ਈਰਾਨੀ ਵਿਦੇਸ਼ ਮੰਤਰੀ ਨਾਲ ਫੋਨ ’ਤੇ ਗੱਲਬਾਤ, ਪ੍ਰਧਾਨ ਮੰਤਰੀ ਨੇ ਰਣਨੀਤਕ ਆਜ਼ਾਦੀ ਗੁਆਈ : ਰਾਹੁਲ
ਨਵੀਂ ਦਿੱਲੀ : ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦੇ ਵੀਰਵਾਰ ਅੱਜ ਛੇਵੇਂ ਦਿਨ ਭਾਰਤ ਨੇ ਪਹਿਲੀ ਵਾਰ ਈਰਾਨੀ ਸੁਪਰੀਮ ਲੀਡਰ ਆਇਤੁੱਲ੍ਹਾ ਅਲੀ ਖਾਮਨੇਈ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਭਾਰਤ ਸਰਕਾਰ ਵੱਲੋਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਨਵੀਂ ਦਿੱਲੀ ਸਥਿਤ ਈਰਾਨੀ ਦੂਤਾਵਾਸ ਵਿੱਚ ਜਾ ਕੇ ਖਾਮਨੇਈ ਨੂੰ ਸ਼ਰਧਾਂਜਲੀ ਦਿੱਤੀ ਅਤੇ ਉੱਥੇ ਰੱਖੀ ਗਈ ਸ਼ੋਕ ਕਿਤਾਬ ਵਿੱਚ ਆਪਣੇ ਦਸਤਖਤ ਕੀਤੇ। ਖਾਮਨੇਈ ਦੀ 28 ਫਰਵਰੀ ਨੂੰ ਹਮਲੇ ਵਿੱਚ ਮੌਤ ਹੋਈ ਸੀ, ਜਿਸ ਦੀ ਅਧਿਕਾਰਤ ਪੁਸ਼ਟੀ ਈਰਾਨ ਨੇ ਇੱਕ ਦਿਨ ਬਾਅਦ ਕੀਤੀ ਸੀ। ਇਸੇ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਈਰਾਨੀ ਵਿਦੇਸ਼ ਮੰਤਰੀ ਅਰਾਗਚੀ ਨਾਲ ਫੋਨ ’ਤੇ ਗੱਲਬਾਤ ਕੀਤੀ।
ਰਾਹੁਲ ਗਾਂਧੀ ਨੇ ਵੀਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਕਰਦਿਆਂ ਕਿਹਾ ਕਿ ਪੱਛਮੀ ਏਸ਼ੀਆ ਦਾ ਸੰਘਰਸ਼ ਭਾਰਤ ਦੇ ਵਿਹੜੇ ਤੱਕ ਪਹੁੰਚ ਗਿਆ ਹੈ, ਪਰ ਉਹ ਚੁੱਪ ਹਨ ਅਤੇ ਜਦੋਂ ਦੇਸ਼ ਨੂੰ ਸੱਤਾ ਦੀ ਵਾਗਡੋਰ ਸੰਭਾਲਣ ਲਈ ਇੱਕ ਮਜ਼ਬੂਤ ਹੱਥ ਦੀ ਲੋੜ ਸੀ, ਤਾਂ ਇਸ ਕੋਲ ਇੱਕ ‘ਸਮਝੌਤਾਵਾਦੀ ਪ੍ਰਧਾਨ ਮੰਤਰੀ ਹੈ ਜਿਸ ਨੇ ਸਾਡੀ ਰਣਨੀਤਕ ਖੁਦਮੁਖਤਿਆਰੀ ਦਾ ਸਮਰਪਣ ਕਰ ਦਿੱਤਾ ਹੈ।’
ਰਾਹੁਲ ਨੇ ਕਿਹਾ ਕਿ ਦੁਨੀਆ ਇੱਕ ਅਸਥਿਰ ਦੌਰ ਵਿੱਚ ਦਾਖਲ ਹੋ ਗਈ ਹੈ ਅਤੇ ‘ਅੱਗੇ ਤੂਫਾਨੀ ਸਮੁੰਦਰ ਹਨ।’ ਉਨ੍ਹਾ ਐਕਸ ’ਤੇ ਕਿਹਾ, ‘‘ਭਾਰਤ ਦੀ ਤੇਲ ਸਪਲਾਈ ਖਤਰੇ ਵਿੱਚ ਹੈ, ਕਿਉਂਕਿ ਸਾਡੀ ਦਰਾਮਦ ਦਾ 40 ਫੀਸਦੀ ਤੋਂ ਵੱਧ ਹਿੱਸਾ ਸਟਰੇਟ ਆਫ ਹਾਰਮੁਜ਼ ਰਾਹੀਂ ਆਉਂਦਾ ਹੈ। ਐੱਲ ਪੀ ਜੀ ਅਤੇ ਐੱਲ ਐੱਨ ਜੀ ਲਈ ਸਥਿਤੀ ਹੋਰ ਵੀ ਮਾੜੀ ਹੈ।’’
ਰਾਹੁਲ ਨੇ ਕਿਹਾ, ‘‘ਹਿੰਦ ਮਹਾਸਾਗਰ ਵਿੱਚ ਇੱਕ ਈਰਾਨੀ ਜੰਗੀ ਜਹਾਜ਼ ਦੇ ਡੁੱਬਣ ਨਾਲ ਸੰਘਰਸ਼ ਸਾਡੇ ਵਿਹੜੇ ਤੱਕ ਪਹੁੰਚ ਗਿਆ ਹੈ। ਫਿਰ ਵੀ ਪ੍ਰਧਾਨ ਮੰਤਰੀ ਨੇ ਕੁਝ ਨਹੀਂ ਕਿਹਾ।’’ ਉਨ੍ਹਾ ਦੋਸ਼ ਲਾਇਆ ਕਿ ਅਜਿਹੇ ਸਮੇਂ ਵਿੱਚ ਭਾਰਤ ਨੂੰ ਇੱਕ ਸਥਿਰ ਅਗਵਾਈ ਦੀ ਲੋੜ ਹੈ, ਪਰ ਇਸ ਦੀ ਬਜਾਏ ਭਾਰਤ ਕੋਲ ਇੱਕ ਅਜਿਹਾ ਪ੍ਰਧਾਨ ਮੰਤਰੀ ਹੈ, ਜਿਸ ਨੇ ਰਣਨੀਤਕ ਸੁਤੰਤਰਤਾ ਗੁਆ ਦਿੱਤੀ ਹੈ। ਉਨ੍ਹਾ ਦੀਆਂ ਇਹ ਟਿੱਪਣੀਆਂ ਇੱਕ ਅਮਰੀਕੀ ਪਣਡੁੱਬੀ ਦੁਆਰਾ ਸ੍ਰੀਲੰਕਾ ਦੇ ਤੱਟ ਨੇੜੇ ਅੰਤਰਰਾਸ਼ਟਰੀ ਪਾਣੀਆਂ ਵਿੱਚ ਇੱਕ ਈਰਾਨੀ ਜੰਗੀ ਜਹਾਜ਼ ਨੂੰ ਤਾਰਪੀਡੋ ਨਾਲ ਡੁਬੋਣ ਤੋਂ ਇੱਕ ਦਿਨ ਬਾਅਦ ਆਈਆਂ ਹਨ, ਜੋ ਭਾਰਤ ਦੁਆਰਾ ਆਯੋਜਤ ‘ਮਿਲਾਨ’ ਜਲ ਸੈਨਾ ਅਭਿਆਸ ਵਿੱਚ ਹਿੱਸਾ ਲੈ ਕੇ ਵਾਪਸ ਜਾ ਰਿਹਾ ਸੀ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਪੈਂਟਾਗਨ ਵਿੱਚ ਪੁਸ਼ਟੀ ਕੀਤੀ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਤਾਰਪੀਡੋ ਦੁਆਰਾ ਦੁਸ਼ਮਣ ਦੇ ਜੰਗੀ ਜਹਾਜ਼ ਨੂੰ ਡੁਬੋਣ ਦੀ ਇਹ ਪਹਿਲੀ ਘਟਨਾ ਹੈ। ਸ੍ਰੀਲੰਕਾਈ ਜਲ ਸੈਨਾ ਨੇ ਜਹਾਜ਼ ਵਿੱਚੋਂ 87 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ 32 ਲੋਕਾਂ ਨੂੰ ਬਚਾਇਆ ਹੈ।





