ਛੋਟੇ ਕਿਸਾਨਾਂ ਲਈ ਦੱਖਣੀ ਕੋਰੀਆ ਤੋਂ ਲਵਾਂਗੇ ਮਦਦ : ਭਗਵੰਤ ਮਾਨ

0
3

ਚੰਡੀਗੜ੍ਹ (ਗੁਰਜੀਤ ਬਿੱਲਾ, ਕਿ੍ਰਸ਼ਨ ਗਰਗ)-ਪੰਜਾਬ ਦੇ ਛੋਟੇ ਅਤੇ ਹਾਸ਼ੀਏ ਉਤੇ ਧੱਕੇ ਕਿਸਾਨਾਂ ਲਈ ਖੇਤੀਬਾੜੀ ਨੂੰ ਵਿਹਾਰਕ ਅਤੇ ਲਾਭਦਾਇਕ ਧੰਦੇ ਵਜੋਂ ਮੁੜ ਸਥਾਪਤ ਕਰਨ ਦੇ ਯਤਨਾਂ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਚੰਡੀਗੜ੍ਹ ਵਿੱਚ ਦੱਖਣੀ ਕੋਰੀਆ ਦੇ ਵਫ਼ਦ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ, ਜਿਸ ਵਿੱਚ ਸਮਾਰਟ ਖੇਤੀ, ਉਨਤ ਖੇਤੀ ਮਸ਼ੀਨਰੀ ਤੇ ਬਾਇਓ ਟੈਕਨਾਲੋਜੀ ਸੈਕਟਰ ਵਿੱਚ ਸਹਿਯੋਗ ’ਤੇ ਧਿਆਨ ਕੇਂਦਰਿਤ ਕੀਤਾ ਗਿਆ।ਇਸ ਮੁਲਾਕਾਤ ਦੌਰਾਨ ਪੰਜਾਬ ਸਰਕਾਰ ਵੱਲੋਂ ਘਟ ਰਹੇ ਖੇਤੀ ਰਕਬੇ ਅਤੇ ਵਿਹਾਰਕਤਾ ਦੇ ਹੱਲ ਲਈ ਦੱਖਣੀ ਕੋਰੀਆ ਦੀ ਤਕਨੀਕੀ ਮੁਹਾਰਤ ਨੂੰ ਅਪਨਾਉਣ ਬਾਰੇ ਗੱਲਬਾਤ ਦੇ ਨਾਲ-ਨਾਲ 13 ਤੋਂ 15 ਮਾਰਚ ਤੱਕ ਮੁਹਾਲੀ ਵਿਖੇ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਡੂੰਘੀ ਉਦਯੋਗਿਕ ਅਤੇ ਨਿਵੇਸ਼ ਭਾਈਵਾਲੀ ਨੂੰ ਵਧਾਉਣ ’ਤੇ ਵਿਚਾਰ-ਚਰਚਾ ਕੀਤੀ ਗਈ।
ਆਪਣੇ ਐੱਕਸ ਅਕਾਊਂਟ ’ਤੇ ਮੀਟਿੰਗ ਦੇ ਕੁਝ ਨੁਕਤੇ ਸਾਂਝੇ ਕਰਦਿਆਂ ਮਾਨ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਕੋਰੀਆ ਗਣਰਾਜ ਦੇ ਇੱਕ ਵਫ਼ਦ ਨਾਲ ਮੀਟਿੰਗ ਹੋਈ, ਜਿਸ ਦੌਰਾਨ ਸਮਾਰਟ ਖੇਤੀਬਾੜੀ, ਉਨਤ ਖੇਤੀ ਮਸ਼ੀਨਰੀ ਅਤੇ ਬਾਇਓ ਟੈਕਨਾਲੋਜੀ ’ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਖੇਤੀਬਾੜੀ ਨੂੰ ਲਾਭਦਾਇਕ ਉਦਮ ਬਣਾਉਣ ਲਈ ਪੰਜਾਬ ਤੇ ਦੱਖਣੀ ਕੋਰੀਆ ਵਿਚਕਾਰ ਆਪਸੀ ਸਹਿਯੋਗ ਨੂੰ ਵਧਾਉਣਾ ਹੈ।
ਇਸ ਦੌਰਾਨ ਕੋਈਆ ਦੇ ਵਫ਼ਦ ਨੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਕੰਮਕਾਜ ਲਈ ਸਾਜ਼ਗਾਰ ਮਾਹੌਲ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਕੋਰੀਆਈ ਵਫ਼ਦ ਨੂੰ 13 ਤੋਂ 15 ਮਾਰਚ 2026 ਤੱਕ ਮੋਹਾਲੀ ਵਿਖੇ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਵਿੱਚ ਹਿੱਸਾ ਲੈਣ ਲਈ ਨਿੱਘਾ ਸੱਦਾ ਦਿੱਤਾ ਗਿਆ।ਤਕਨੀਕੀ ਦਖਲ ਅੰਦਾਜ਼ੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਮਾਲ ਐਗਰੀਕਲਚਰ ਮਸ਼ੀਨਰੀ ਸੈਕਟਰ ਵਿੱਚ ਦੱਖਣੀ ਕੋਰੀਆ ਤੋਂ ਨਿਵੇਸ਼ ਆਕਰਸ਼ਿਤ ਕਰਨ ਲਈ ਉਤਸੁਕ ਹੈ, ਕਿਉਕਿ ਦੱਖਣੀ ਕੋਰੀਆ ਕੋਲ ਇਸ ਖੇਤਰ ਵਿੱਚ ਵਿਸ਼ਾਲ ਤਜਰਬਾ ਅਤੇ ਮੁਹਾਰਤ ਹੈ। ਉਨ੍ਹਾ ਦੱਸਿਆ ਕਿ ਦੱਖਣੀ ਕੋਰੀਆ ਵਿੱਚ ਜ਼ਮੀਨ ਘੱਟ ਹੋਣ ਕਰਕੇ ਉਥੇ ਲੰਬਕਾਰੀ ਖੇਤੀ ਤੇ ਕੁਸ਼ਲ ਮਸ਼ੀਨੀਕਰਨ ਤੇਜ਼ੀ ਨਾਲ ਉਭਰਿਆ ਹੈ, ਜਿਸ ਕਰਕੇ ਦੱਖਣੀ ਕੋਰੀਆ ਦਾ ਇਹ ਤਜਰਬਾ ਅਤੇ ਮੁਹਾਰਤ ਪੰਜਾਬ ਲਈ ਵਧੇਰੇ ਢੁਕਵਾਂ ਜਾਪ ਰਿਹਾ ਹੈ।