ਜੰਗ ਦਾ ਸਾਈਡ-ਇਫੈਕਟ

0
1

ਕੀ ਅਮਰੀਕਾ ਨੂੰ ਅੱਡੇ ਦੇਣ ਵਾਲੇ ਬਹਿਰੀਨ ਵਿੱਚ ਵਿਦਰੋਹ ਦੀ ਸਥਿਤੀ ਬਣ ਰਹੀ ਹੈ? ਘੱਟੋ-ਘੱਟ ਏਨਾ ਤਾਂ ਸਾਫ ਹੈ ਕਿ ਬਹਿਰੀਨ ਵਿੱਚ ਖਿਚਾਅ ਬਹੁਤ ਵਧ ਗਿਆ ਹੈ | ਈਰਾਨ ਦੇ ਸੁਪਰੀਮ ਲੀਡਰ ਆਇਤੁੱਲ੍ਹਾ ਅਲੀ ਖਾਮਨੇਈ ਦੀ ਮੌਤ ਦੇ ਬਾਅਦ ਉੱਥੇ ਵੱਡੇ ਪੱਧਰ ‘ਤੇ ਪ੍ਰਦਰਸ਼ਨ ਹੋ ਰਹੇ ਹਨ | ਬਹਿਰੀਨ ਦੀ ਆਬਾਦੀ ਦਾ 55-60 ਫੀਸਦੀ ਸ਼ੀਆ ਮੁਸਲਮਾਨ ਹਨ, ਜਦਕਿ ਹਾਕਮ ਅਲ ਖਲੀਫਾ ਖਾਨਦਾਨ ਸੁੰਨੀ ਹੈ | 2011 ਵਿੱਚ ਵੀ ਬਹਿਰੀਨ ‘ਚ ਵੱਡੇ ਮੁਜ਼ਾਹਰੇ ਹੋਏ ਸਨ, ਜਿਨ੍ਹਾਂ ਨੂੰ ਸਾਊਦੀ ਫੌਜ ਦੀ ਮਦਦ ਨਾਲ ਦਬਾਇਆ ਗਿਆ ਸੀ | ਸੋਸ਼ਲ ਮੀਡੀਆ ਮੁਤਾਬਕ ਹੁਣ ਫਿਰ ਉਸੇ ਤਰ੍ਹਾਂ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ | ਸ਼ੀਆ ਭਾਈਚਾਰਾ ਖਾਮਨੇਈ ਨੂੰ ਆਪਣਾ ਧਾਰਮਿਕ ਆਗੂ ਮੰਨਦਾ ਸੀ, ਇਸ ਲਈ ਉਸ ਦੀ ਮੌਤ ‘ਤੇ ਗੁੱਸੇ ਵਿੱਚ ਹੈ | ਖਾਮਨੇਈ ਦੀ ਮੌਤ ਤੋਂ ਬਾਅਦ ਬਹਿਰੀਨ ਦੀਆਂ ਸੜਕਾਂ ‘ਤੇ ਹਜ਼ਾਰਾਂ ਲੋਕ ਨਿਕਲ ਆਏ ਸਨ | ਉਹ ਅਮਰੀਕਾ ਤੇ ਇਜ਼ਰਾਈਲ ਖਿਲਾਫ ਨਾਅਰੇ ਲਾ ਰਹੇ ਸਨ ਅਤੇ ਈਰਾਨ ਨਾਲ ਯਕਜ਼ਹਿਤੀ ਪ੍ਰਗਟਾ ਰਹੇ ਸਨ | ਕਈ ਥਾਈਾ ਉਨ੍ਹਾਂ ਦੀਆਂ ਪੁਲਸ ਤੇ ਸੁਰੱਖਿਆ ਬਲਾਂ ਨਾਲ ਜ਼ੋਰਦਾਰ ਝੜਪਾਂ ਵੀ ਹੋਈਆਂ | ਪੁਲਸ ਨੇ ਲਾਠੀਚਾਰਜ ਕੀਤਾ, ਹੰਝੂ ਗੈਸ ਦੇ ਗੋਲੇ ਛੱਡੇ ਅਤੇ ਕਈ ਲੋਕਾਂ ਨੂੰ ਗਿ੍ਫਤਾਰ ਵੀ ਕਰ ਲਿਆ |
ਕੁਝ ਸੋਸ਼ਲ ਮੀਡੀਆ ਪੋਸਟਾਂ ਵਿੱਚ ਕਿਹਾ ਗਿਆ ਹੈ ਕਿ ਖਾੜੀ ਸਹਿਯੋਗ ਪ੍ਰੀਸ਼ਦ (ਜੀ ਸੀ ਸੀ) ਨਾਲ ਜੁੜੀ ਪੈਨਿਨਸੁਲਾ ਸ਼ੀਲਡ ਫੋਰਸ ਦੀ ਯੂਨਿਟ ਸਾਊਦੀ ਅਰਬ ਤੋਂ ਬਹਿਰੀਨ ਵਿੱਚ ਦਾਖਲ ਹੋਈ ਹੈ | ਅਮਰੀਕੀ ਤੇ ਇਜ਼ਰਾਈਲੀ ਹਮਲੇ ਸ਼ੁਰੂ ਹੋਣ ਦੇ ਛੇਤੀ ਬਾਅਦ ਈਰਾਨ ਨੇ ਸਭ ਤੋਂ ਪਹਿਲਾਂ ਬਹਿਰੀਨ ਦੇ ਸ਼ੇਖ ਈਸਾ ਇਲਾਕੇ ਵਿੱਚ ਅਮਰੀਕੀ ਏਅਰ ਬੇਸ ‘ਤੇ ਹਮਲਾ ਕੀਤਾ ਸੀ | ਇਸ ਦੇ ਨਾਲ ਹੀ ਉਸ ਨੇ ਅਮਰੀਕਾ ਨੂੰ ਅੱਡੇ ਮੁਹੱਈਆ ਕਰਾਉਣ ਵਾਲੇ ਸਾਊਦੀ ਅਰਬ ਤੇ ਕਤਰ ਨੂੰ ਵੀ ਨਿਸ਼ਾਨਾ ਬਣਾਇਆ ਸੀ | ਬਹਿਰੀਨ ਹੀ ਨਹੀਂ, ਇਰਾਕ ਵਿਚਲੇ ਸ਼ੀਆ ਮੁਸਲਮਾਨ ਵੀ ਈਰਾਨ ਦੇ ਹੱਕ ਵਿੱਚ ਮੁਜ਼ਾਹਰੇ ਕਰ ਰਹੇ ਹਨ | ਇਹ ਮੁਜ਼ਾਹਰੇ ਹੀ ਈਰਾਨ ਨੂੰ ਦੁਸ਼ਮਣਾਂ ਨਾਲ ਲੜਨ ਲਈ ਆਕਸੀਜਨ ਮੁਹੱਈਆ ਕਰਾ ਰਹੇ ਹਨ |