ਫਰੀਦਕੋਟ (ਐਲਿਗਜ਼ੈਂਡਰ ਡਿਸੂਜਾ)
ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਿਛਲੇ ਦਸ ਸਾਲ ਦੌਰਾਨ ਦੇਸ਼ ਦੇ ਆਮ ਲੋਕਾਂ ’ਤੇ ਜੋ ਵਧੀਕੀਆਂ ਕੀਤੀਆਂ ਹਨ, ਉਸ ਦਾ ਹਿਸਾਬ ਕਰਨ ਦਾ ਵਕਤ ਆ ਗਿਆ ਹੈ ਅਤੇ ਮੋਦੀ ਦੇ ਪਾਪਾਂ ਦਾ ਘੜਾ ਭਰ ਕੇ ਫੁਟਣ ਦੇ ਕੰਢੇ ’ਤੇ ਹੈ। ਹੁਣ ਤੱਕ ਚੋਣਾਂ ਦੇ ਪੰਜ ਗੇੜਾਂ ਤੋਂ ਮੋਦੀ ਸਰਕਾਰ ਦਾ ਜਾਣਾ ਤਹਿ ਹੈ, ਬਸ਼ਰਤੇ ਉਹ ਕੋਈ ਵੱਡੀ ਹੇਰਾ-ਫੇਰੀ ਨਾ ਕਰੇ। ਇਹ ਸ਼ਬਦ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਵੱਖ-ਵੱਖ ਪਿੰਡਾਂ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਕਹੇ।ਲੋਕ ਸਭਾ ਹਲਕਾ ਫਰੀਦਕੋਟ ਦੇ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਦੇ ਸਾਂਝੇ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ ਦੇ ਹੱਕ ਵਿੱਚ ਪਿੰਡ ਭਾਣਾ, ਚੰਬੇਲੀ, ਕੋਟ ਸੁਖੀਆ, ਔਲਖ਼ ਅਤੇ ਰਾਜੋਵਾਲਾ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਅਰਸ਼ੀ ਨੇ ਕਿਹਾ ਕਿ ਜਿਵੇਂ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਵੱਡੇ-ਵੱਡੇ ਆਗੂਆਂ ਨੇ ਲਾਲਚ ਜਾਂ ਦਬਾਅ ਹੇਠ ਆਪਣੀਆਂ ਵਫਾਦਾਰੀਆਂ ਬਦਲੀਆਂ ਹਨ, ਲੋਕਾਂ ਵਿਚ ਅਜਿਹੇ ਦਲਬਦਲੂ ਆਗੂਆਂ ਦਾ ਸਤਿਕਾਰ ਖ਼ਤਮ ਹੋ ਗਿਆ ਹੈ। ਇਸ ਗੰਦਲੇ ਸਿਆਸੀ ਮਾਹੌਲ ਵਿੱਚ ਸਿਰਫ ਲਾਲ ਝੰਡੇ ਵਾਲੀਆਂ ਕਮਿਊਨਿਸਟ ਪਾਰਟੀਆਂ ਹੀ ਹਨ, ਜੋ ਆਪਣੇ ਅਸੂਲਾਂ ’ਤੇ ਕਾਇਮ ਰਹਿ ਕੇ ਮਿਹਨਤਕਸ਼ ਲੋਕਾਂ ਦੇ ਹੱਕਾਂ ਦੀ ਲੜਾਈ ਲੜ ਰਹੀਆਂ ਹਨ।
ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਹਲਕਾ ਫਰੀਦਕੋਟ ਦੇ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ ਸੰਘਰਸ਼ਾਂ ਦੇ ਪਰਖੇ ਹੋਏ ਬੇਦਾਗ ਆਗੂ ਹਨ, ਜੋ ਵੋਟ ਦੇ ਅਸਲੀ ਹੱਕਦਾਰ ਹਨ।
ਜਲਸਿਆਂ ਨੂੰ ਸੀ ਪੀ ਆਈ (ਅੱੈਮ) ਦੇ ਜ਼ਿਲ੍ਹਾ ਸਕੱਤਰ ਅਪਾਰ ਸਿੰਘ ਸੰਧੂ, ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਅਸ਼ਵਨੀ ਕੁਮਾਰ, ਸੁਖਦਰਸ਼ਨ ਸ਼ਰਮਾ ਅਤੇ ਸਿਕੰਦਰ ਸਿੰਘ ਔਲਖ ਨੇ ਵੀ ਸੰਬੋਧਨ ਕਰਦੇ ਹੋਏ ਮਾਸਟਰ ਮਾਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਫਲ ਬਣਾਉਣ ਦੀ ਅਪੀਲ ਕੀਤੀ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਨੇ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਭਾਵੁਕ ਅਪੀਲ ਕੀਤੀ ਕਿ ਵੋਟ ਪਾਉਣ ਲੱਗਿਆਂ ਚੇਤੇ ਰੱਖਣਾ ਕਿ ਤੁਸੀਂ ਉਸ ਲਾਲ ਝੰਡੇ ਦੇ ਉਮੀਦਵਾਰ ਨੂੰ ਵੋਟ ਪਾਉਣੀ ਹੈ, ਜਿਸ ਝੰਡੇ ਦੀ ਸ਼ਾਨ ਲਈ ਕਾਮਰੇਡ ਅਮੋਲਕ, ਕਾਮਰੇਡ ਨਛੱਤਰ ਧਾਲੀਵਾਲ ਅਤੇ ਹੋਰ ਅਨੇਕਾਂ ਆਗੂਆਂ ਨੇ ਸ਼ਹੀਦੀਆਂ ਦਿੱਤੀਆਂ ਹਨ।
ਮਾਸਟਰ ਗੁਰਚਰਨ ਸਿੰਘ ਮਾਨ ਨੇ ਸਭ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀਆਂ ਆਸਾਂ, ਉਮੀਦਾਂ ਅਤੇ ਭਰੋਸੇ ’ਤੇ ਖਰਾ ਉਤਰਨ ਦਾ ਵਾਅਦਾ ਕੀਤਾ। ਉਨ੍ਹਾ ਦੱਸਿਆ ਕਿ ਕਮਿਊਨਿਸਟ ਪਾਰਟੀਆਂ ਲੋਕਾਂ ਨੂੰ ਧਰਮਾਂ ਦੇ ਨਾਂਅ ’ਤੇ ਆਪਸ ਵਿੱਚ ਲੜਾਉਣ ਨੂੰ ਸਭ ਤੋਂ ਘਟੀਆ ਸਮਝਦੀਆਂ ਹਨ ਅਤੇ ਸਿਰਫ ਹੱਕ, ਸੱਚ ਅਤੇ ਇਨਸਾਫ ਦੀ ਲੜਾਈ ਵਿੱਚ ਵਿਸ਼ਵਾਸ ਰੱਖਦੀਆਂ ਹਨ। ਇਸ ਮੌਕੇ ਚਰਨਜੀਤ ਸਿੰਘ ਚੰਬੇਲੀ, ਮੁਖਤਿਆਰ ਸਿੰਘ ਭਾਣਾ, ਭੋਲਾ ਸਿੰਘ, ਚਮਕੌਰ ਸਿੰਘ ਕੋਟ ਸੁਖੀਆ, ਵੀਰ ਸਿੰਘ ਕੰਮੇਆਣਾ ਤੇ ਠਾਕਰ ਸਿੰਘ ਵੀ ਹਾਜ਼ਰ ਸਨ।