ਦੁਬਈ : ਈਰਾਨੀ ਸੁਪਰੀਮ ਨੇਤਾ ਅਯਾਤੁੱਲਾ ਅਲੀ ਖੁਮੇਨੀ ਨੇ ਸ਼ੁੱਕਰਵਾਰ ਨੂੰ ਦੇਸ਼ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਦੁਸ਼ਮਣ ’ਤੇ ਕਾਬੂ ਪਾਉਣ ਲਈ ਵੱਧ ਤੋਂ ਵੱਧ ਗਿਣਤੀ ’ਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਖੁਮੇਨੀ ਨੇ ਸ਼ੀਆ ਭਾਈਚਾਰੇ ਦੇ ਤਿਉਹਾਰ ਈਦ-ਉਲ-ਗਦੀਰ ਦੇ ਮੌਕੇ ’ਤੇ ਦਿੱਤੇ ਭਾਸ਼ਣ ’ਚ ਲੋਕਾਂ ਤੋਂ ਕਈ ਵਾਰ ਅਮਰੀਕਾ ਮੁਰਦਾਬਾਦ ਤੇ ਇਜ਼ਰਾਈਲ ਮੁਰਦਾਬਾਦ ਦੇ ਨਾਅਰੇ ਲਗਵਾਏ। ਖੁਮੇਨੀ ਦੇ ਸਮਰਥਕ ਅਤੇ ਈਰਾਨ ਦੇ ਕੱਟੜਪੰਥੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਮਈ ’ਚ ਹੈਲੀਕਾਪਟਰ ਹਾਦਸੇ ’ਚ ਮੌਤ ਹੋ ਗਈ ਸੀ।
ਕਮਲ ਚੌਧਰੀ ਦਾ ਦੇਹਾਂਤ
ਹੁਸ਼ਿਆਰਪੁਰ : ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਚਾਰ ਵਾਰ ਲੋਕ ਸਭਾ ਮੈਂਬਰ ਰਹੇ ਕਮਲ ਚੌਧਰੀ ਦਾ ਲੰਮੀ ਬਿਮਾਰੀ ਤੋਂ ਬਾਅਦ ਮੰਗਲਵਾਰ ਸਵੇਰੇ ਦਿੱਲੀ ਵਿਖੇ ਆਪਣੇ ਨਿਵਾਸ ’ਤੇ ਦੇਹਾਂਤ ਹੋ ਗਿਆ। ਉਹ 76 ਵਰ੍ਹਿਆਂ ਦੇ ਸਨ। ਉਨ੍ਹਾ ਦੇ ਪਰਵਾਰ ’ਚ ਪਤਨੀ, ਪੁੱਤਰ ਅਤੇ ਧੀ ਹਨ। ਕਮਲ ਚੌਧਰੀ ਸਿਆਸਤ ’ਚ ਆਉਣ ਤੋਂ ਪਹਿਲਾਂ ਭਾਰਤੀ ਹਵਾਈ ਫੌਜ ’ਚ ਲੜਾਕੂ ਪਾਇਲਟ ਸਨ। ਉਹ ਤਿੰਨ ਵਾਰ ਕਾਂਗਰਸ ਅਤੇ ਇੱਕ ਵਾਰ ਭਾਜਪਾ ਦੀ ਟਿਕਟ ’ਤੇ ਲੋਕ ਸਭਾ ਮੈਂਬਰ ਬਣੇ। ਉਨ੍ਹਾ ਦੇ ਪਿਤਾ ਚੌਧਰੀ ਬਲਬੀਰ ਸਿੰਘ ਐੱਮ ਪੀ ਅਤੇ ਵਿਧਾਇਕ ਰਹੇ ਸਨ।
ਵੈਸ਼ਨੋ ਦੇਵੀ ਲਈ ਇਕ ਹੋਰ ਹੈਲੀਕਾਪਟਰ ਸੇਵਾ ਸ਼ੁਰੂ
ਕਟੜਾ : ਜੰਮੂ ਤੋਂ ਮਾਤਾ ਵੈਸ਼ਨੋ ਦੇਵੀ ਮੰਦਰ ਲਈ ਮੰਗਲਵਾਰ ਤੋਂ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਹੋ ਗਈ, ਜਿਸ ਨਾਲ ਇੱਕ ਦਿਨ ਦੇ ਅੰਦਰ ਇਸ ਪਵਿੱਤਰ ਮੰਦਰ ਦੇ ਦਰਸ਼ਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਮਿਲੇਗੀ। ਇਹ ਹੈਲੀਕਾਪਟਰ ਸੇਵਾ ਰਿਆਸੀ ਜ਼ਿਲ੍ਹੇ ਦੇ ਤਿ੍ਰਕੁਟਾ ਪਹਾੜੀਆਂ ’ਤੇ ਸਥਿਤ ਪ੍ਰਸਿੱਧ ਮੰਦਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਮੰਦਰ ਦੇ ਨੇੜੇ ਬੇਸ ਕੈਂਪ ਅਤੇ ਸਾਂਝੀ ਛੱਤ ਵਿਚਕਾਰ ਪਹਿਲਾਂ ਤੋਂ ਉਪਲਬੱਧ ਹੈਲੀਕਾਪਟਰ ਸੇਵਾ ਤੋਂ ਵੱਖਰੀ ਹੈ, ਜਿਸ ਦਾ ਇੱਕ ਪਾਸੇ ਦਾ ਕਿਰਾਇਆ 2100 ਰੁਪਏ ਪ੍ਰਤੀ ਵਿਅਕਤੀ ਹੈ। ਜੰਮੂ ਤੋਂ ਇਹ ਸੇਵਾ ਲੈਣ ਵਾਲਿਆਂ ਕੋਲ ਦੋ ਪੈਕੇਜਾਂ ਵਿੱਚੋਂ ਇਕ ਚੁਣਨ ਦਾ ਮੌਕਾ ਹੋਵੇਗਾ। ਉਸੇ ਦਿਨ ਦੀ ਵਾਪਸੀ ਲਈ ਪ੍ਰਤੀ ਯਾਤਰੀ 35000 ਰੁਪਏ ਅਤੇ ਅਗਲੇ ਦਿਨ ਦੀ ਵਾਪਸੀ ਲਈ ਪ੍ਰਤੀ ਵਿਅਕਤੀ 60,000 ਰੁਪਏ ਖਰਚ ਹੋਣਗੇ।


