ ਸਿੰਘ ਮੋਗੇ, ਜਗਰੂਪ, ਮਹਿੰਦਰ ਸੋਨੀ, ਰਣਦੀਪ ਸਿੰਘ ਰਾਣਾ ਫਗਵਾੜਾ ਨੇ ਯਕੀਨ ਦਿਵਾਇਆ ਕਿ ਅਸੀਂ ਗੁਰਦਿਆਲ ਸਿੰਘ ਨੂੰ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਤੋਂ ਹਰ ਹਾਲਤ ਵਿੱਚ ਜਿਤਾਵਾਂਗੇ।