ਪਠਾਨਕੋਟ ਇਲਾਕੇ ’ਚ 2 ਮਸ਼ਕੂਕ ਅੱਤਵਾਦੀਆਂ ਦੀ ਘੁਸਪੈਠ ਤੋਂ ਬਾਅਦ ਹਾਈ ਅਲਰਟ

0
151

ਗੁਰਦਾਸਪੁਰ : ਦੋ ਮਸ਼ਕੂਕ ਦਹਿਸ਼ਤਗਰਦਾਂ ਦੇ ਜ਼ਿਲ੍ਹਾ ਪਠਾਨਕੋਟ ’ਚ ਦਾਖਲ ਹੋਣ ਦੀ ਸੂਹ ਨੇ ਸੁਰੱਖਿਆ ਬਲਾਂ ਨੂੰ ਚੁਕੰਨੇ ਕਰ ਦਿੱਤਾ ਹੈ। ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਕੋਟ ਬਾਠੀਆਂ ਪਿੰਡ ਦੇ ਵਾਸੀ ਨੇ ਮੰਗਲਵਾਰ ਅੱਧੀ ਰਾਤ ਦੇ ਕਰੀਬ ਕੰਟਰੋਲ ਰੂਮ ਸੂਚਨਾ ਦਿੱਤੀ ਕਿ ਦੋ ਨਕਾਬਪੋਸ਼, ਜੋ ਭਾਰੀ ਹਥਿਆਰਾਂ ਨਾਲ ਲੈਸ ਸਨ, ਉਸ ਦੇ ਫਾਰਮ ਹਾਊਸ ਅੰਦਰ ਜਬਰੀ ਦਾਖਲ ਹੋ ਗਏ। ਉਸ ਨੇ ਦੱਸਿਆ-ਹਥਿਆਰਬੰਦ ਬੰਦਿਆਂ ਨੇ ਮੇਰੇ ਸਿਰ ’ਤੇ ਬੰਦੂਕ ਤਾਣ ਦਿੱਤੀ ਤੇ ਮੈਨੂੰ ਰਾਤ ਦਾ ਖਾਣਾ ਤਿਆਰ ਕਰਨ ਲਈ ਕਿਹਾ। ਖਾਣਾ ਖਾਣ ਤੋਂ ਬਾਅਦ ਉਹ ਪਠਾਨਕੋਟ ਵੱਲ ਚਲੇ ਗਏ।
ਪੁਲਸ ਨੇ ਉਸ ਵਿਅਕਤੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ। ਪਠਾਨਕੋਟ ਦੇ ਐੱਸ ਐੱਸ ਪੀ ਸੁਹੇਲ ਕਾਸਿਮ ਮੀਰ ਨੇ ਤੁਰੰਤ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ। ਗੁਰਦਾਸਪੁਰ ਦੇ ਐੱਸ ਐੱਸ ਪੀ ਹਰੀਜ਼ ਦਿਆਮਾ ਨੇ ਵੀ ਪੁਲਸ ਲਾਈਨਜ਼ ’ਚ ਪਹੁੰਚ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਸਮੂਹ ਐੱਸ ਐੱਚ ਓਜ਼ ਨਾਲ ਮੀਟਿੰਗ ਕੀਤੀ। ਗੁਰਦਾਸਪੁਰ, ਧਾਰੀਵਾਲ, ਦੀਨਾਨਗਰ ਅਤੇ ਪਠਾਨਕੋਟ ਦੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ। ਗੁਰਦਾਸਪੁਰ-ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬਟਾਲਾ ਪੁਲਸ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ। ਥਲ ਸੈਨਾ ਅਤੇ ਬੀ ਐੱਸ ਐੱਫ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਮਾਮੂਨ ਛਾਉਣੀ ਅਤੇ ਪਠਾਨਕੋਟ ਏਅਰ ਫੋਰਸ ਸਟੇਸ਼ਨ ਨੂੰ ਵੀ ਸੁਰੱਖਿਅਤ ਕਰ ਲਿਆ ਗਿਆ ਹੈ। ਇਹ ਖਬਰ ਅਮਰਨਾਥ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਆਈ ਹੈ।
29 ਜੂਨ ਤੋਂ ਸਰਕਾਰ ਅਮਰਨਾਥ ਯਾਤਰੀਆਂ ਨੂੰ ਲਖਨਪੁਰ ਤੋਂ ਜੰਮੂ-ਕਸ਼ਮੀਰ ’ਚ ਦਾਖਲ ਹੋਣ ਦੀ ਇਜਾਜ਼ਤ ਦੇਵੇਗੀ।

LEAVE A REPLY

Please enter your comment!
Please enter your name here