ਮੋਗਾ (ਇਕਬਾਲ ਸਿੰਘ ਖਹਿਰਾ)
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੇ ਸੂਬਾਈ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ 21ਵੀਂ ਬਰਸੀ ਬੱਸ ਸਟੈਂਡ ਮੋਗਾ ਵਿੱਚ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿੱਚ ਜੋਸ਼ੋ-ਖਰੋਸ਼ ਨਾਲ ਮਨਾਈ ਗਈ। ਸਮਾਗਮ ਵਿੱਚ ਪੰਜਾਬ ਰੋਡਵੇਜ਼/ ਪਨਬੱਸ ਦੇ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਨਸ਼ਨਰਜ਼, ਬਿਜਲੀ ਮੁਲਾਜ਼ਮ, ਕਲਾਸ ਫੋਰ ਦੇ ਕਾਮੇ, ਅਧਿਆਪਕ, ਨਰੇਗਾ ਕਾਮੇ, ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨੇ ਹਿੱਸਾ ਲਿਆ। ਬਰਸੀ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਕਾਮਰੇਡ ਜਗਰੂਪ ਨੇ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ ਸੰਧੂ ਨਾ ਸਿਰਫ਼ ਰੋਡਵੇਜ਼ ਕਾਮਿਆ ਦੇ, ਸਗੋਂ ਸਮੁੱਚੀ ਕਿਰਤੀ ਜਮਾਤ ਦੇ ਆਗੂ ਸਨ। ਇਸੇ ਕਰਕੇ ਭਾਵੇਂ ਉਹਨਾ ਨੂੰ ਸਾਥੋਂ ਵਿਛੜਿਆਂ 21 ਸਾਲ ਹੋ ਗਏ ਹਨ, ਪਰ ਉਨ੍ਹਾ ਦੀ ਬਰਸੀ ਮਨਾਉਣ ਦਾ ਉਤਸ਼ਾਹ ਹਰ ਤਰ੍ਹਾਂ ਦੇ ਲੋਕਾਂ ਵਿੱਚ ਵੇਖਣ ਨੂੰ ਮਿਲਦਾ ਹੈ। ਕਾਮਰੇਡ ਜਗਰੂਪ ਨੇ ਲੰਘੀਆਂ ਲੋਕ ਸਭਾ ਚੋਣਾਂ ਬਾਰੇ ਕਿਹਾ ਕਿ ਅੱਜ ਦੇਸ਼ ਭਰ ਵਿੱਚ ਮੁੱਖ ਮੁੱਦਾ ਬੇਰੁਜ਼ਗਾਰੀ ਅਤੇ ਮਹਿੰਗਾਈ ਹੈ, ਪਰ ਸੱਤਾਧਾਰੀ ਧਿਰ ਨੇ ਚੋਣਾਂ ਵਿੱਚ ਇਸ ਮੁੱਦੇ ਨੂੰ ਅੱਖੋਂ-ਪਰੋਖੇ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤਦੇ ਹੋਏ ਰਾਮ ਮੰਦਰ ਅਤੇ ਹਿੰਦੂਤਵ ਦੇ ਮੁੱਦਿਆਂ ਨੂੰ ਉਭਾਰ ਕੇ ਵੋਟਾਂ ਬਟੋਰਨ ਲਈ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਜਿਹੜੀ ਸਰਕਾਰ 400 ਤੋਂ ਪਾਰ ਦਾ ਨਾਅਰਾ ਦੇ ਰਹੀ ਸੀ, ਉਸ ਨੂੰ ਲੋਕਾਂ ਨੇ ਹੁਣ ਫੌਹੜੀਆਂ ਦੇ ਆਸਰੇ ਚੱਲਣ ਲਈ ਮਜਬੂਰ ਕਰ ਦਿੱਤਾ ਹੈ।
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਮੁੱਖ ਆਗੂਆਂ ਰਣਜੀਤ ਸਿੰਘ ਰਾਣਵਾਂ, ਚਰਨ ਸਿੰਘ ਸਰਾਭਾ, ਪ੍ਰੇਮ ਚਾਵਲਾ ਅਤੇ ਭੁਪਿੰਦਰ ਸਿੰਘ ਸੇਖੋਂ ਨੇ ਕਾਮਰੇਡ ਬਲਵਿੰਦਰ ਸਿੰਘ ਸੰਧੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਜਿਹੜੀਆਂ ਸਰਕਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲਿਆ ਦੀ ਅਣਦੇਖੀ ਕਰਦੀਆਂ ਹਨ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ, ਉਹਨਾਂ ਦਾ ਹਸ਼ਰ ਲੰਘੀਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਵਰਗਾ ਹੀ ਹੋਵੇਗਾ। ਜੇਕਰ ਪੰਜਾਬ ਸਰਕਾਰ ਨੇ ਅਜੇ ਵੀ ਸਬਕ ਨਾ ਸਿੱਖਿਆ ਤਾਂ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਸਬਕ ਸਿਖਾਉਣ ਲਈ 6 ਜੁਲਾਈ ਨੂੰ ਜਲੰਧਰ ਦੇ ਹਲਕੇ ਵਿੱਚ ਝੰਡਾ ਮਾਰਚ ਕਰਕੇ ਸਰਕਾਰ ਨੂੰ ਮਸਲਿਆਂ ਦਾ ਹੱਲ ਕਰਨ ਲਈ ਮਜਬੂਰ ਕਰ ਦੇਣਗੇ।
ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਅਤੇ ਡਾ. ਇੰਦਰਵੀਰ ਗਿੱਲ ਨੇ ਕਾਮਰੇਡ ਸੰਧੂ ਦੀਆਂ ਸਮਾਜ ਪ੍ਰਤੀ ਨਿਭਾਈਆਂ ਜ਼ਿੰਮੇਵਾਰੀਆਂ ਦਾ ਜ਼ਿਕਰ ਕਰਦਿਆ ਕਿਹਾ ਕਿ ਅੱਜ ਨਾ ਸਿਰਫ਼ ਪੰਜਾਬ ਸਗੋਂ ਦੇਸ਼-ਵਿਦੇਸ਼ ਵਿੱਚ ਵੀ ਉਹਨਾ ਨੂੰ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਕਾਮਰੇਡ ਸੰਧੂ ਵਿੱਚ ਹਰ ਵਰਗ, ਹਰ ਉਮਰ ਦੇ ਲੋਕਾਂ ਵਿੱਚ ਘੁਲਮਿਲ ਜਾਣ ਦਾ ਵਿਸ਼ੇਸ਼ ਗੁਣ ਸੀ। ਬਰਸੀ ਸਮਾਗਮ ਵਿੱਚ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਜਗਦੀਸ਼ ਚਾਹਲ, ਗੁਰਜੀਤ ਸਿੰਘ ਘੋੜੇਵਾਹ, ਅਵਤਾਰ ਸਿੰਘ ਤਾਰੀ ਤੇ ਗੁਰਜੰਟ ਸਿੰਘ ਕੋਕਰੀ ਨੇ ਕਿਹਾ ਕਿ ਅੱਜ ਜਦੋਂ ਅਸੀਂ ਪਬਲਿਕ ਅਦਾਰਿਆਂ ਦੀ ਦੁਰਦਸ਼ਾ ਅਤੇ ਮੁਲਾਜ਼ਮਾਂ ਪ੍ਰਤੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਦੇਖਦੇ ਹਾਂ ਤਾਂ ਕਾਮਰੇਡ ਸੰਧੂ, ਕਾਮਰੇਡ ਗੁਰਮੇਲ ਮੋਗਾ, ਕਾਮਰੇਡ ਜਰਨੈਲ ਸਿੰਘ ਅਤੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਵਰਗੇ ਆਗੂਆਂ ਦੀ ਯਾਦ ਆਉਂਦੀ ਹੈ। ਬਰਸੀ ਸਮਾਗਮ ਵਿੱਚ ਅਵਤਾਰ ਚੜਿੱਕ ਅਤੇ ਇਕਬਾਲ ਚੜਿੱਕ ਨੇ ਭੰਡਾਂ ਦੀਆਂ ਆਈਟਮਾਂ ਪੇਸ਼ ਕਰਕੇ ਸਰੋਤਿਆਂ ਦੇ ਢਿੱਡੀਂ ਪੀੜਾਂ ਪਾਈਆਂ।
ਬਰਸੀ ਸਮਾਗਮ ਨੂੰ ਮੁੱਖ ਤੌਰ ’ਤੇ ਗੁਰਮੇਲ ਸਿੰਘ ਨਾਹਰ, ਸੁਰਿੰਦਰ ਬਰਾੜ, ਜਗਸੀਰ ਖੋਸਾ, ਕਰਮਵੀਰ ਬੱਧਨੀ, ਬੂਟਾ ਸਿੰਘ ਭੱਟੀ, ਜਗਮੇਲ ਪੱਖੋਵਾਲ, ਦੀਦਾਰ ਸਿੰਘ ਪੱਟੀ ਅਤੇ ਗੁਰਚਰਨ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਬਿਕਰਮਜੀਤ ਸਿੰਘ, ਅਵਤਾਰ ਸਿੰਘ ਗਗੜਾ, ਗੁਰਜੀਤ ਸਿੰਘ ਜਲੰਧਰ, ਅੰਗਰੇਜ ਸਿੰਘ ਸ੍ਰੀ ਮੁਕਤਸਰ ਸਾਹਿਬ, ਚਮਨ ਲਾਲ ਸੰਗੇਲੀਆ, ਹਰੀ ਬਹਾਦਰ ਬਿੱਟੂ, ਦਰਸ਼ਨ ਲਾਲ ਪੀ ਐੱਸ ਈ ਬੀ, ਸਤਪਾਲ ਸਹਿਗਲ, ਪੋਹਲਾ ਸਿੰਘ ਬਰਾੜ, ਕਿਰਨਦੀਪ ਢਿੱਲੋਂ, ਜਸਪਾਲ ਸਿੰਘ ਘਾਰੂ, ਬਲਰਾਜ ਭੰਗੂ ਆਦਿ ਆਗੂ ਵੀ ਹਾਜ਼ਰ ਸਨ। ਸਮਾਗਮ ਸਮੇਂ ਲੰਗਰ ਤੇ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।




