ਜਲੰਧਰ/ਫਿਲੌਰ (ਗਿਆਨ ਸੈਦਪੁਰੀ/ਨਿਰਮਲ)
ਸੀ ਪੀ ਆਈ ਪੰਜਾਬ ਦੇ ਕੰਟਰੋਲ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ‘ਨਵਾਂ ਜ਼ਮਾਨਾ’ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਮੈਂਬਰ ਕਾਮਰੇਡ ਸਵਰਨ ਸਿੰਘ ਅਕਲਪੁਰੀ ਨੂੰ ਫਿਲੌਰ ਨੇੜੇ ਪਿੰਡ ਅਕਲਪੁਰ ’ਚ ਵੀਰਵਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਜਿੱਥੇ ਉਨ੍ਹਾ ਦੀ ਉੱਚ ਦੁਮਾਲੜੀ ਸਿਆਸੀ ਸ਼ਖਸੀਅਤ ਬਾਰੇ ਚਾਨਣਾ ਪਾਇਆ, ਉੱਥੇ ਉਨ੍ਹਾ ਵੱਲੋਂ ਚੰਗੇਰਾ ਸਮਾਜ ਸਿਰਜਣ ਦੇ ਕੀਤੇ ਗਏ ਉਪਰਾਲਿਆਂ ਨੂੰ ਚੇਤੇ ਕੀਤਾ। ਉਹ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ।
ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਆਪਣੇ ਯੁੱਧ ਸਾਥੀ ਰਹੇ ਕਾਮਰੇਡ ਅਕਲਪੁਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹ ਤਾ-ਜ਼ਿੰਦਗੀ ਭਾਈ ਲਾਲੋਆਂ ਦੀ ਧਿਰ ਦੇ ਹਾਮੀ ਰਹੇ। ਉਨ੍ਹਾ ਕਿਹਾ ਕਿ ਸਾਥੀ ਅਕਲਪੁਰੀ ਵਿਦਿਆਰਥੀ ਜੀਵਨ ਤੋਂ ਹੀ ਸੰਘਰਸ਼ਾਂ ਦੇ ਪਾਂਧੀ ਬਣ ਗਏ ਸਨ ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ, ਇਹ ਚੇਤੇ ਕਰਕੇ ਕਿ ਅਸੀਂ ਇਕੱਠਿਆਂ ਨੇ ਕੰਮ ਕੀਤਾ ਸੀ। ਬਰਾੜ ਨੇ ਅਕਲਪੁਰੀ ਦੀ ਜੀਵਨ ਸਾਥਣ ਨੂੰ ਵੀ ਸੈਲਿਊਟ ਕੀਤਾ, ਜਿਨ੍ਹਾ ਦੇ ਸਹਿਯੋਗ ਸਦਕਾ ਉਹ ਲੋਕ-ਪੱਖੀ ਕੰਮ ਕਰ ਸਕੇ। ਉਨ੍ਹਾ ਕਿਹਾ ਕਿ ਸਾਥੀ ਅਕਲਪੁਰੀ ਨੇ ਹਮੇਸ਼ਾ ਹੀ ਪੰਜਾਬ ਦੇ ਫਿਕਰਾਂ ਦੀ ਬਾਂਹ ਫੜੀ ਰੱਖੀ। ਉਹ ਪੰਜਾਬ ਦੀ ਜਵਾਨੀ ਦੀ ਬਾਹਰਲੇ ਮੁਲਕਾਂ ਨੂੰ ਉਡਾਰੀ ਮਾਰਨ ਦੀ ਅੰਨ੍ਹੀ ਦੌੜ ਤੋਂ ਵੀ ਚਿੰਤਤ ਰਹਿੰਦੇ ਸਨ।
ਸੂਬਾ ਸਕੱਤਰ ਨੇ ਪੰਜਾਬ ਦੀਆਂ ਦੋਖੀ ਸ਼ਕਤੀਆਂ ਦੇ ਕਾਰਿਆਂ ਬਾਰੇ ਵਿਸਥਾਰ ਨਾਲ ਗੱਲ ਕਰਦਿਆ ਕਿਹਾ ਕਿ ਇਨ੍ਹਾਂ ਨੂੰ ਪਛਾੜਨ ਲਈ ਇੱਕਜੁਟਤਾ ਬਣਾ ਕੇ ਅੱਗੇ ਆਉਣਾ ਹੀ ਸਾਥੀ ਸਵਰਨ ਸਿੰਘ ਅਕਲਪੁਰੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸ਼ੋ੍ਰਮਣੀ ਪੱਤਰਕਾਰ ਤੇ ਉੱਘੇ ਵਿਸ਼ਲੇਸ਼ਕ ਜਤਿੰਦਰ ਪਨੂੰ ਨੇ ਸਾਥੀ ਅਕਲਪੁਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾ ਨਾਲ ਆਪਣੀ ਅੱਧੀ ਸਦੀ ਦੀ ਸਾਂਝ ਦੌਰਾਨ ਵੱਖ-ਵੱਖ ਮੌਕਿਆਂ ’ਤੇ ਕਿਸਾਨੀ ਤੇ ਹੋਰ ਮੋਰਚਿਆਂ ਵਿੱਚ ਹਮਜੋਲੀ ਬਣ ਕੇ ਕੀਤੇ ਕੰਮਾਂ ਨੂੰ ਯਾਦ ਕੀਤਾ। ਉਨ੍ਹਾ ਕਿਹਾ ਕਿ ਸੰਘਰਸ਼ਾਂ ਦੌਰਾਨ ਕਈ ਸਾਥੀ ਘਬਰਾ ਵੀ ਜਾਇਆ ਕਰਦੇ ਸਨ। ਸਾਥੀ ਅਜੀਤ ਸਿੰਘ ਗ਼ਦਰਾ ਤੇ ਸਾਥੀ ਸਵਰਨ ਸਿੰਘ ਅਕਲਪੁਰੀ ਦੀ ਜੋੜੀ ਉਨ੍ਹਾਂ ਨਿਰਾਸ਼ ਹੋਏ ਸਾਥੀਆਂ ਅੰਦਰ ਨਵਾਂ ਜੋਸ਼ ਭਰ ਕੇ ਨਾਲ ਤੋਰ ਲਿਆ ਕਰਦੀ ਸੀ।
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਥੀ ਅਕਲਪੁਰੀ ਨੇ ਉਦੇਸ਼ ਪੂਰਨ ਜ਼ਿੰਦਗੀ ਜਿਊਂਦਿਆਂ ਜੀਵਨ ਦਾ ਹਰ ਪਲ ਚੰਗੇਰਾ ਸਮਾਜ ਸਿਰਜਣ ਲਈ ਲਾਇਆ। ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਥੀ ਅਕਲਪੁਰੀ ਦੇ ਤੁਰ ਜਾਣ ਨਾਲ ਕਿਰਤੀਆਂ ਦੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ। ਸਰਹਾਲੀ ਕਲਾਂ ਨੇ ਉਨ੍ਹਾ ਦੀ ਵਿਦਵਤਾ ਦੀ ਗੱਲ ਕਰਦਿਆਂ ਕਿਹਾ ਕਿ ਉਹ ਮਾਰਕਸਵਾਦ ਦੇ ਵੀ ਚੰਗੇ ਗਿਆਤਾ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਕਮਲਜੀਤ ਸਿੰਘ ਨੇ ਕਾਮਰੇਡ ਅਕਲਪੁਰੀ ਨੂੰ ਸੰਘਰਸ਼ਾਂ ਦੇ ਮੋਹਰੀ ਦੱਸਦਿਆਂ ਕਿਹਾ ਕਿ ਉਨ੍ਹਾ ਨਾਲ ਵਿਚਾਰਾਂ ਦੀ ਪਈ ਸਾਂਝ ਅੰਤ ਤੱਕ ਨਿਭੀ।
ਆਰ ਐੱਮ ਪੀ ਆਈ ਦੇ ਆਗੂ ਡਾ. ਸਰਬਜੀਤ ਸਿੰਘ ਮੁਠੱਡਾ ਨੇ ਕਿਹਾ ਕਿ ਸਾਥੀ ਅਕਲਪੁਰੀ ਸਾਰੀ ਉਮਰ ਸ਼ੋਸ਼ਣ ਮੁਕਤ ਸਮਾਜ ਸਿਰਜਣ ਲਈ ਤਤਪਰ ਰਹੇ। ਕਾਮਰੇਡ ਰਛਪਾਲ ਸਿੰਘ ਬੜਾ ਪਿੰਡ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅਕਲਪੁਰੀ ਚੰਗੀ ਪੜ੍ਹਾਈ ਉਪਰੰਤ ਕੋਈ ਸੌਖਾ ਕੰਮ ਚੁਣਨ ਦੀ ਬਜਾਏ ਦੱਬੇ-ਕੁਚਲੇ ਲੋਕਾਂ ਦੀ ਬਿਹਤਰੀ ਲਈ ਉਪਰਾਲੇ ਕਰਨ ਵਾਲਾ ਔਖਾ ਕੰਮ ਚੁਣਿਆ।
ਸੀ ਪੀ ਆਈ ਜਲੰਧਰ ਦੇ ਸਕੱਤਰ ਕਾਮਰੇਡ ਰਸ਼ਪਾਲ ਕੈਲੇ ਨੇ ਸਟੇਜ ਸਕੱਤਰ ਦੇ ਫ਼ਰਜ਼ ਨਿਭਾਏ। ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਮਹਿੰਦਰ ਪਾਲ ਮੁਹਾਲੀ, ਚਰਨਜੀਤ ਥੰਮੂਵਾਲ, ਰਮੇਸ਼ ਕੌਸ਼ਲ ਲੁਧਿਆਣਾ, ਸਤਨਾਮ ਚਾਹਲ, ਰਜਿੰਦਰ ਕੁਮਾਰ ਛੋਕਰਾਂ, ਪ੍ਰੇਮ ਮੁਠੱਡਾ, ਗੋਪਾਲ ਸਿੰਘ ਚੰਡੀਗੜ੍ਹ, ਕਾਂਗਰਸੀ ਆਗੂ ਪਿ੍ਰਥੀਪਾਲ ਸਿੰਘ ਖਹਿਰਾ, ਮੁਖਤਿਆਰ ਸਿੰਘ, ਨਿਰੰਜਣ ਦਾਸ ਮੇਹਲੀ, ਅਮਰਜੀਤ ਮੇਹਲੀ, ਜਰਨੈਲ ਫਿਲੌਰ ਤੋਂ ਇਲਾਵਾ ਸਾਥੀ ਸਵਰਨ ਸਿੰਘ ਅਕਲਪੁਰੀ ਦੇ ਰਿਸ਼ਤੇਦਾਰ ਤੇ ਸਮੁੱਚਾ ਪਰਵਾਰ ਹਾਜ਼ਰ ਸੀ।





