ਤਪੇ ਸਿਆਸੀ ਮਾਹੌਲ ’ਚ 18ਵੀਂ ਲੋਕ ਸਭਾ ਦਾ ਪਹਿਲਾ ਅਜਲਾਸ ਅੱਜ ਤੋਂ

0
185

ਨਵੀ ਦਿੱਲੀ : 18ਵੀਂ ਲੋਕ ਸਭਾ ਦੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਸੈਸ਼ਨ ’ਚ ਸਭ ਤੋਂ ਪਹਿਲਾਂ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ, ਜਿਸ ਤੋਂ ਬਾਅਦ 26 ਜੂਨ ਨੂੰ ਲੋਕ ਸਭਾ ਸਪੀਕਰ ਦੀ ਚੋਣ ਹੋਵੇਗੀ ਅਤੇ 27 ਜੂਨ ਨੂੰ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਸੰਬੋਧਨ ਕਰਨਗੇ। ਇਸ ਸੈਸ਼ਨ ਦੌਰਾਨ ਭਾਜਪਾ ਆਗੂ ਤੇ ਸੱਤ ਵਾਰ ਲੋਕ ਸਭਾ ਦੇ ਮੈਂਬਰ ਰਹੇ ਭਰਤੂਹਰੀ ਮਹਿਤਾਬ ਦੀ ਪ੍ਰੋ-ਟੈੱਮ ਸਪੀਕਰ ਵਜੋਂ ਨਿਯੁਕਤੀ ਨੂੰ ਲੈ ਕੇ ਵਿਵਾਦ ਵਧਣ ਦੀ ਸੰਭਾਵਨਾ ਹੈ। ਇਸ ਨਿਯੁਕਤੀ ਦੀ ਵਿਰੋਧੀ ਧਿਰ ਨੇ ਨਿਖੇਧੀ ਕਰਦਿਆਂ ਦੋਸ਼ ਲਾਇਆ ਹੈ ਕਿ ਕਾਂਗਰਸ ਮੈਂਬਰ ਕੇ ਸੁਰੇਸ਼ ਦੇ ਅਹੁਦੇ ਲਈ ਦਾਅਵੇ ਨੂੰ ਸਰਕਾਰ ਨੇ ਨਜ਼ਰਅੰਦਾਜ਼ ਕੀਤਾ ਹੈ।
ਸੈਸ਼ਨ ਤੋਂ ਪਹਿਲਾਂ ਪ੍ਰੋ-ਟੈੱਮ (ਆਰਜ਼ੀ) ਸਪੀਕਰ ਦੇ ਮੁੱਦੇ ’ਤੇ ਐੱਨ ਡੀ ਏ ਸਰਕਾਰ ਤੇ ਇੰਡੀਆ ਗੱਠਜੋੜ ਦੇ ਆਗੂਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਜਿੱਥੇ ਕਾਂਗਰਸ ’ਤੇ ਝੂਠ ਬੋਲਣ ਦਾ ਦੋਸ਼ ਲਾਇਆ ਹੈ, ਉਥੇ ਵਿਰੋਧੀ ਧਿਰ ਨੇ ਪ੍ਰੋ-ਟੈੱਮ ਸਪੀਕਰ ਦੀ ਮਦਦ ਲਈ ਰਾਸ਼ਟਰਪਤੀ ਵੱਲੋਂ ਬਣਾਈ ਚੇਅਰਪਰਸਨਾਂ ਦੀ ਕਮੇਟੀ ਵਿਚ ਸ਼ਾਮਲ ਨਾ ਹੋਣ ਦੀ ਧਮਕੀ ਦਿੱਤੀ ਹੈ। ਰਾਸ਼ਟਰਪਤੀ ਨੇ ਭਾਜਪਾ ਆਗੂ ਤੇ ਸੱਤ ਵਾਰ ਲੋਕ ਸਭਾ ਦੇ ਮੈਂਬਰ ਰਹੇ ਭਰਤੂਹਰੀ ਮਹਿਤਾਬ ਨੂੰ ਲੋਕ ਸਭਾ ਦਾ ਪ੍ਰੋ-ਟੈੱਮ ਸਪੀਕਰ ਨਿਯੁਕਤ ਕੀਤਾ ਸੀ। ਰਾਸ਼ਟਰਪਤੀ ਨੇ ਮਹਿਤਾਬ ਦੀ ਮਦਦ ਲਈ ਪੰਜ ਸੀਨੀਅਰ ਮੈਂਬਰਾਂ ਕੇ ਸੁਰੇਸ਼ (ਕਾਂਗਰਸ), ਟੀ ਆਰ ਬਾਲੂ (ਡੀ ਐੱਮ ਕੇ), ਰਾਧਾ ਮੋਹਨ ਸਿੰਘ ਤੇ ਫੱਗਣ ਸਿੰਘ ਕੁਲਸਤੇ (ਦੋਵੇਂ ਭਾਜਪਾ) ਤੇ ਸੁਦੀਪ ਬੰਦੋਪਾਧਿਆਏ (ਟੀ ਐੱਮ ਸੀ) ਨੂੰ ਨਾਮਜਦ ਕੀਤਾ ਸੀ। ਕਾਂਗਰਸ ਦਾ ਦੋਸ਼ ਹੈ ਕਿ ਸਰਕਾਰ ਨੇ ਪ੍ਰੋ-ਟੈੱਮ ਸਪੀਕਰ ਦੇ ਅਹੁਦੇ ਲਈ 8 ਵਾਰ ਦੇ ਐੱਮ ਪੀ ਸੁਰੇਸ਼ ਨੂੰ ਨਜ਼ਰਅੰਦਾਜ਼ ਕਰਕੇ ਪ੍ਰਕਿਰਿਆ ਤੇ ਮਰਿਆਦਾ ਦੀ ਉਲੰਘਣਾ ਕੀਤੀ ਹੈ।

LEAVE A REPLY

Please enter your comment!
Please enter your name here