25 C
Jalandhar
Sunday, September 8, 2024
spot_img

ਅਕਾਲੀ ਦਲ ਦਾ ਸੰਕਟ

ਸ਼ੋ੍ਰਮਣੀ ਅਕਾਲੀ ਦਲ (ਬਾਦਲ) ਇਸ ਸਮੇਂ ਗੰਭੀਰ ਸਿਆਸੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਮੰਗਲਵਾਰ ਇਸ ਦੇ ਆਗੂਆਂ ਦੀਆਂ ਦੋ ਵੱਖੋ-ਵੱਖ ਮੀਟਿੰਗਾਂ ਹੋਈਆਂ ਹਨ। ਇੱਕ ਮੀਟਿੰਗ ਚੰਡੀਗੜ੍ਹ ਵਿੱਚ ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਜ਼ਿਲ੍ਹਾ ਜਥੇਦਾਰਾਂ, ਵਰਕਿੰਗ ਕਮੇਟੀ ਮੈਂਬਰਾਂ ਤੇ ਹਲਕਾ ਇੰਚਾਰਜਾਂ ਨੇ ਹਿੱਸਾ ਲਿਆ। ਮੀਟਿੰਗ ਨੇ ਸਰਬਸੰਮਤੀ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਭਰੋਸਾ ਪ੍ਰਗਟ ਕੀਤਾ।
ਦੂਜੀ ਮੀਟਿੰਗ ਜਲੰਧਰ ਵਿੱਚ ਹੋਈ, ਜਿਸ ਵਿੱਚ ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਬਰਾੜ, ਪ੍ਰੇਮ ਸਿੰਘ ਚੰਦੂਮਾਜਰਾ, ਸਰਵਣ ਸਿੰਘ ਫਿਲੌਰ, ਗੁਰਪ੍ਰਤਾਪ ਸਿੰਘ ਵਡਾਲਾ, ਪਰਮਿੰਦਰ ਸਿੰਘ ਢੀਂਡਸਾ ਸਮੇਤ ਵੱਡੀ ਗਿਣਤੀ ਵਿੱਚ ਟਕਸਾਲੀ ਕਹੇ ਜਾਂਦੇ ਆਗੂ ਸ਼ਾਮਲ ਸਨ। ਇਸ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡ ਦੇਣ ਲਈ ਮਤਾ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਪਹਿਲੀ ਜੁਲਾਈ ਨੂੰ ਸ੍ਰੀ ਅਕਾਲ ਤਖਤ ਤੋਂ ‘ਸ਼ੋ੍ਰਮਣੀ ਅਕਾਲੀ ਦਲ ਬਚਾਓ ਲਹਿਰ’ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਅਜਿਹਾ ਸੰਕਟ ਪਹਿਲੀ ਵਾਰ ਨਹੀਂ ਆਇਆ। ਅਪ੍ਰੈਲ 1994 ਵਿੱਚ ਵੀ ਅਜਿਹਾ ਹੀ ਘਟਨਾ-ਚੱਕਰ ਚੱਲਿਆ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਲਾਂਭੇ ਕਰਨ ਲਈ ਉਸ ਵੇਲੇ ਵੀ ਅਖੌਤੀ ਟਕਸਾਲੀ ਆਗੂ ਇੱਕ ਪਲੇਟਫਾਰਮ ਉਤੇ ਇਕੱਠੇ ਹੋ ਗਏ ਸਨ। ਉਸ ਵੇਲੇ ਵੀ ਸ੍ਰੀ ਅਕਾਲ ਤਖਤ ਦੀ ਵਰਤੋਂ ਕਰਦਿਆਂ ਐਕਟਿੰਗ ਜਥੇਦਾਰ ਪ੍ਰੋ. ਮਨਜੀਤ ਸਿੰਘ ਰਾਹੀਂ 1 ਮਈ 1994 ਨੂੰ ਸਭ ਅਕਾਲੀ ਦਲਾਂ ਦੀ ਮੀਟਿੰਗ ਬੁਲਾਈ ਗਈ ਸੀ। ਉਸ ਮੀਟਿੰਗ ਵਿੱਚ ਸਿਮਰਨਜੀਤ ਸਿੰਘ ਮਾਨ, ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ ਤੇ ਭਾਈ ਮਨਜੀਤ ਸਿੰਘ ਸਣੇ ਸਭ ਘਾਗ ਅਕਾਲੀ ਆਗੂ ਸ਼ਾਮਲ ਸਨ। ਉਸ ਮੀਟਿੰਗ ਵਿੱਚ ਸਭ ਦਲਾਂ ਨੂੰ ਤੋੜ ਕੇ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਰਤਸਰ) ਦੀ ਸਥਾਪਨਾ ਕੀਤੀ ਗਈ ਸੀ। ਪ੍ਰਕਾਸ਼ ਸਿੰਘ ਬਾਦਲ ਉਸ ਮੀਟਿੰਗ ਤੋਂ ਲਾਂਭੇ ਰਹੇ, ਜਿਸ ਕਾਰਨ ਅਕਾਲ ਤਖਤ ਦੇ ਜਥੇਦਾਰ ਨੇ ਉਨ੍ਹਾ ਨੂੰ 6 ਮਈ ਨੂੰ ਤਲਬ ਕਰ ਲਿਆ ਸੀ। ਪ੍ਰਕਾਸ਼ ਸਿੰਘ ਬਾਦਲ 6 ਮਈ ਨੂੰ ਸ੍ਰੀ ਅਕਾਲ ਤਖਤ ’ਤੇ ਪੇਸ਼ ਹੋਏ, ਆਪਣਾ ਪੱਖ ਰੱਖਿਆ ਤੇ ਨਾਲ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਨੂੰ ਭੰਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਥੇਦਾਰ ਸਾਹਿਬ ਸਤਿ ਬਚਨ ਕਹਿ ਕੇ ਚੁੱਪ ਧਾਰਨ ਕਰ ਗਏ ਸਨ।
ਇਸ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ ਹੀ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਰਤਸਰ) ਲੀਰੋ-ਲੀਰ ਹੋ ਗਿਆ ਸੀ। ਕੈਪਟਨ ਕੰਵਲਜੀਤ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਖਦੇਵ ਸਿੰਘ ਢੀਂਡਸਾ ਤੇ ਗੁਰਚਰਨ ਸਿੰਘ ਟੌਹੜਾ ਸਮੇਤ ਸਭ ਵੱਡੇ-ਛੋਟੇ ਟਕਸਾਲੀ ਮੁੜ ਬਾਦਲ ਦੀ ਛਤਰੀ ਹੇਠ ਆ ਗਏ ਸਨ।
ਉਸ ਸਮੇਂ ਲੜਾਈ ਗਰਮ ਤੇ ਨਰਮ ਖਿਆਲ ਕਹੇ ਜਾਂਦਿਆਂ ਵਿਚਕਾਰ ਸੀ। ਇਸ ਵਾਰ ਦੀ ਲੜਾਈ ਕੇਂਦਰ ਦੀ ਸੱਤਾ ਉਤੇ ਬੈਠੀ ਭਾਰਤੀ ਜਨਤਾ ਪਾਰਟੀ ਦੇ ਪਿੱਛਲੱਗੂਆਂ ਨਾਲ ਹੈ। ਭਾਰਤੀ ਜਨਤਾ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਆਪਣਾ ਆਧਾਰ ਵਧਾਉਣ ਲਈ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਨੂੰ ਖੇਰੂੰ-ਖੇਰੂੰ ਕਰਨ ਦੇ ਰਾਹ ਪਈ ਹੋਈ ਹੈ। ਇਸ ਲਈ ਪਹਿਲਾਂ ਉਸ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਅੱਗੇ ਲਾਇਆ, ਪਰ ਉਸ ਵੱਲੋਂ ਬਣਾਏ ਸੰਯੁਕਤ ਅਕਾਲੀ ਦਲ ਦੀ ਵਿਧਾਨ ਸਭਾ ਚੋਣਾਂ ਵਿੱਚ ਕੋਈ ਦਾਲ ਨਾ ਗਲ ਸਕੀ।
ਹਾਲੀਆ ਲੋਕ ਸਭਾ ਚੋਣਾਂ ਵਿੱਚ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਨੂੰ ਤਕੜੀ ਸੱਟ ਵੱਜੀ ਹੈ। ਇਸ ਦਾ ਇੱਕ ਕਾਰਨ ਬਸਪਾ ਨਾਲ ਉਸ ਦਾ ਗੱਠਜੋੜ ਨਾ ਹੋਣਾ ਵੀ ਸੀ। ਅਕਾਲੀ ਦਲ (ਬਾਦਲ) ਦੀ ਇਸ ਹਾਰ ਨੂੰ ਮੌਕਾ ਸਮਝ ਕੇ ਭਾਜਪਾ ਨੇ ਆਪਣੀ ਚਾਲ ਚੱਲ ਦਿੱਤੀ ਹੈ। ਆਉਂਦੇ ਦਿਨੀਂ ਜੇਕਰ ਨਵੇਂ ਜਿੱਤੇ ਆਜ਼ਾਦ ਸਾਂਸਦ ਅੰਮਿ੍ਰਤਪਾਲ ਸਿੰਘ ਤੇ ਸਰਬਜੀਤ ਸਿੰਘ ਨੂੰ ਵੀ ‘ਅਕਾਲੀ ਦਲ ਬਚਾਓ’ ਮੁਹਿੰਮ ਨਾਲ ਜੋੜ ਦਿੱਤਾ ਜਾਵੇ ਤਾਂ ਇਹ ਅੱਤਕਥਨੀ ਨਹੀਂ ਹੋਵੇਗੀ।
ਵਧੀਆ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਚੰਡੀਗੜ੍ਹ ਜੁੜੇ ਆਗੂਆਂ ਨੇ ਭਾਜਪਾ ਵਿਰੁੱਧ ਸਪੱਸ਼ਟ ਸਟੈਂਡ ਲਿਆ ਹੈ। ਪੁਰਾਣਾ ਤਜਰਬਾ ਦੱਸਦਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਨੂੰ ਪਹਿਲਾਂ ਵੀ ਅਜਿਹੇ ਝਟਕੇ ਲਗਦੇ ਰਹੇ ਹਨ, ਪਰ ਆਖਰ ਵਿੱਚ ਉਹ ਜੇਤੂ ਹੋ ਕੇ ਨਿਕਲਦਾ ਰਿਹਾ ਹੈ। ਇਸ ਲਈ ਉਸ ਨੂੰ ਦਿ੍ਰੜ੍ਹਤਾ ਨਾਲ ਸੰਘਵਾਦ ਉੱਤੇ ਕੇਂਦਰੀ ਸੱਤਾ ਵੱਲੋਂ ਹੋ ਰਹੇ ਹਮਲਿਆਂ ਵਿਰੁੱਧ ਹਮਲਾਵਰ ਰੁਖ ਅਪਣਾਉਣਾ ਪਵੇਗਾ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles