25 C
Jalandhar
Sunday, September 8, 2024
spot_img

ਮੋਦੀ ਸਰਕਾਰ ਦਾ ਚਾਲ, ਚਰਿੱਤਰ ਤੇ ਚਿਹਰਾ ਨਹੀਂ ਬਦਲਣਾ : ਅਰਸ਼ੀ

ਫਰੀਦਕੋਟ (ਐਲਿਗਜੈਂਡਰ ਡਿਸੂਜਾ)
ਲੋਕ ਸਭਾ ਚੋਣਾਂ ਵਿੱਚ ਆਪਣੇ ਬਲਬੂਤੇ ’ਤੇ ਬਹੁਮਤ ਹਾਸਿਲ ਕਰਨ ਵਿੱਚ ਨਾਕਾਮ ਰਹੀ ਮੋਦੀ ਸਰਕਾਰ ਦਾ ਚਾਲ, ਚਰਿੱਤਰ ਅਤੇ ਚਿਹਰਾ ਉਹੀ ਰਹਿਣ ਵਾਲਾ ਹੈ, ਜਿਸ ਦਾ ਸਬੂਤ ਹੈ ਕਿ ਨਾ ਤਾਂ ਕਿਸੇ ਪ੍ਰਮੁੱਖ ਵਿਭਾਗ ਦਾ ਮੰਤਰੀ ਬਦਲਿਆ ਗਿਆ ਹੈ ਅਤੇ ਨਾ ਹੀ ਕਾਰਪੋਰੇਟ ਪੱਖੀ ਨੀਤੀਆਂ ਵਿੱਚ ਕੋਈ ਤਬਦੀਲੀ ਨਜ਼ਰ ਆਈ ਹੈ।
ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿਖੇ ਸੀ ਪੀ ਆਈ ਫਰੀਦਕੋਟ ਦੀ ਜ਼ਿਲ੍ਹਾ ਕੌਂਸਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਹਿਲੀ ਜੁਲਾਈ ਤੋਂ ਲਾਗੂ ਕਰ ਦਿੱਤੇ ਗਏ ਤਿੰਨ ਨਵੇਂ ਫੌਜਦਾਰੀ ਕਾਨੂੰਨ ਵੀ ਇਸ ਗੱਲ ਦਾ ਸਬੂਤ ਹੈ ਕਿ ਮੋਦੀ ਸਰਕਾਰ ਨੂੰ ਜਮਹੂਰੀ ਕਦਰਾਂ-ਕੀਮਤਾਂ ਅਤੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੀ ਕੋਈ ਪ੍ਰਵਾਹ ਨਹੀਂ ਅਤੇ ਉਹ ਦੇਸ਼ ਨੂੰ ਪੁਲਸੀਆ ਰਾਜ ਬਣਾ ਕੇ ਆਪਣੀ ਤਾਨਾਸ਼ਾਹੀ ਪੱਕੇ ਤੌਰ ’ਤੇ ਸਥਾਪਤ ਕਰਨਾ ਚਾਹੁੰਦੀ ਹੈ। ਪਾਰਟੀ ਦੀ 15 ਤੋਂ 17 ਜੁਲਾਈ ਤੱਕ ਨਵੀਂ ਦਿੱਲੀ ਵਿਖੇ ਹੋਈ ਕੌਮੀ ਕੌਂਸਲ ਦੀ ਮੀਟਿੰਗ ਬਾਰੇ ਰੋਸ਼ਨੀ ਪਾਉਦੇ ਹੋਏ ਅਰਸ਼ੀ ਨੇ ਕਿਹਾ ਕਿ ਪਾਰਟੀ ਨੇ ਆਉਣ ਵਾਲੇ ਸਮੇਂ ਵਿੱਚ ‘ਇੰਡੀਆ’ ਗਠਜੋੜ ਵਿੱਚ ਰਹਿੰਦੇ ਹੋਏ ਭਾਜਪਾ ਦੀ ਨਫ਼ਰਤ ਫੈਲਾਉਣ ਵਾਲੀ ਸਿਆਸਤ ਦਾ ਵਿਚਾਰਧਾਰਕ ਟਾਕਰਾ ਕਰਨ ਦੇ ਨਾਲ-ਨਾਲ ਹਮਖਿਆਲ ਪਾਰਟੀਆਂ ਨਾਲ ਮਿਲ ਕੇ ਰੁਜ਼ਗਾਰ ਦੇ ਮੁੱਦੇ ’ਤੇ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।
ਬੀਬੀ ਮਨਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸੀ ਪੀ ਐੱਮ ਆਗੂ ਇੰਦਰਜੀਤ ਮੁਕਤਸਰ ਅਤੇ ਸਾਬਕਾ ਇਸਤਰੀ ਆਗੂ ਬਿਮਲਾ ਚੌਧਰੀ ਨੂੰ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਨੇ ਲੋਕ ਸਭਾ ਚੋਣਾਂ ਦੀ ਲਿਖਤੀ ਰੀਵਿਊ ਰਿਪੋਰਟ ਪੇਸ਼ ਕਰਦੇ ਹੋਏ ਪਾਰਟੀ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ ਦੀ ਚੋਣ ਮੁਹਿੰਮ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਪਾਰਟੀ ਵਰਕਰਾਂ, ਵੋਟਰਾਂ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਸੀਮਤ ਸਾਧਨਾਂ ਦੇ ਬਾਵਜੂਦ ਅਤਿ ਦੀ ਗਰਮੀ ਵਿਚ ਪਾਰਟੀ ਦਾ ਸੁਨੇਹਾ ਆਮ ਲੋਕਾਂ ਵਿੱਚ ਪਹੁੰਚਾਇਆ।
ਗੁਰਨਾਮ ਸਿੰਘ, ਮਾਸਟਰ ਗੁਰਚਰਨ ਸਿੰਘ ਮਾਨ, ਜਗਤਾਰ ਸਿੰਘ ਭਾਣਾ, ਮੁਖਤਿਆਰ ਸਿੰਘ, ਸੁਖਦਰਸ਼ਨ ਰਾਮ ਸ਼ਰਮਾ, ਸੁਖਜਿੰਦਰ ਸਿੰਘ ਤੂੰਬੜਭੰਨ, ਚਰਨਜੀਤ ਸਿੰਘ ਚੰਬੇਲੀ, ਭਲਵਿੰਦਰ ਸਿੰਘ ਔਲਖ, ਗੁਰਦੀਪ ਸਿੰਘ, ਉੱਤਮ ਸਿੰਘ ਸਾਦਿਕ ਅਤੇ ਇਸਤਰੀ ਆਗੂ ਸ਼ਸ਼ੀ ਸ਼ਰਮਾ ਨੇ ਰਿਪੋਰਟ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ।ਕੁਝ ਵਾਧਿਆਂ ਨਾਲ ਰਿਪੋਰਟ ਨੂੰ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ।7 ਜੂਨ ਨੂੰ ਔਲਖ ਵਿੱਚ ਕਾਮਰੇਡ ਅਮੋਲਕ ਅਤੇ ਉਸ ਦੇ 6 ਸਾਥੀ ਸ਼ਹੀਦਾਂ ਦੇ ਬਰਸੀ ਸਮਾਗਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣ ਲਈ ਪਿੰਡ ਵਾਸੀਆਂ ਅਤੇ ਪਿੰਡ ਦੀ ਪਾਰਟੀ ਬ੍ਰਾਂਚ ਦਾ ਧੰਨਵਾਦ ਕੀਤਾ ਗਿਆ।ਇੱਕ ਮਤਾ ਪਾਸ ਕਰਕੇ ਫ਼ਲਸਤੀਨੀ ਬੱਚਿਆਂ, ਔਰਤਾਂ ਅਤੇ ਆਮ ਨਾਗਰਿਕਾਂ ਦੇ ਇਜ਼ਰਾਇਲੀ ਫੌਜ ਵੱਲੋਂ ਕੀਤੇ ਜਾ ਰਹੇ ਕਤਲੇਆਮ ਦੀ ਸਖ਼ਤ ਨਿਖੇਧੀ ਕਰਦੇ ਹੋਏ ਮੋਦੀ ਸਰਕਾਰ ਤੋਂ ਤੁਰੰਤ ਜੰਗਬੰਦੀ ਕਰਵਾਉਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਨ ਦੀ ਮੰਗ ਕੀਤੀ ਗਈ।

Related Articles

LEAVE A REPLY

Please enter your comment!
Please enter your name here

Latest Articles