ਮੋਗਾ (ਇਕਬਾਲ ਸਿੰਘ ਖਹਿਰਾ)
ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ (ਏਟਕ) ਦੀ ਸੂਬਾ ਕਮੇਟੀ ਦੀ ਮੀਟਿੰਗ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਕਸ਼ਮੀਰ ਸਿੰਘ ਗਦਾਈਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਯੂਨੀਅਨ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਨੇ ਕਿਹਾ ਕਿ ਨਰੇਗਾ ਮਜ਼ਦੂਰਾਂ ਨਾਲ ਅੱਜ ਦੇ ਸਮੇਂ ਵਿੱਚ ਹੋ ਰਹੀਆਂ ਬੇਇਨਸਾਫ਼ੀਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਨਰੇਗਾ ਮਜ਼ਦੂਰਾਂ ਨੂੰ 100 ਦਿਨ ਦੀ ਗਾਰੰਟੀ ਦੀ ਬਜਾਏ ਤੀਜਾ ਹਿੱਸਾ ਹੀ ਕੰਮ ਮਿਲ ਰਿਹਾ ਹੈ। ਜਥੇਬੰਦੀ ਇਸ ਸਾਲ ਮਜ਼ਦੂਰਾਂ ਨੂੰ 100 ਦਿਨ ਰੁਜ਼ਗਾਰ ਜਾਂ ਕਾਨੂੰਨ ਅਨੁਸਾਰ ਬੇਰੁਜ਼ਗਾਰੀ ਭੱਤਾ ਦਿਵਾਉਣ ਲਈ ਸਰਗਰਮੀ ਤੇਜ਼ ਕਰੇਗੀ। ਉਹਨਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਫੌਜਦਾਰੀ ਕਾਨੂੰਨ ਕਿਸੇ ਵੀ ਤਰ੍ਹਾਂ ਆਮ ਲੋਕਾਂ ਦੇ ਹਿੱਤ ਵਿੱਚ ਨਹੀਂ ਹਨ, ਸਗੋਂ ਇਹ ਲੋਕਾਂ ਦੀ ਆਵਾਜ਼ ਬਣਨ ਵਾਲੇ ਲੋਕਾਂ ਅਤੇ ਜਥੇਬੰਦੀਆਂ ਦੀ ਜ਼ੁਬਾਨਬੰਦੀ ਕਰਨ ਵਾਲੇ ਹਨ। ਇਹਨਾਂ ਵਿਰੁੱਧ ਵੀ ਲਾਮਬੰਦੀ ਕਰਨੀ ਚਾਹੀਦੀ ਹੈ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਜਗਸੀਰ ਸਿੰਘ ਖੋਸਾ ਨੇ ਕਿਹਾ ਕਿ ਆਪਣੇ ਆਪ ਨੂੰ ਆਮ ਆਦਮੀ ਦੀ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਨੇ ਆਮ ਲੋਕਾਂ ਦੀ ਜ਼ਿੰਦਗੀ ਆਸਾਨ ਕਰਨ ਦੀ ਬਜਾਏ ਹੋਰ ਮੁਸੀਬਤਾਂ ਵਿਚ ਪਾ ਦਿਤੀ ਹੈ। ਬੇਰੁਜ਼ਗਾਰੀ, ਮਹਿੰਗਾਈ, ਨਸ਼ੇ ਵਰਗੀਆਂ ਅਲਾਮਤਾਂ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਕਿਰਤ ਕਰਨ ਵਾਲੇ ਲੋਕਾਂ ਨੂੰ ਕਿਰਤ ਦੀ ਧਿਰ ਦੀ ਪਹਿਚਾਣ ਕਰਨੀ ਜ਼ਰੂਰੀ ਹੈ। ਮੀਟਿੰਗ ਦੌਰਾਨ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣ, ਨਰੇਗਾ ਦਿਹਾੜੀ 431 ਰੁਪਏ ਕਰਵਾਉਣ, ਕੰਮ ਦਿਨਾਂ ਦੀ ਗਿਣਤੀ 200 ਕਰਵਾਉਣ, ਮੇਹਟਾਂ ਨੂੰ ਅਰਧ ਸਿਖਿਅਤ ਕਾਮੇ ਵਾਲੀ ਦਿਹਾੜੀ 480 ਰੁਪਏ ਲਾਗੂ ਕਰਵਾਉਣ, ਗੈਰ-ਕਾਨੂੰਨੀ ਤਰੀਕੇ ਨਾਲ ਹਟਾਏ ਮੇਹਟ ਬਹਾਲ ਕਰਵਾਉਣ ਆਦਿ ਮੰਗਾਂ ਲਈ 29 ਜੁਲਾਈ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿਤੇ ਜਾਣਗੇ। ਯੂਨੀਅਨ ਦੀ 2024 ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਯੂਨੀਅਨ ਦੇ ਜ਼ਿਲ੍ਹਾ ਸਲਾਹਕਾਰ ਕੁਲਦੀਪ ਸਿੰਘ ਭੋਲਾ, ਖੁਸ਼ੀਆ ਸਿੰਘ, ਗੋਰਾ ਪਿਪਲੀ, ਬੋਹੜ ਸਿੰਘ, ਬਿੰਦਰ ਸਿੰਘ, ਹੰਸ ਰਾਜ ਗੋਲਡਨ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ ਗੋਪਾਲਪੁਰ, ਰਣਜੀਤ ਸਿੰਘ, ਜਰਨੈਲ ਸਿੰਘ, ਲੀਲੇ ਖਾਂ, ਨਰਿੰਦਰ ਅਲਗੋਂ ਕੋਠੀ, ਸ਼ੇਰ ਸਿੰਘ ਦੌਲਤਪੁਰਾ ਤੇ ਰਾਜਿੰਦਰ ਸਿੰਘ ਹਾਜ਼ਰ ਸਨ।



