ਲਖਨਊ : ਚੰਡੀਗੜ੍ਹ-ਡਿਬਰੂਗੜ੍ਹ ਐੱਕਸਪ੍ਰੈੱਸ ਦੇ ਪੰਜ ਏ ਸੀ ਡੱਬਿਆਂ ਸਣੇ 21 ਡੱਬਿਆਂ ਦੇ ਵੀਰਵਾਰ ਬਾਅਦ ਦੁਪਹਿਰ ਢਾਈ ਵਜੇ ਯੂ ਪੀ ਦੇ ਗੋਂਡਾ-ਮਾਨਕਪੁਰ ਸੈਕਸ਼ਨ ’ਤੇ ਝਿਲਾਹੀ ਸਟੇਸ਼ਨ ਕੋਲ ਪਟੜੀ ਤੋਂ ਉਤਰਨ ਕਾਰਨ 4 ਯਾਤਰੀਆਂ ਦੀ ਮੌਤ ਹੋ ਗਈ ਤੇ 31 ਜ਼ਖਮੀ ਹੋ ਗਏ।
ਇਹ ਗੱਡੀ ਚੰਡੀਗੜ੍ਹ ਤੋਂ ਹਫਤੇ ਵਿਚ ਦੋ ਦਿਨ ਬੁੱਧਵਾਰ ਤੇ ਸਨਿੱਚਰਵਾਰ ਚਲਦੀ ਹੈ ਤੇ ਇਹ ਚੰਡੀਗੜ੍ਹ ਤੋਂ ਬੁੱਧਵਾਰ ਦੇਰ ਰਾਤ ਚੱਲੀ ਸੀ। ਜਦੋਂ ਰੇਲ ਗੱਡੀ ਪਟੜੀ ਤੋਂ ਲੱਥੀ ਤਾਂ ਵੱਡੀ ਗਿਣਤੀ ਲੋਕਾਂ ਨੇ ਛਾਲਾਂ ਮਾਰ ਦਿੱਤੀਆਂ। ਉਤਰ ਪ੍ਰਦੇਸ਼ ਦੇ ਰਾਹਤ ਕਮਿਸ਼ਨਰ ਜੀ ਐੱਸ ਨਵੀਨ ਕੁਮਾਰ ਨੇ ਦੱਸਿਆ ਕਿ ਪੀੜਤਾਂ ਦੀ ਸਹਾਇਤਾ ਲਈ 40 ਮੈਂਬਰੀ ਮੈਡੀਕਲ ਟੀਮ ਭੇਜੀ ਗਈ ਹੈ। ਇਸ ਤੋਂ ਇਲਾਵਾ 15 ਐਂਬੂਲੈਂਸਾਂ ਨੂੰ ਵੀ ਭੇਜਿਆ ਗਿਆ ਹੈ। 17 ਜੂਨ ਨੂੰ ਸਿਲੀਗੁੜੀ ਦੇ ਨਿਊ ਜਲਪਾਈਗੁੜੀ ਤੋਂ 30 ਕਿਲੋਮੀਟਰ ਦੂਰ ਰੰਗਪਾਨੀ ਨੇੜੇ ਸਿਆਲਦਾਹ ਜਾ ਰਹੀ ਕੰਚਨਜੰਗਾ ਐੱਕਸਪ੍ਰੈੱਸ ਦੇ ਮਾਲ ਗੱਡੀ ਨਾਲ ਟਕਰਾਉਣ ਕਾਰਨ ਮਾਲ ਗੱਡੀ ਦੇ ਡਰਾਈਵਰ ਸਣੇ 11 ਵਿਅਕਤੀ ਮਾਰੇ ਗਏ ਸਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਰੇਲਵੇ ਦੇ ਬੁਰੇ ਹਾਲ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।





