ਨਾਰਾਜ਼ ਆਗੂਆਂ ਨੇ ਅਕਾਲ਼ ਤਖਤ ਦੇ ਜਥੇਦਾਰ ਨੂੰ ਸੌਂਪਿਆਗੁਨਾਹਨਾਮਾ

0
109

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ,
ਕੰਵਲਜੀਤ ਸਿੰਘ)
ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਇਸਤਰੀ ਅਕਾਲੀ ਦਲ ਨੇ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਵਿੱਚ ਭਰੋਸਾ ਪ੍ਰਗਟ ਕੀਤਾ ਤੇ ਦੂਸਰੇ ਪਾਸੇ ਲੋਕ ਸਭਾ ਦੀਆਂ ਚੋਣਾਂ ਵਿੱਚ ਪਾਰਟੀ ਦੀ ਹੋਈ ਨਮੋਸ਼ੀ ਭਰੀ ਹਾਰ ਨੂੰ ਲੈ ਕੇ ਸਾਬਕਾ ਮੈਂਬਰ ਪਾਰਲ਼ੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਨਾਰਾਜ਼ ਧੜੇ ਨੇ ਜਥੇਦਾਰ ਅਕਾਲ ਤਖਤ ਨੂੰ ਗੁਨਾਹਨਾਮਾ ਸੌਂਪ ਕੇ ਕਿਹਾ ਕਿ ਉਹ ਪਿਛਲੇ ਸਮੇਂ ਹੋਈਆ ਗਲਤੀਆਂ ਦੀ ਮੁਆਫੀ ਸਮੁੱਚੇ ਪੰਥ ਕੋਲੋਂ ਮੰਗ ਕੇ ਸੁਰਖਰੂ ਹੋਣਾ ਲੋਚਦੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਆਗੂਆਂ ਦੇ ਧੜੇ ਨੇ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਅਰਦਾਸ ਕੀਤੀ ਅਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਕਾਲੀ ਸਰਕਾਰ ਵੇਲੇ ਹੋਈਆਂ ਗ਼ਲਤੀਆਂ ਸੰਬੰੰਧੀ ਗੁਨਾਹਨਾਮਾ ਪੱਤਰ ਦਿੱਤਾ। ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਦੇਣ ਵਾਲਿਆਂ ਵਿੱਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਅਕਾਲੀ ਦਲ ਵਿੱਚ ਸਭ ਤੋਂ ਅਮੀਰ ਸਿੱਖ ਸੁਰਜੀਤ ਸਿੰਘ ਰੱਖੜਾ, ਕਈ ਵਾਰੀ ਸਿਆਸਤ ਦਾ ਸ਼ਿਕਾਰ ਹੋਏ ਸੁੱਚਾ ਸਿੰਘ ਛੋਟੇਪੁਰ, ਅਕਾਲ਼ੀ ਦਲ ਵਿੱਚ ਸਤਿਕਾਰਤ ਸਥਾਨ ਰੱਖਣ ਵਾਲੇ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਬਾਦਲ ਪਰਵਾਰ ਦੇ ਕਰੀਬੀ ਰਹੇ ਚਰਨਜੀਤ ਸਿੰਘ ਬਰਾੜ, ਖਾੜਕੂ ਸੁਰ ਰੱਖਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਤੇ ਹੋਰ ਆਗੂ ਸ਼ਾਮਲ ਸਨ। ਉਨ੍ਹਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਚਾਰ ਸਫਿਆਂ ਦਾ ਗੁਨਾਹਨਾਮਾ ਪੱਤਰ ਦਿੱਤਾ, ਜਿਸ ਵਿੱਚ ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਅਤੇ ਭੁੱਲਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਬਾਰੇ ਅਕਾਲੀ ਸਰਕਾਰ ਕੋਈ ਵੀ ਸਹੀ ਫੈਸਲਾ ਲੈਣ ਵਿੱਚ ਅਸਫਲ ਰਹੀ ਸੀ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗਲਤੀਆਂ ਹੋਈਆਂ ਹਨ ਤੇ ਉਹਨਾਂ ਦਾ ਨਿਵਾਰਨ ਅਕਾਲੀ ਸਰਕਾਰ ਵੇਲੇ ਨਹੀਂ ਕੀਤਾ ਗਿਆ।ਉਹਨਾ ਕਿਹਾ ਕਿ ਪਹਿਲਾਂ ਸੌਦਾ ਸਾਧ ਨੂੰ ਮੁਆਫੀ ਦੇਣੀ ਤੇ ਫਿਰ 92 ਲੱਖ ਰੁਪਈਆ ਖਰਚ ਕਰਕੇ ਉਸ ਨੂੰ ਸਹੀ ਕਰਾਰ ਦੇਣ ਦੀ ਕੋਸ਼ਿਸ਼ ਕਰਨਾ ਬੱਜਰ ਗਲਤੀਆਂ ਹਨ। ਉਹਨਾ ਕਿਹਾ ਕਿ ਉਸ ਸਮੇਂ ਵੀ ਉਹ ਪਾਰਟੀ ਦੇ ਜ਼ਾਬਤੇ ਵਿੱਚ ਰਹਿ ਕੇ ਆਪਣੀ ਅਵਾਜ਼ ਬੁਲੰਦ ਕਰਦੇ ਰਹੇ ਹਨ, ਪਰ ਸੁਖਬੀਰ ਸਿੰਘ ਬਾਦਲ ਕੁਝ ਵੀ ਸੁਣਨ ਲਈ ਤਿਆਰ ਨਹੀ ਸਨ, ਪਰ ਸੰਗਤ ਦੇ ਵਿਰੋਧ ਨੂੰ ਲੈ ਕੇ ਸੌਦਾ ਸਾਧ ਦਾ ਮੁਆਫੀਨਾਮਾ ਵਾਪਸ ਲੈਣਾ ਪਿਆ।ਉਹਨਾ ਕਿਹਾ ਕਿ ਸੁਮੇਧ ਸਿੰਘ ਸੈਣੀ ਨੂੰ ਡੀ ਜੀ ਪੀ ਲਗਾਉਣਾ ਬੱਜਰ ਗਲਤੀ ਸੀ, ਜਿਸ ਨੇ ਬਹਿਬਲ ਕਾਂਡ ਨੂੰ ਅੰਜ਼ਾਮ ਦਿੱਤਾ। ਸਿੱਖ ਨੌਜਵਾਨਾਂ ਨੂੰ ਝੂਠੇ ਪੁਲ਼ਸ ਮੁਕਾਬਲਿਆਂ ਵਿੱਚ ਸ਼ਹੀਦ ਕਰਨਾ ਵੀ ਉਸ ਦਾ ਸ਼ੌਕ ਸੀ।ਉਹਨਾ ਕਿਹਾ ਕਿ ਬਰਗਾੜੀ ਕਾਂਡ ਦੀ ਜਾਂਚ ਵੀ ਸਹੀ ਢੰਗ ਨਾਲ ਨਾ ਕਰਨ ਸਕਣਾ ਵੀ ਇੱਕ ਵੱਡੀ ਅਸਫਲਤਾ ਸੀ।ਇਥੇ ਹੀ ਬੱਸ ਨਹੀਂ ਸਿੱਖ ਨੌਜਵਾਨਾਂ ਦਾ ਆਲਮ ਸੈਨਾ ਬਣਾ ਕੇ ਸ਼ਿਕਾਰ ਕਰਨ ਵਾਲੇ ਇਜ਼ਹਾਰ ਆਲਮ ਵਰਗੇ ਨੂੰ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣਾ ਤੇ ਫਿਰ ਉਸ ਨੂੰ ਅਕਾਲੀ ਦਲ ਦੀ ਟਿਕਟ ਦੇਣਾ ਵੀ ਬੱਜਰ ਗਲਤੀ ਸੀ। ਜਦੋਂ ਜਥੇਦਾਰਾਂ ਨੇ ਇਤਰਾਜ਼ ਕੀਤਾ ਤਾਂ ਫਿਰ ਆਲਮ ਦੀ ਘਰਵਾਲੀ ਨੂੰ ਟਿਕਟ ਦੇ ਕੇ ਨਿਵਾਜਨਾ ਵੀ ਕਿਸੇ ਬੱਜਰ ਕੁਰਹਿਤ ਤੋਂ ਘੱਟ ਨਹੀਂ ਸੀ।
ਅੰਮਿ੍ਰਤਪਾਲ ਸਿੰਘ ਦੇ ਮੁੱਦੇ ’ਤੇ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਉਸ ਨੇ ਸਹੁੰ ਹੀ ਸੰਵਿਧਾਨ ਦੀ ਚੁੱਕ ਕੇ ਚੋਣ ਲੜ ਲਈ ਹੈ ਤਾਂ ਫਿਰ ਬਾਕੀ ਕੁਝ ਵੀ ਨਹੀ ਬਚਦਾ।ਉਹਨਾ ਕਿਹਾ ਕਿ ਅੰਮਿ੍ਰਤਪਾਲ ਸਿੰਘ ਨੂੰ ਸਹੁੰ ਨਾ ਚੁੱਕਣ ਦੇਣਾ ਸਾਬਤ ਕਰਦਾ ਹੈ ਕਿ ਨਾ ਸਿਰਫ ਉਸ ਨਾਲ ਹੀ ਵਿਤਕਰਾ ਕੀਤਾ ਜਾ ਰਿਹਾ, ਸਗੋਂ ਲੱਖਾਂ ਉਹਨਾਂ ਲੋਕਾਂ ਨਾਲ ਵੀ ਬੇਇਨਸਾਫੀ ਕੀਤੀ ਜਾ ਰਹੀ ਹੈ, ਜਿਹਨਾਂ ਉਸ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਹੈ।ਉਹਨਾ ਕਿਹਾ ਕਿ ਸਿੱਖ ਨਾ ਅੱਤਵਾਦੀ ਹਨ ਤੇ ਨਾ ਹੀ ਵੱਖਵਾਦੀ, ਸਗੋਂ ਸਿੱਖਾਂ ਵਰਗਾ ਦੇਸ਼ ਭਗਤ ਤਾਂ ਕਿਤੇ ਵੀ ਮਿਲ ਨਹੀਂ ਸਕਦਾ।
ਅੰਮਿ੍ਰਤਪਾਲ ਸਿੰਘ ਕੋਲੋਂ ਜਲੰਧਰ ਦੀ ਚੋਣ ਵਿੱਚ ਹਮਾਇਤ ਲੈਣ ਬਾਰੇ ਉਹਨਾ ਕਿਹਾ ਕਿ ਉਹ ਹਰ ਉਸ ਵਿਅਕਤੀ ਤੱਕ ਪਹੁੰਚ ਕਰਨਗੇ, ਜਿਹੜਾ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਵਿਚਰਨ ਵਾਲਾ ਹੋਵੇ।ਕੁਝ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹਨਾਂ ਆਗੂਆਂ ਬਾਅਦ ਵਿੱਚ ਅੰਮਿ੍ਰਤਪਾਲ ਸਿੰਘ ਦੇ ਪਰਵਾਰ ਨਾਲ ਵੀ ਮੁਲਾਕਾਤ ਕੀਤੀ ਤੇ ਉਹਨਾਂ ਨਾਲ ਕਈ ਪ੍ਰਕਾਰ ਦੀਆਂ ਪੰਥਕ ਵਿਚਾਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਅੰਮਿ੍ਰਤਪਾਲ ਸਿੰਘ ਦੀ ਰਿਹਾਈ ਵੀ ਸ਼ਾਮਲ ਹੈ।
ਸ਼੍ਰੋਮਣੀ ਕਮੇਟੀ ਨੇ ਜਿਥੇ ਇਸ ਜਥੇ ਦੀ ਆਮਦ ’ਤੇ ਵਿਸ਼ੇਸ਼ ਪ੍ਰਬੰਧ ਕੀਤੇ, ਉਥੇ ਸੂਚਨਾ ਕੇਂਦਰ ਵਿਖੇ ਉਹਨਾਂ ਲਈ ਚਾਹ-ਪਕੌੜੇ ਤੇ ਹੋਰ ਪਦਾਰਥਾਂ ਦਾ ਬੰਦੋਬਸਤ ਵੀ ਕੀਤਾ ਗਿਆ, ਜਿਹੜਾ ਮਿੱਤਰਤਾਨਾ ਮੈਚ ਦਾ ਵੀ ਭੁਲੇਖਾ ਪਾਉਦਾ ਹੈ, ਕਿਉਕਿ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਉਸ ਵਿਅਕਤੀ ਨੂੰ ਸੂਚਨਾ ਕੇਂਦਰ ਦਾ ਕਦੇ ਦਰਵਾਜ਼ਾ ਨਹੀਂ ਲੰਘਣ ਦਿੱਤਾ, ਜਿਹੜਾ ਬਾਦਲ ਦਲ/ ਪਰਵਾਰ ਦੇ ਖਿਲ਼ਾਫ ਆਹ ਭਰਦਾ ਹੋਵੇ।

LEAVE A REPLY

Please enter your comment!
Please enter your name here