ਵਾਸ਼ਿੰਗਟਨ : ਅਮਰੀਕੀ ਨਿਆਂ ਵਿਭਾਗ ਵੱਲੋਂ ਜਨਤਕ ਕੀਤੀ ਗਈ ਜਾਣਕਾਰੀ ਅਨੁਸਾਰ ਜੈਫਰੀ ਐਪਸਟੀਨ ਦੀ ਜਾਂਚ ਨਾਲ ਸੰਬੰਧਤ ਹਾਲ ਹੀ ਵਿੱਚ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿੱਚ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿੱਲ ਗੇਟਸ ਨਾਲ ਸੰਬੰਧਤ ਗੈਰ-ਪ੍ਰਮਾਣਿਤ ਦੋਸ਼ ਸ਼ਾਮਲ ਹਨ। ਇਹ ਦਾਅਵੇ ਉਨ੍ਹਾਂ ਡਰਾਫਟ ਈਮੇਲਾਂ ਵਿੱਚ ਸਾਹਮਣੇ ਆਏ ਹਨ, ਜੋ ਐਪਸਟੀਨ ਨੇ 2013 ਵਿੱਚ ਆਪਣੇ ਆਪ ਨੂੰ ਲਿਖੀਆਂ ਸਨ। ਉਨ੍ਹਾਂ ਸੰਦੇਸ਼ਾਂ ਵਿੱਚ ਐਪਸਟੀਨ ਨੇ ਦੋਸ਼ ਲਾਇਆ ਕਿ ਗੇਟਸ ਦੇ ਰੂਸੀ ਔਰਤਾਂ ਨਾਲ ਜਿਨਸੀ ਸੰਬੰਧ ਸਨ, ਜਿਸ ਕਾਰਨ ਉਨ੍ਹਾਂ ਨੂੰ ਇੱਕ ਜਿਨਸੀ ਸੰਚਾਰਿਤ ਰੋਗ (ਐੱਸ ਟੀ ਡੀ) ਹੋ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾ ਅਜਿਹੀਆਂ ਐਂਟੀਬਾਇਓਟਿਕ ਦਵਾਈਆਂ ਦੀ ਮੰਗ ਕੀਤੀ ਸੀ, ਜੋ ਗੁਪਤ ਰੂਪ ਵਿੱਚ ਉਨ੍ਹਾ ਦੀ ਸਾਬਕਾ ਪਤਨੀ ਮੇਲਿੰਡਾ ਗੇਟਸ ਨੂੰ ਦਿੱਤੀਆਂ ਜਾ ਸਕਣ। ਹਾਲਾਂ ਕਿ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਹੋਈ।
ਦਸਤਾਵੇਜ਼ ਜਾਰੀ ਹੋਣ ਤੋਂ ਬਾਅਦ ਗੇਟਸ ਨੇ ਸਖ਼ਤ ਇਨਕਾਰ ਜਾਰੀ ਕੀਤਾ ਹੈ। ਇੱਕ ਬੁਲਾਰੇ ਨੇ ਕਿਹਾ ਕਿ ਇਹ ਦਾਅਵੇ ‘ਬਿਲਕੁਲ ਬੇਤੁਕੇ ਅਤੇ ਪੂਰੀ ਤਰ੍ਹਾਂ ਝੂਠੇ’ ਹਨ। ਉਨ੍ਹਾ ਕਿਹਾ ਕਿ ਇਹ ਈਮੇਲਾਂ ਗੇਟਸ ਨਾਲ ਸੰਬੰਧ ਖਤਮ ਹੋਣ ’ਤੇ ਐਪਸਟੀਨ ਦੀ ਨਿਰਾਸ਼ਾ ਅਤੇ ਉਸ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦੀਆਂ ਹਨ। ਵਿਵਾਦਤ ਈਮੇਲਾਂ, ਜੋ 18 ਜੁਲਾਈ 2013 ਦੀਆਂ ਹਨ, ਡਰਾਫਟ ਪ੍ਰਤੀਤ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਗੇਟਸ ਦੇ ਸਾਬਕਾ ਸਲਾਹਕਾਰ ਬੋਰਿਸ ਨਿਕੋਲਿਕ ਦੀ ਆਵਾਜ਼ ਵਿੱਚ ਲਿਖੀਆਂ ਗਈਆਂ ਹਨ। ਸਿਹਤ ਨਾਲ ਸੰਬੰਧਤ ਦਾਅਵਿਆਂ ਤੋਂ ਇਲਾਵਾ ਐਪਸਟੀਨ ਨੇ ਗੇਟਸ ’ਤੇ ਉਸ ਨੂੰ ਈਮੇਲਾਂ ਨੂੰ ਮਿਟਾਉਣ ਲਈ ਕਹਿਣ ਦਾ ਦੋਸ਼ ਲਗਾਇਆ ਅਤੇ ਕਈ ਸਾਲਾਂ ਬਾਅਦ ਆਪਣੀ ਸਾਂਝ ਖਤਮ ਕਰਨ ਦੇ ਗੇਟਸ ਦੇ ਫੈਸਲੇ ’ਤੇ ਗੁੱਸਾ ਜ਼ਾਹਰ ਕੀਤਾ। ਐਪਸਟੀਨ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਨੂੰ ਅਜਿਹੇ ਵਿਹਾਰ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ, ਜਿਸ ਨੂੰ ਉਸ ਨੇ ਨੈਤਿਕ ਤੌਰ ’ਤੇ ਸ਼ੱਕੀ ਦੱਸਿਆ ਸੀ। ਇਨ੍ਹਾਂ ਵਿੱਚੋਂ ਕਿਸੇ ਵੀ ਦਾਅਵੇ ਦੀ ਪੁਸ਼ਟੀ ਨਹੀਂ ਹੋਈ ਹੈ। ਦਸਤਾਵੇਜ਼ਾਂ ਵਿੱਚ ਪਹਿਲਾਂ ਕਦੇ ਨਾ ਦੇਖੀਆਂ ਗਈਆਂ ਤਸਵੀਰਾਂ ਵੀ ਸ਼ਾਮਲ ਹਨ, ਜੋ ਐਪਸਟੀਨ ਅਤੇ ਗੇਟਸ ਨੂੰ ਵੱਖ-ਵੱਖ ਥਾਂਵਾਂ ਵਿੱਚ ਇਕੱਠੇ ਦਿਖਾਉਂਦੀਆਂ ਹਨ। ਗੇਟਸ ਨੇ ਪਹਿਲਾਂ ਸਵੀਕਾਰ ਕੀਤਾ ਹੈ ਕਿ ਉਨ੍ਹਾ ਨੂੰ ਐਪਸਟੀਨ ਨਾਲ ਆਪਣੀ ਸਾਂਝ ’ਤੇ ਪਛਤਾਵਾ ਹੈ, ਜਿਸ ਨੇ 2019 ਵਿੱਚ ਸੰਘੀ ਜਿਨਸੀ ਤਸਕਰੀ ਦੇ ਦੋਸ਼ਾਂ ਵਿੱਚ ਮੁਕੱਦਮੇ ਦੀ ਉਡੀਕ ਕਰਦੇ ਹੋਏ ਨਿਊ ਯਾਰਕ ਦੀ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ ਸੀ।
ਗੇਟਸ ਨੇ ਲਗਾਤਾਰ ਕਿਸੇ ਵੀ ਅਣਉਚਿਤ ਵਿਹਾਰ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਉਨ੍ਹਾਂ ਦਾ ਐਪਸਟੀਨ ਨਾਲ ਕੋਈ ਵਪਾਰਕ ਸੰਬੰਧ ਨਹੀਂ ਸੀ। ਬਿੱਲ ਅਤੇ ਮੇਲਿੰਡਾ ਗੇਟਸ ਦਾ ਵਿਆਹ 1994 ਤੋਂ 2021 ਵਿੱਚ ਉਨ੍ਹਾਂ ਦੇ ਤਲਾਕ ਤੱਕ ਰਿਹਾ ਸੀ। ਮੇਲਿੰਡਾ ਗੇਟਸ ਨੇ ਕਿਹਾ ਹੈ ਕਿ ਗੇਟਸ ਦੇ ਅਫੇਅਰਾਂ ਅਤੇ ਐਪਸਟੀਨ ਨਾਲ ਉਨ੍ਹਾ ਦੀ ਸਾਂਝ ਨੇ ਉਨ੍ਹਾਂ ਦੇ ਵਿਆਹ ਦੇ ਅੰਤ ਵਿੱਚ ਯੋਗਦਾਨ ਪਾਇਆ, ਹਾਲਾਂਕਿ ਉਨ੍ਹਾ ਹੋਰ ਵੇਰਵੇ ਨਹੀਂ ਦਿੱਤੇ।




